*ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਓਲੰਪਿਕਸ ਤਮਗ਼ਾ ਜੇਤੂ ਪੀ.ਸੀ.ਐਸ. ਅਫਸਰ ਹਾਕੀ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ*
Aug19,2024
| Gautam Jalandhari | Chandigarh/ludhiana
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਖੇਡਾਂ ਤੇ ਖਿਡਾਰੀਆਂ ਨੂੰ ਦੇ ਰਹੀ ਹੈ ਵਿਸ਼ੇਸ਼ ਤਵੱਜੋਂ: ਅਨੁਰਾਗ ਵਰਮਾ*
*ਸੂਬੇ ਵਿੱਚ ਹਾਕੀ ਖੇਡ ਨੂੰ ਹੋਰ ਪ੍ਰਫੁੱਲਤ ਕਰਨ ਲਈ ਕੀਤੀਆਂ ਵਿਚਾਰਾਂ*
ਪੈਰਿਸ ਓਲੰਪਿਕਸ ’ਚ ਹਾਕੀ ਵਿੱਚ ਕਾਂਸੀ ਤਮਗ਼ਾ ਜੇਤੂ ਪੰਜਾਬ ਦੇ ਦੋ ਪੀ.ਸੀ.ਐਸ. ਅਫਸਰਾਂ ਹਾਰਦਿਕ ਸਿੰਘ ਤੇ ਗੁਰਜੰਟ ਸਿੰਘ ਵੱਲੋਂ ਅੱਜ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਟੋਕੀਓ ਓਲੰਪਿਕ ਖੇਡਾਂ ਦੇ ਕਾਂਸੀ ਤਮਗ਼ਾ ਜੇਤੂ ਪੰਜਾਬ ਦੇ ਦੋ ਪੀ.ਸੀ.ਐਸ. ਅਫਸਰ ਰੁਪਿੰਦਰ ਪਾਲ ਸਿੰਘ ਤੇ ਸਿਮਰਨਜੀਤ ਸਿੰਘ ਵੀ ਹਾਜ਼ਰ ਸਨ।
ਮੁੱਖ ਸਕੱਤਰ ਸ੍ਰੀ ਵਰਮਾ ਨੇ ਹਾਕੀ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਮੁੱਚੇ ਦੇਸ਼ ਨੂੰ ਉਨ੍ਹਾਂ ਉਤੇ ਮਾਣ ਹੈ ਜਿਨ੍ਹਾਂ 52 ਸਾਲਾਂ ਬਾਅਦ ਓਲੰਪਿਕ ਖੇਡਾਂ ਵਿੱਚ ਹਾਕੀ ਖੇਡ ਵਿੱਚ ਲਗਾਤਾਰ ਦੋ ਵਾਰੀ ਤਮਗ਼ਾ ਜਿੱਤਿਆ। ਉਨ੍ਹਾਂ ਕਿਹਾ ਕਿ ਪੰਜਾਬ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ 19 ਮੈਂਬਰੀ ਟੀਮ ਵਿੱਚ ਕਪਤਾਨ ਤੇ ਵਾਈਸ ਕਪਤਾਨ ਸਮੇਤ 10 ਖਿਡਾਰੀ ਪੰਜਾਬ ਦੇ ਸਨ।
ਸ੍ਰੀ ਵਰਮਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਖੇਡਾਂ ਤੇ ਖਿਡਾਰੀਆਂ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਓਲੰਪਿਕ ਖੇਡਾਂ ਦੀ ਤਿਆਰੀ ਲਈ ਸੂਬਾ ਸਰਕਾਰ ਵੱਲੋਂ ਪ੍ਰਤੀ ਖਿਡਾਰੀ 15 ਲੱਖ ਰੁਪਏ ਦਿੱਤੇ ਗਏ ਅਤੇ ਬੀਤੇ ਦਿਨੀਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਕਾਂਸੀ ਦਾ ਤਮਗ਼ਾ ਜੇਤੂ 8 ਖਿਡਾਰੀਆਂ ਨੂੰ ਇਕ-ਇਕ ਕਰੋੜ ਰੁਪਏ ਪ੍ਰਤੀ ਖਿਡਾਰੀ ਦਿੱਤੇ ਗਏ ਅਤੇ ਹਿੱਸਾ ਲੈਣ ਵਾਲੇ 11 ਖਿਡਾਰੀਆਂ ਨੂੰ 15-15 ਲੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ ਗਏ।
ਦੋਵੇਂ ਹਾਕੀ ਖਿਡਾਰੀਆਂ ਨੇ ਮੁੱਖ ਸਕੱਤਰ ਨਾਲ ਪੈਰਿਸ ਓਲੰਪਿਕਸ ਦੇ ਤਜ਼ਰਬੇ ਸਾਂਝੇ ਕੀਤੇ। ਮੁੱਖ ਸਕੱਤਰ ਸ੍ਰੀ ਵਰਮਾ ਨੇ ਕਿਹਾ ਕਿ ਪੂਰੀ ਓਲੰਪਿਕਸ ਦੌਰਾਨ ਹਾਕੀ ਵਿੱਚ ਭਾਰਤ ਨੇ ਟੀਮ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਬਰਤਾਨੀਆ ਖਿਲਾਫ਼ ਕੁਆਰਟਰ ਫ਼ਾਈਨਲ ਵਿੱਚ 10 ਖਿਡਾਰੀਆਂ ਨਾਲ ਖੇਡਦਿਆਂ ਜਿੱਤ ਹਾਸਲ ਕਰਕੇ ਮਿਸਾਲ ਕਾਇਮ ਕੀਤੀ। ਇਸ ਮੌਕੇ ਗੱਲਬਾਤ ਦੌਰਾਨ ਉਨ੍ਹਾਂ ਖਿਡਾਰੀਆਂ ਨਾਲ ਸੂਬੇ ਵਿੱਚ ਹਾਕੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਵਿਚਾਰਾਂ ਵੀ ਕੀਤੀਆਂ।
Powered by Froala Editor
Punjab-Chief-Secretary-Anurag-Verma-Congratulates-Paris-Olympics-Medalist-Pcs-Officer-Hockey-Players