ਮੋਨੈਕੋ ਹਾਈਡ੍ਰੋਜਨ ਫੋਰਮ ਦੇ ਦੂਜੇ ਐਡੀਸ਼ਨ ਮੌਕੇ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰੀ ਵੱਲੋਂ ਨਵਿਆਉਣਯੋਗ ਊਰਜਾ ਫਰਮਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਲ 2030 ਤੱਕ ਨਵਿਆਉਣਯੋਗ ਊਰਜਾ ਦੀ ਹਿੱਸੇਦਾਰੀ 43 ਫੀਸਦੀ ਤੱਕ ਵਧਾਉਣ ਦਾ ਟੀਚਾ ਮਿੱਥਿਆ ਹੈ। ਮੋਨੈਕੋ ਵਿਖੇ ਮੋਨੈਕੋ ਹਾਈਡ੍ਰੋਜਨ ਫੋਰਮ ਦੇ ਦੂਜੇ ਐਡੀਸ਼ਨ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ 15000 ਮੈਗਾਵਾਟ ਸਮਰੱਥਾ ਨਾਲ ਪੰਜਾਬ ਪਾਵਰ ਸਰਪਲੱਸ ਸੂਬਾ ਹੈ ਅਤੇ ਇਸ ਵਿੱਚੋਂ 20 ਫੀਸਦ (3000 ਮੈਗਾਵਾਟ) ਊਰਜਾ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਰਾਹੀਂ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਰਾਲੀ ਤੋਂ ਗਰੀਨ ਹਾਈਡ੍ਰੋਜਨ ਪੈਦਾ ਕਰਨ ਲਈ 5 ਟੀਪੀਡੀ ਦੀ ਸਮਰੱਥਾ ਵਾਲਾ ਟੈਕਨਾਲੋਜੀ ਡੈਮੋਂਸਟ੍ਰੇਸ਼ਨ ਪਾਇਲਟ ਪ੍ਰਾਜੈਕਟ ਸਥਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਗਰੀਨ ਊਰਜਾ ਦੇ ਉਤਪਾਦਨ ਵਿੱਚ ਦੇਸ਼ ਦੀ ਅਗਵਾਈ ਕਰਨ ਲਈ ਵਚਨਬੱਧ ਹੈ, ਜੋ ਵਾਤਾਵਰਣ ਦੀ ਸੁਰੱਖਿਆ ਦੇ ਨਾਲ ਨਾਲ ਊਰਜਾ ਸੁਰੱਖਿਆ ਨੂੰ ਵੀ ਯਕੀਨੀ ਬਣਾਏਗਾ। ਨਵਿਆਉਣਯੋਗ ਊਰਜਾ ਫਰਮਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਬਾਇਓਮਾਸ ਆਧਾਰਤ ਗਰੀਨ ਹਾਈਡ੍ਰੋਜਨ ਪ੍ਰਾਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ ਉਦਯੋਗਾਂ ਨੂੰ ਨਿਰਮਾਣ ਕਾਰਜਾਂ ਦੌਰਾਨ ਬਿਜਲੀ ਡਿਊਟੀ ਤੋਂ 100% ਛੋਟ, ਚੇਂਜ ਆਫ ਲੈਂਡ ਯੂਜ਼ (ਸੀ.ਐਲ.ਯੂ.) ਅਤੇ ਐਕਸਟਰਨਲ ਡਿਵੈਲਪਮੈਂਟ ਚਾਰਜਿਜ਼ (ਈ.ਡੀ.ਸੀ.) ਤੋਂ ਛੋਟ, ਜ਼ਮੀਨ ਦੀ ਰਜਿਸਟ੍ਰੇਸ਼ਨ ਲਈ ਸਟੈਂਪ ਡਿਊਟੀ ਤੋਂ 100% ਛੋਟ ਅਤੇ ਲੈਂਡ ਲੀਜ਼ ਲਈ ਸਟੈਂਪ ਡਿਊਟੀ ਤੋਂ 100% ਛੋਟ ਵਰਗੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਸੂਬਾ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਆਧਾਰਿਤ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਪ੍ਰਾਜੈਕਟਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਪਹਿਲਕਦਮੀਆਂ ਬਾਰੇ ਦੱਸਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਸੀ.ਬੀ.ਜੀ. ਦੇ 85 ਟਨ ਪ੍ਰਤੀ ਦਿਨ (ਟੀ.ਪੀ.ਡੀ.) ਦੀ ਕੁੱਲ ਸਮਰੱਥਾ ਵਾਲੇ ਚਾਰ ਪ੍ਰਾਜੈਕਟ ਕਾਰਜਸ਼ੀਲ ਹਨ, ਜੋ ਪੂਰੀ ਸਮਰੱਥਾ ਨਾਲ ਪ੍ਰਤੀ ਸਾਲ ਲਗਭਗ 0.28 ਮਿਲੀਅਨ ਟਨ ਝੋਨੇ ਦੀ ਪਰਾਲੀ ਦੀ ਖ਼ਪਤ ਕਰਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਅਗਲੇ 6 ਮਹੀਨਿਆਂ ਦੇ ਅੰਦਰ ਛੇ ਹੋਰ ਪ੍ਰਾਜੈਕਟਾਂ ਦੇ ਚਾਲੂ ਹੋਣ ਦੀ ਸੰਭਾਵਨਾ ਹੈ ਅਤੇ 28 ਹੋਰ ਸੀ.ਬੀ.ਜੀ. ਪ੍ਰਾਜੈਕਟ ਵੱਖ-ਵੱਖ ਪੜਾਵਾਂ ਅਧੀਨ ਹਨ। ਇਨ੍ਹਾਂ ਪ੍ਰਾਜੈਕਟਾਂ ਦੇ ਚਾਲੂ ਹੋਣ ਨਾਲ ਸਾਲਾਨਾ ਲਗਭਗ 1.6 ਮਿਲੀਅਨ ਟਨ ਝੋਨੇ ਦੀ ਪਰਾਲੀ ਦੀ ਖ਼ਪਤ ਹੋਵੇਗੀ। ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਦੋ ਪ੍ਰਮੁੱਖ ਕੌਮੀ ਪੱਧਰ ਦੇ ਜਨਤਕ ਅਦਾਰਿਆਂ (ਪੀ.ਐਸ.ਯੂਜ਼) ਗੈਸ ਅਥਾਰਟੀ ਆਫ਼ ਇੰਡੀਆ (ਗੇਲ) ਅਤੇ ਹਿੰਦੋਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਆਫ਼ ਇੰਡੀਆ (ਐਚ.ਪੀ.ਸੀ.ਐਲ.) ਨੇ ਵੀ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨਾਲ 20 ਸੀ.ਬੀ.ਜੀ. ਪਲਾਂਟ ਸਥਾਪਤ ਕਰਨ ਲਈ ਸਮਝੌਤੇ ਸਹੀਬੱਧ ਕੀਤੇ ਹਨ। ਇਹ 20 ਸੀ.ਬੀ.ਜੀ. ਪਲਾਂਟ 10-15 ਟੀ.ਪੀ.ਡੀ. ਸਮਰੱਥਾ ਵਾਲੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਨੂੰ ਪਹਿਲਾਂ ਹੀ ਕੁੱਲ 100 ਮੈਗਾਵਾਟ ਸਮਰੱਥਾ ਵਾਲੇ 11 ਬਾਇਓਮਾਸ ਅਧਾਰਤ ਪਾਵਰ ਪ੍ਰਾਜੈਕਟ ਅਲਾਟ ਕੀਤੇ ਗਏ ਹਨ ਜੋ ਕਾਰਜਸ਼ੀਲ ਹਨ ਅਤੇ ਹਰ ਸਾਲ ਲਗਭਗ 1.2 ਮਿਲੀਅਨ ਟਨ ਬਾਇਓਮਾਸ ਦੀ ਖ਼ਪਤ ਕਰਦੇ ਹਨ। ਕੈਬਨਿਟ ਮੰਤਰੀ ਦੱਸਿਆ ਕਿ ਪੰਜਾਬ ਮੁੱਖ ਤੌਰ ਤੇ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਵਿੱਚ ਬਾਇਓਮਾਸ ਅਧਾਰਤ ਈਂਧਣ ਦੀਆਂ ਅਥਾਹ ਸੰਭਾਵਨਾਵਾਂ ਹਨ ਕਿਉਂਕਿ ਇਥੇ ਹਰੇਕ ਸਾਲ ਲਗਭਗ 20 ਮਿਲੀਅਨ ਟਨ ਤੋਂ ਵੱਧ ਪਰਾਲੀ ਪੈਦਾ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਉਂਦਿਆਂ ਵਾਤਾਵਰਣ ਨੂੰ ਬਚਾਉਣ ਤੋਂ ਇਲਾਵਾ ਫ਼ਸਲੀ ਰਹਿੰਦ-ਖੂੰਹਦ ਦੀ ਵਰਤੋਂ ਬਾਲਣ/ਊਰਜਾ ਉਤਪਾਦਨ ਵਿੱਚ ਕਰਨ ਲਈ ਵਿਆਪਕ ਰਣਨੀਤੀ ਤਿਆਰ ਕੀਤੀ ਹੈ।
-Punjab-Aims-To-Increase-Share-Of-Renewable-Energy-Up-To-43-Per-Cent-Aman-Arora
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)