ਖਰੜ 'ਚ ਰੈਸਟੋਰੈਂਟ ‘ਤੇ ਐਕਸਾਈਜ਼ ਵਿਭਾਗ ਦੀ ਰੇਡ, 88 ਪੇਟੀਆਂ ਚੰਡੀਗੜ੍ਹ ਸੇਲ ਦੀ ਸ਼ਰਾਬ ਬਰਾਮਦ
Mar8,2026
| Gurvinder Singh | Kharar
ਪੰਜਾਬ ਐਕਸਾਈਜ਼ ਵਿਭਾਗ ਵੱਲੋਂ ਗੈਰਕਾਨੂੰਨੀ ਸ਼ਰਾਬ ਦੇ ਖ਼ਿਲਾਫ਼ ਚਲਾਏ ਜਾ ਰਹੇ ਅਭਿਆਨ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ। ਇਹ ਕਾਰਵਾਈ ਐਕਸਾਈਜ਼ ਕਮਿਸ਼ਨਰ ਪੰਜਾਬ ਜਤਿੰਦਰ ਜੋਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਸੀਐਕਸ ਪਟਿਆਲਾ ਜ਼ੋਨ ਖੁਸ਼ਦਿਲ ਸਿੰਘ ਦੀ ਰਹਿਨੁਮਾਈ ਹੇਠ ਕੀਤੀ ਗਈ।
ਆਬਕਾਰੀ ਵਿਭਾਗ ਦੇ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਟੀਮ ਨੇ ਰੋਪੜ ਰੇਂਜ ਦੇ ਅਸਿਸਟੈਂਟ ਕਮਿਸ਼ਨਰ ਅਸ਼ੋਕ ਚਲਹੋਤਰਾ ਦੀ ਦੇਖ-ਰੇਖ ਵਿੱਚ ਗੁਪਤ ਸੂਚਨਾ ਦੇ ਆਧਾਰ ‘ਤੇ ਫੂਡ ਵੇ 43 ਰੈਸਟੋਰੈਂਟ ਲਾਂਡਰਾ ਰੋਡ ਖਰੜ ਵਿੱਚ ਛਾਪੇਮਾਰੀ ਕੀਤੀ।
ਜਾਂਚ ਦੌਰਾਨ ਟੀਮ ਨੂੰ ਰੈਸਟੋਰੈਂਟ ਤੋਂ ਚੰਡੀਗੜ੍ਹ ਵਿੱਚ ਵਿਕਰੀ ਲਈ ਨਿਰਧਾਰਤ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਹੋਈ। ਬਰਾਮਦ ਸ਼ਰਾਬ ਵਿੱਚ ਵੱਖ-ਵੱਖ ਬ੍ਰਾਂਡਾਂ ਦੀਆਂ 41 ਪੇਟੀਆਂ ਇੰਗਲਿਸ਼ ਵਿਸਕੀ ਅਤੇ 47 ਪੇਟੀਆਂ ਬੀਅਰ ਸ਼ਾਮਲ ਹਨ।
ਛਾਪੇਮਾਰੀ ਦੌਰਾਨ ਰੈਸਟੋਰੈਂਟ ਦੇ ਮਾਲਕ ਦਵਿੰਦਰ ਕੁਮਾਰ ਅਰੋੜਾ ਪੁੱਤਰ ਸਤਨਾਮ ਸਿੰਘ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਰੈਸਟੋਰੈਂਟ ਪਿਛਲੇ ਕਰੀਬ ਇੱਕ ਮਹੀਨੇ ਤੋਂ ਬਿਨਾਂ ਕਿਸੇ ਵੈਧ ਲਾਇਸੈਂਸ ਦੇ ਗਾਹਕਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਸ਼ਰਾਬ ਵੇਚਣ ਅਤੇ ਪਰੋਸਣ ਦਾ ਕੰਮ ਕਰ ਰਿਹਾ ਸੀ।
ਜਦੋਂ ਅਧਿਕਾਰੀਆਂ ਨੇ ਸ਼ਰਾਬ ਰੱਖਣ ਸਬੰਧੀ ਪਾਸ ਜਾਂ ਪਰਮਿਟ ਦੀ ਮੰਗ ਕੀਤੀ ਤਾਂ ਦੋਸ਼ੀ ਕੋਈ ਵੀ ਵੈਧ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਇਸ ਤੋਂ ਬਾਅਦ ਦੋਸ਼ੀ ਦੇ ਖ਼ਿਲਾਫ਼ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 61 ਅਤੇ 68 ਤਹਿਤ ਥਾਣਾ ਖਰੜ ਸਿਟੀ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਗੈਰਕਾਨੂੰਨੀ ਸ਼ਰਾਬ ਦੇ ਕਾਰੋਬਾਰ ਦੇ ਖ਼ਿਲਾਫ਼ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Kharar-News