ਜਾਰਜੀਆ ਹਾਦਸੇ ਚ ਮਰਨ ਵਾਲਿਆਂ ਦੇ ਪਰਿਵਾਰ ਨੂੰ ਟਰੱਸਟ ਵੱਲੋਂ 5 ਹਜ਼ਾਰ ਰੁਪਏ ਦੀ ਪੈਨਸ਼ਨ ਦਾ ਚੈੱਕ ਦਿੱਤਾ
Jan9,2025
| Jagsir Longowal | Sangrur
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀਆਂ ਸੇਵਾਵਾਂ ਸ਼ਲਾਘਾਯੋਗ-ਐੱਸਐੱਸਪੀ ਚਹਿਲ
ਸੰਗਰੂਰ, 9 ਜਨਵਰੀ (ਜਗਸੀਰ ਲੌਂਗੋਵਾਲ)
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਹੇਠ ਜਿਥੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਦਿੱਤੇ ਜਾਂਦੇ ਹਨ, ਉਥੇ ਪਿਛਲੇ ਦਿਨੀਂ ਜਾਰਜੀਆ ਵਿਖੇ ਅਚਾਨਕ ਇੱਕ ਹਾਦਸੇ ਦੌਰਾਨ ਸੁਨਾਮ ਦੇ ਕਾਕਾ ਰਵਿੰਦਰ ਸਿੰਘ ਅਤੇ ਉਸਦੀ ਪਤਨੀ ਗੁਰਵਿੰਦਰ ਕੌਰ ਵਾਸੀ ਸੁਨਾਮ ਦੀ ਅਚਾਨਕ ਮੌਤ ਹੋ ਜਾਣ ਤੇ ਡਾਕਟਰ ਐੱਸ ਪੀ ਸਿੰਘ ਉਬਰਾਏ ਵੱਲੋਂ ਪਰਿਵਾਰ ਦੀ ਮਦਦ ਲਈ ਸਵਰਗੀ ਰਵਿੰਦਰ ਸਿੰਘ ਦੇ ਪਿਤਾ ਅਮਰੀਕ ਸਿੰਘ ਸੁਨਾਮ ਨੂੰ ਲਗਾਈ ਗਈ ਮਹੀਨਾਵਾਰ ਪੈਨਸ਼ਨ ਦਾ ਪੰਜ ਹਜ਼ਾਰ ਰੁਪਏ ਦਾ ਚੈੱਕ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਹਿਲ ਰਾਹੀਂ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਸੁਖਮਿੰਦਰ ਸਿੰਘ ਹਰਮਨ, ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਦਮਦਮੀ, ਮੈਂਬਰ ਹਰਮੇਲ ਸਿੰਘ ਹੇਅਰ, ਰੀਡਰ ਅਸਲਮ ਖਾਨ, ਜੱਸੀ ਹਰਮਨ ਅਤੇ ਹੋਰ ਸ਼ਖਸ਼ੀਅਤਾਂ ਮੌਜੂਦ ਸਨ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਸਰਤਾਜ ਸਿੰਘ ਚਹਿਲ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸਪੀ ਸਿੰਘ ਓਬਰਾਏ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਖੂਬ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਟਰੱਸਟ ਵੱਲੋਂ ਸ਼ਹੀਦ ਕਿਸਾਨਾਂ ਅਤੇ ਮਜਦੂਰਾਂ ਦੇ ਪਰਿਵਾਰਾਂ ਨੂੰ ਪੈਨਸ਼ਨਾਂ ਤੇ ਉਹਨਾਂ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਦੇਣ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਓਨੀ ਹੀ ਘੱਟ ਹੈ। ਇਸ ਮੌਕੇ ਜਾਰਜੀਆ ਵਿਖੇ ਹਾਦਸੇ ਦੌਰਾਨ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਵੱਲੋਂ ਜਿੱਥੇ ਡਾਕਟਰ ਐੱਸ ਪੀ ਸਿੰਘ ਉਬਰਾਏ ਦਾ ਉਹਨਾਂ ਦੀ ਸਾਰੀ ਉਮਰ ਲਈ ਇਹ ਪੈਨਸ਼ਨ ਲਾਉਣ ਤੇ ਧੰਨਵਾਦ ਕੀਤਾ ਗਿਆ, ਉੱਥੇ ਉਹਨਾਂ ਉਬਰਾਏ ਸਾਹਿਬ ਦੀ ਲੰਬੀ ਉਮਰ ਦੀ ਕਾਮਨਾ ਵੀ ਕੀਤੀ। ਇਸ ਮੌਕੇ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਦਮਦਮੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਟਰੱਸਟ ਵੱਲੋਂ ਜ਼ਿਲ੍ਹਾ ਸੰਗਰੂਰ ਦੇ 150 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਵੱਖ ਵੱਖ ਸਟੇਟਾਂ ਦੇ ਜਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੋਕਾਂ ਲਈ ਜਿੱਥੇ ਮੈਡੀਕਲ ਸਹੂਲਤਾਂ ਲਈ ਲੈਬੋਰਟਰੀਆਂ ਖੋਲੀਆਂ ਗਈਆਂ ਹਨ, ਉਥੇ ਡੈਲਸਿਸ ਮਸ਼ੀਨਾਂ ਲਗਾਈਆਂ ਗਈਆਂ ਹਨ ਅਤੇ ਵੱਖ ਵੱਖ ਕਾਲਜਾਂ ਵਿੱਚ ਲੋੜਵੰਦ ਅਤੇ ਹੁਸ਼ਿਆਰ ਬੱਚਿਆਂ ਦੀਆਂ ਲੱਖਾਂ ਦੀ ਤਾਦਾਦ ਵਿਚ ਫੀਸਾਂ ਭਰੀਆਂ ਜਾ ਰਹੀਆਂ ਹਨ। ਇਸੇ ਤਰਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿਲਾਈ ਸੈਂਟਰ ਅਤੇ ਕੰਪਿਊਟਰ ਸੈਂਟਰ ਖੋਲੇ ਗਏ ਹਨ,ਜਿੱਥੇ ਅਨੇਕਾਂ ਹੀ ਲੜਕੇ ਤੇ ਲੜਕੀਆਂ ਇਹਨਾਂ ਸੈਂਟਰਾਂ ਤੋਂ ਸਿਖਲਾਈ ਲੈ ਕੇ ਆਪਣੇ ਰੁਜ਼ਗਾਰ ਦੇ ਕਾਬਲ ਹੋ ਰਹੇ ਹਨ।
Powered by Froala Editor
Sarbat-Da-Bhalla-Trust-Dr-Sp-Obroi-Gave-Financial-Aid-To-Georgia-Accident-Victim-Family-