ਚੰਡੀਗੜ੍ਹ, 19 ਜਨਵਰੀ (ਗੁਰਵਿੰਦਰ ਸਿੰਘ) ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਨੂੰ ਮੁਲਤਵੀ ਕਰਕੇ 6 ਫਰਵਰੀ ਨੂੰ ਕਰਵਾਏ ਜਾਣ ਦਾ ਮਾਮਲਾ ਪੰਜਾਬ ਅਤੇ ਹਰਿਆਣਾਂ ਹਾਈਕੋਰਟ ਵਿੱਚ ਪਹੁੰਚ ਗਿਆ ਹੈ। ਇਸ ਸੰੰਬੰਧੀ ਹਾਈਕੋਰਟ ਵਿੱਚ ਪਟੀਸ਼ਨ ਦਾਖਿਲ ਕਰਕੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ 6 ਫਰਵਰੀ ਨੂੰ ਕਰਵਾਉਣ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ। ਹਾਈਕੋਰਟ ਵਲੋਂ ਸ਼ਨੀਵਾਰ ਸਵੇਰੇ ਇਸ ਪਟੀਸ਼ਨ ਤੇ ਸੁਣਵਾਈ ਕੀਤੀ ਜਾਵੇਗੀ। ਇੱਥੇ ਜਿਕਰਯੋਗ ਹੈ ਕਿ ਬੀਤੇ ਕੱਲ (18 ਜਨਵਰੀ ਨੂੰ) ਹੋਣ ਵਾਲੀ ਚੰਡੀਗੜ੍ਹ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨੂੰ ਪ੍ਰਸ਼ਾਸ਼ਨ ਵਲੋਂ ਚੋਣਾਂ ਤੋਂ ਕੁਝ ਦੇਰ ਪਹਿਲਾਂ ਟਾਲ ਦਿੱਤਾ ਗਿਆ ਸੀ। ਇਸ ਸੰਬੰਧੀ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਸੀ ਚੋਣ ਅਧਿਕਾਰੀ ਅਨਿਲ ਮਸੀਹ ਦੀ ਤਬੀਅਤ ਖਰਾਬ ਹੋਣ ਕਾਰਨ ਇਹ ਚੋਣ ਮੁਲਤਵੀ ਕੀਤੀ ਜਾਂਦੀ ਹੈ। ਬਾਅਦ ਵਿੱਚ ਬੀਤੀ ਸ਼ਾਮ ਡਿਪਟੀ ਕਮਿਸ਼ਨਰ ਵਲੋਂ ਹੁਕਮ ਜਾਰੀ ਕਰਕੇ ਚੋਣਾਂ ਦੀ ਨਵੀਂ ਤਰੀਕ 6 ਫਰਵਰੀ ਐਲਾਨ ਦਿੱਤੀ ਗਈ ਸੀ। ਪ੍ਰਸ਼ਾਸ਼ਨ ਵਲੋਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਟਾਲੇ ਜਾਣ ਦ ਖਿਲਾਫ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਲੋਂ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਹਾਰ ਦੇ ਡਰ ਕਾਰਨ ਭਾਜਪਾ ਵਲੋਂ ਪ੍ਰਸ਼ਾਸ਼ਨ ਤੇ ਦਬਾਓ ਬਣਾ ਕੇ ਮੇਅਰ ਦੀ ਚੋਣ ਮੁਲਤਵੀ ਕਰਵਾਈ ਗਈ ਹੈ। ਇਸ ਦੌਰਾਨ ਨਗਰ ਨਿਗਮ ਵਿੱਚ ਦਾਖਿਲ ਹੋਣ ਦੀ ਕੋਸ਼ਿਸ਼ ਕਰਦੇ ਦੋਵਾਂ ਪਾਰਟੀਆਂ ਦੇ ਆਗੂਆਂ ਦੀ ਪੁਲੀਸ ਨਾਲ ਹੱਥੋਪਾਈ ਵੀ ਹੋਈ ਸੀ ਅਤੇ ਦੋਵਾਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਸੀ। ਇਸ ਚੋਣ ਵਾਸਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਗਠਜੋੜ ਕਰਕੇ ਭਾਜਪਾ ਦੀ ਘੇਰਾਬੰਦੀ ਕੀਤੀ ਗਈ ਹੈ। ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਅਤੇ ਭਾਜਪਾ ਉਮੀਦਵਾਰ ਮਨੋਜ ਸੋਨਕਰ ਦੇ ਵਿਚਾਲੇ ਮੇਅਰ ਦੇ ਅਹੁਦੇ ਦਾ ਮੁਕਾਬਲਾ ਹੋਣਾ ਸੀ। ਇਸ ਦੌਰਾਨ ਗਠਜੋੜ ਦੇ ਕੋਲ 20 ਵੋਟਾਂ ਹਨ ਜਦੋਂ ਕਿ ਭਾਜਪਾ ਦੇ ਕੋਲ 15 ਵੋਟਾਂ ਹਨ ਅਤੇ ਜੇਕਰ ਚੋਣ ਹੁੰਦੀ ਤਾਂ ਗਠਜੋੜ ਦਾ ਮੇਅਰ ਬਣਨਾ ਤੈਅ ਸੀ।
Chandigarh-Municipal-Corporation-Mayor-Election-Controversy
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)