37 ਖੇਡਾਂ ਦੇ 9 ਵਰਗਾਂ ਵਿੱਚ ਖਿਡਾਰੀ ਲੈਣਗੇ ਹਿੱਸਾ, ਜੇਤੂਆਂ ਨੂੰ 9 ਕਰੋੜ ਰੁਪਏ ਦੇ ਦਿੱਤੇ ਜਾਣਗੇ ਇਨਾਮ
ਸੰਗਰੂਰ,28 ਅਗਸਤ (ਜਗਸੀਰ ਲੌਂਗੋਵਾਲ) -
ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਕੌਮੀ ਖੇਡ ਦਿਵਸ ਦੇ ਮੌਕੇ ਉੱਤੇ 29 ਅਗਸਤ ਨੂੰ ਪੰਜਾਬ ਦੀਆਂ ਖੇਡਾਂ ਦੇ ਮਹਾਂਕੁੰਭ 'ਖੇਡਾਂ ਵਤਨ ਪੰਜਾਬ ਦੀਆਂ' ਦੇ ਸੀਜ਼ਨ 3 ਦਾ ਆਗਾਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ। ਅੱਜ ਵਾਰ ਹੀਰੋਜ ਸਟੇਡੀਅਮ ਵਿਖੇ ਪ੍ਰਬੰਧਾਂ ਦੀ ਸਮੀਖਿਆ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੰਗਰੂਰ ਦੇ ਖੇਡ ਪ੍ਰੇਮੀਆਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ 29 ਅਗਸਤ ਨੂੰ ਉਹ ਇਸ ਸਮਾਗਮ ਦਾ ਆਨੰਦ ਮਾਨਣ ਦੇ ਲਈ ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਵਾਰ ਹੀਰੋਜ਼ ਸਟੇਡੀਅਮ ਵਿਖੇ ਪਹੁੰਚ ਜਾਣ ਕਿਉਂਕਿ ਬਾਅਦ ਵਿੱਚ ਆਵਾਜਾਈ, ਸੁਰੱਖਿਆ ਅਤੇ ਹੋਰ ਪ੍ਰਬੰਧਾਂ ਕਾਰਨ ਉੱਥੇ ਦਾਖਲਾ ਨਹੀਂ ਹੋ ਸਕੇਗਾ ਅਤੇ ਉਹ ਇਸ ਸ਼ਾਨਦਾਰ ਸਮਾਗਮ ਦੇ ਜਸ਼ਨਾਂ ਤੋਂ ਵਾਂਝੇ ਰਹਿ ਜਾਣਗੇ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਸਾਰੇ ਸੰਗਰੂਰ ਵਾਸੀਆਂ ਲਈ ਇਹ ਬੇਹਦ ਖੁਸ਼ੀ ਦੀ ਗੱਲ ਹੈ ਕਿ ਦੋ ਮਹੀਨੇ ਤੋਂ ਵੱਧ ਸਮੇਂ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਦਾ ਆਗਾਜ਼ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਤੋਂ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ 37 ਖੇਡਾਂ ਦੇ ਨੌਂ ਉਮਰ ਵਰਗਾਂ ਵਿੱਚ ਪੰਜ ਲੱਖ ਦੇ ਕਰੀਬ ਖਿਡਾਰੀ ਤਗ਼ਮਿਆਂ ਲਈ ਆਪਣੀ ਕਿਸਮਤ ਅਜਮਾਉਣਗੇ। ਉਨ੍ਹਾਂ ਦੱਸਿਆ ਕਿ ਇਸ ਖੇਡ ਮਹਾਂ ਕੁੰਭ ਦੇ ਜੇਤੂਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੇ ਨਕਦ ਇਨਾਮ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਪੈਰਾ ਖੇਡਾਂ ਵਿੱਚ ਅਥਲੈਟਿਕਸ, ਬੈਡਮਿੰਟਨ ਅਤੇ ਪਾਵਰ ਲਿਫਟਿੰਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਇਨ੍ਹਾਂ ਤਿੰਨਾਂ ਵਰਗਾਂ ਵਿੱਚ ਪੰਜਾਬ ਦੇ ਪੈਰਾ ਅਥਲੀਟ ਪੈਰਿਸ ਪੈਰਾਲੰਪਿਕਸ ਵਿੱਚ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਬਲਾਕ ਪੱਧਰੀ ਮੁਕਾਬਲੇ 1 ਤੋਂ 10 ਸਤੰਬਰ ਤੱਕ, ਜ਼ਿਲ੍ਹਾ ਪੱਧਰੀ ਮੁਕਾਬਲੇ 15-22 ਸਤੰਬਰ ਤੱਕ ਅਤੇ ਰਾਜ ਪੱਧਰੀ ਮੁਕਾਬਲੇ 11 ਅਕਤੂਬਰ ਤੋਂ 9 ਨਵੰਬਰ ਤੱਕ ਕਰਵਾਏ ਜਾਣਗੇ।
ਇਸ ਦੌਰਾਨ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲਾ ਸੰਗਰੂਰ ਪੁਲਿਸ ਨੇ ਇਸ ਸਮਾਰੋਹ ਦੌਰਾਨ ਸ਼ਾਮਿਲ ਹੋਣ ਵਾਲੇ ਵੱਡੀ ਗਿਣਤੀ ਪਤਵੰਤਿਆਂ ਅਤੇ ਆਮ ਲੋਕਾਂ ਲਈ ਆਵਾਜਾਈ ਦੇ ਸੁਖਾਵੇਂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਬਦਲਵੇਂ ਰੂਟ ਪਲਾਨ ਜਾਰੀ ਕੀਤੇ ਹਨ।
ਐਸਐਸਪੀ ਨੇ ਦੱਸਿਆ ਕਿ ਪਾਤੜਾਂ ਤੋਂ ਆਉਣ ਵਾਲੀ ਟਰੈਫਿਕ ਬਾਈਪਾਸ ਤੋਂ ਹੁੰਦੀ ਹੋਈ ਭਗਤ ਸਿੰਘ ਚੌਂਕ, ਬਰਨਾਲਾ ਕੈਂਚੀਆਂ ਦੇ ਰਾਹੀਂ ਧੂਰੀ ਰੋਡ ਲਈ ਰਵਾਨਾ ਹੋਵੇਗੀ ਜਦਕਿ ਪਟਿਆਲਾ ਤੋਂ ਆਉਣ ਵਾਲੀ ਟਰੈਫਿਕ ਲਈ ਪਾਤੜਾ ਰੋਡ ਅੰਡਰ ਬ੍ਰਿਜ ਤੋਂ ਭਗਤ ਸਿੰਘ ਚੌਂਕ ਵਾਇਆ ਬਰਨਾਲਾ ਕੈਂਚੀਆਂ ਤੋਂ ਧੂਰੀ ਰੋਡ ਨਿਰਧਾਰਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਧੂਰੀ ਤੋਂ ਆਉਣ ਵਾਲੀ ਟਰੈਫਿਕ ਬਰਨਾਲਾ ਕੈਂਚੀਆਂ ਤੋਂ ਹੁੰਦੇ ਹੋਏ ਭਗਤ ਸਿੰਘ ਚੌਂਕ ਰਾਹੀਂ ਪਾਤੜਾਂ ਰੋਡ ਵੱਲ ਜਾ ਸਕੇਗੀ । ਉਹਨਾਂ ਦੱਸਿਆ ਕਿ ਪੁਨੀਆ ਟਾਵਰ, ਹਰੀਪੁਰਾ ਰੋਡ, ਨਾਨਕਿਆਣਾ ਚੌਂਕ, ਯਾਦਵਿੰਦਰਾ ਹੋਟਲ, ਡਰੀਮਲੈਂਡ ਕਲੋਨੀ, ਫੁਹਾਰਾ ਚੌਂਕ, ਰਣਬੀਰ ਕਾਲਜ, ਭਗਤ ਸਿੰਘ ਚੌਂਕ ਤੱਕ ਕੋਈ ਵੀ ਭਾਰੀ ਵਾਹਨ ਨਹੀਂ ਜਾ ਸਕੇਗਾ ਅਤੇ ਪੁਲਿਸ ਵੱਲੋਂ ਇਸ ਨੂੰ 'ਨੋ ਹੈਵੀ ਟਰੈਫਿਕ ਜੋਨ' ਘੋਸ਼ਿਤ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਇਸ ਦੌਰਾਨ ਪੁੱਜਣ ਵਾਲੀਆਂ ਵੱਖ ਵੱਖ ਵੱਡੀ ਗਿਣਤੀ ਸ਼ਖਸ਼ੀਅਤਾਂ, ਖੇਡ ਪ੍ਰੇਮੀਆਂ, ਅਧਿਕਾਰੀਆਂ ਤੇ ਕਰਮਚਾਰੀਆਂ ਆਦਿ ਦੀ ਸੁਵਿਧਾ ਲਈ ਵੱਖ-ਵੱਖ ਤੌਰ 'ਤੇ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ ਜਿਸ ਲਈ ਸਰਕਾਰੀ ਰਣਬੀਰ ਕਾਲਜ ਦੇ ਗਰਾਊਂਡ ਅਤੇ ਸੋਹੀਆਂ ਰੋਡ ਨੂੰ ਪਾਰਕਿੰਗ ਜ਼ੋਨ ਨਿਰਧਾਰਿਤ ਕੀਤਾ ਗਿਆ ਹੈ।