ਪੰਜਾਬ ਦੌਰੇ 'ਤੇ ਕੇਂਦਰੀ ਟੀਮਾਂ, ਹਾਲੇ ਰਾਹਤ ਦੀ ਕੋਈ ਉਮੀਦ ਨਹੀਂ, ਕਿਸਾਨਾਂ ਨੇ ਰੋਏ ਦੁਖੜੇ, ਕਦੋਂ ਵਿਕੇਗੀ ਸਾਡੀ ਫਸਲ.
Apr15,2026
| Ravinder Singh Dhillon | Khanna
ਕੇਂਦਰੀ ਟੀਮ ਨੇ ਲੁਧਿਆਣਾ ਜਿਲ੍ਹੇ ਦੀਆਂ ਕਈ ਅਨਾਜ ਮੰਡੀਆਂ ਦਾ ਦੌਰਾ ਕਰਕੇ ਕਣਕ ਦੇ ਸੈਂਪਲ ਭਰੇ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿੱਚ ਹਾਲ ਹੀ ਪਏ ਮੀਂਹ ਕਾਰਨ ਨੁਕਸਾਨੀ ਹੋਈ ਕਣਕ ਦੀ ਫਸਲ ਦਾ ਜਾਇਜ਼ਾ ਲੈਣ ਲਈ ਕੇਂਦਰੀ ਟੀਮ ਨੇ ਦੌਰਾ ਕੀਤਾ। ਡਾ. ਵਾਸਦੇਵ ਦੀ ਅਗਵਾਈ ਹੇਠ ਪਹੁੰਚੀ ਇਸ ਟੀਮ ਨੇ ਮੰਡੀ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਦੀਆਂ ਢੇਰੀਆਂ ਵਿੱਚੋਂ ਕਣਕ ਦੇ ਸੈਂਪਲ ਇਕੱਠੇ ਕੀਤੇ। ਇਹ ਸੈਂਪਲ ਲੈਬੋਰਟਰੀ ਭੇਜੇ ਜਾਣਗੇ, ਜਿੱਥੇ ਵਿਸਥਾਰਪੂਰਵਕ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਤਿਆਰ ਹੋਣ ਵਾਲੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪੀ ਜਾਵੇਗੀ, ਜਿਸ ਦੇ ਆਧਾਰ ‘ਤੇ ਅਗਲਾ ਫੈਸਲਾ ਲਿਆ ਜਾਵੇਗਾ।
ਮੌਸਮ ਤੇ ਮੀਂਹ ਕਾਰਨ ਖਰਾਬ ਹੋ ਰਹੀ ਫਸਲ ਅਤੇ ਖਰੀਦ ਵਿੱਚ ਆ ਰਹੀਆਂ ਰੁਕਾਵਟਾਂ ਨਾਲ ਪਰੇਸ਼ਾਨ ਕਿਸਾਨ ਹੁਣ ਸਰਕਾਰ ਵੱਲੋਂ ਕਿਸੇ ਢੰਗ ਦੇ ਹੱਲ ਦੀ ਉਡੀਕ ਕਰ ਰਹੇ ਹਨ। ਪਰ ਹਾਲੇ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਹੈ। ਖੰਨਾ ਮੰਡੀ ਦੌਰਾਨ ਕਿਸਾਨਾਂ ਨੇ ਕੇਂਦਰੀ ਟੀਮ ਅੱਗੇ ਆਪਣੇ ਦੁਖੜੇ ਵੀ ਰੋਏ।
ਇਸ ਮੌਕੇ ਏਐਫਐਸਓ ਹਰਭਜਨ ਸਿੰਘ ਨੇ ਦੱਸਿਆ ਕਿ ਕੇਂਦਰੀ ਟੀਮ ਨੂੰ ਜ਼ਮੀਨੀ ਹਾਲਾਤਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿਰਫ ਖੰਨਾ ਹੀ ਨਹੀਂ, ਸਗੋਂ ਪਟਿਆਲਾ ਤੋਂ ਲੈ ਕੇ ਬਠਿੰਡਾ ਤੱਕ ਅਤੇ ਪੂਰੇ ਮਾਲਵਾ ਖੇਤਰ ਵਿੱਚ ਮੀਂਹ ਕਾਰਨ ਫਸਲ ਨੂੰ ਵੱਡਾ ਨੁਕਸਾਨ ਹੋਇਆ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਟੀਮਾਂ ਭੇਜੀਆਂ ਗਈਆਂ ਹਨ, ਤਾਂ ਜੋ ਅਸਲੀ ਹਾਲਾਤਾਂ ਦਾ ਅੰਦਾਜ਼ਾ ਲਗਾਇਆ ਜਾ ਸਕੇ। ਉਮੀਦ ਹੈ ਕਿ ਛੇਤੀ ਕੋਈ ਰਾਹਤ ਮਿਲੇਗੀ।
ਦੂਜੇ ਪਾਸੇ ਮੰਡੀ ਵਿੱਚ ਮੌਜੂਦ ਕਿਸਾਨਾਂ ਨੇ ਕੇਂਦਰੀ ਟੀਮ ਅੱਗੇ ਆਪਣਾ ਦਰਦ ਵੀ ਰੱਖਿਆ। ਕਿਸਾਨਾਂ ਨੇ ਦੱਸਿਆ ਕਿ ਮੀਂਹ ਕਾਰਨ ਕਣਕ ਦੀ ਗੁਣਵੱਤਾ ਪ੍ਰਭਾਵਿਤ ਹੋ ਗਈ ਹੈ, ਜਿਸ ਕਾਰਨ ਖਰੀਦ ਏਜੰਸੀਆਂ ਵੱਲੋਂ ਮਾਪਦੰਡਾਂ ਦੇ ਨਾਂ ‘ਤੇ ਫਸਲ ਖਰੀਦਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸ ਸਥਿਤੀ ਨੇ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਬਹੁਤ ਪਿੱਛੇ ਧੱਕ ਦਿੱਤਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਾਲ ਭਰ ਮਿਹਨਤ ਕਰਕੇ ਫਸਲ ਤਿਆਰ ਕਰਦੇ ਹਨ, ਪਰ ਕੁਦਰਤੀ ਆਫਤਾਂ ਕਾਰਨ ਜਦੋਂ ਫਸਲ ਖਰਾਬ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਸਰਕਾਰੀ ਸਹਾਇਤਾ ਦੀ ਲੋੜ ਹੁੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਪਦੰਡਾਂ ਵਿੱਚ ਢਿੱਲ ਦੇ ਕੇ ਤੁਰੰਤ ਖਰੀਦ ਯਕੀਨੀ ਬਣਾਈ ਜਾਵੇ ਅਤੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਮੰਡੀ ਵਿੱਚ ਬਣੀ ਇਸ ਸਥਿਤੀ ਨੇ ਨਾ ਸਿਰਫ ਕਿਸਾਨਾਂ ਨੂੰ ਚਿੰਤਤ ਕੀਤਾ ਹੈ, ਸਗੋਂ ਖਰੀਦ ਪ੍ਰਕਿਰਿਆ ‘ਤੇ ਵੀ ਸਵਾਲ ਖੜੇ ਕਰ ਦਿੱਤੇ ਹਨ। ਹਾਲਾਂਕਿ ਕੇਂਦਰੀ ਟੀਮ ਦੇ ਦੌਰੇ ਤੋਂ ਬਾਅਦ ਇਹ ਉਮੀਦ ਜ਼ਰੂਰ ਜਗੀ ਹੈ ਕਿ ਸਰਕਾਰ ਕਿਸਾਨਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਵੇਗੀ ਅਤੇ ਜਲਦੀ ਹੀ ਕੋਈ ਸਕਾਰਾਤਮਕ ਫੈਸਲਾ ਸਾਹਮਣੇ ਆਵੇਗਾ।
Central-Team-Visited-Khanna-Grain-Market-