• ਸ਼ਹੀਦਾਂ ਦੀਆਂ ਕੁਰਬਾਨੀਆਂ ਸਾਡੀ ਰੂਹ ਵਿੱਚ ਵਸਦੀਆਂ ਨੇ, ਉਨ੍ਹਾਂ ਦਾ ਰੀਣ ਕਦੇ ਉਤਾਰਿਆ ਨਹੀਂ ਜਾ ਸਕਦਾ -ਗਗਨ ਅਜੀਤ ਸਿੰਘ
• ਪੁਲਿਸ ਸ਼ਹੀਦੀ ਯਾਦਗਾਰ ਦਿਵਸ ਮੌਕੇ ਮਾਲੇਰਕੋਟਲਾ ਪੁਲਿਸ ਵੱਲੋਂ ਸ਼ਹੀਦਾਂ ਨੂੰ ਨਮਨ
ਪੁਲਿਸ ਸ਼ਹੀਦੀ ਯਾਦਗਾਰ ਦਿਵਸ ਦੇ ਮੌਕੇ ਮਾਲੇਰਕੋਟਲਾ ਪੁਲਿਸ ਵੱਲੋਂ ਸਥਾਨਕ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਵਿਖੇ ਸਥਾਪਿਤ ਸ਼ਹੀਦੀ ਸਮਾਰਕ 'ਤੇ ਉਹਨਾਂ ਸ਼ੂਰਵੀਰ ਪੁਲਿਸ ਅਤੇ ਅਰਧ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਭਾਵਪੂਰਨ ਸ਼ਰਧਾਂਜਲੀ ਭੇਂਟ ਕੀਤੀ ਗਈ ਜਿਨ੍ਹਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਅਮਨ ਲਈ ਆਪਣਾ ਸਭ ਕੁਝ ਨਿਓਛਾਵਰ ਕਰ ਦਿੱਤਾ। ਇਸ ਮੌਕੇ ਸਿਵਲ ਜੱਜ ਜੂਨੀਅਰ ਡਵੀਜਨ ਵਿਸ਼ਵ ਗੁਪਤਾ, ਸਹਾਇਕ ਕਮਿਸ਼ਨਰ ਕਮ ਐਸ.ਡੀ.ਐਮ. ਅਮਰਗੜ੍ਹ ਰਾਕੇਸ਼ ਗਰਗ,ਐਸ.ਪੀ (ਐਚ) ਗੁਰਸ਼ਰਨਜੀਤ ਸਿੰਘ, ਐਸ.ਪੀ (ਡੀ) ਸਤਪਾਲ ਸ਼ਰਮਾਂ, ਐਸ.ਪੀ ਰਾਜਵਿੰਦਰ ਸਿੰਘ, ਡੀ.ਐਸ.ਪੀ ਮਾਲੇਰਕੋਟਲਾ ਮਾਨਵਜੀਤ ਸਿੰਘ ਸਿੱਧੂ, ਡੀ.ਐਸ.ਪੀ ਅਹਿਮਦਗੜ੍ਹ ਸੁਖਦੇਵ ਸਿੰਘ, ਡੀ.ਐਸ.ਪੀ ਅਮਰਗੜ੍ਹ ਸੰਜੀਵ ਕਪੂਰ, ਡੀ.ਐਸ.ਪੀ (ਐਚ) ਆਤੀਸ਼ ਭਾਟੀਆ, ਡੀ.ਐਸ.ਪੀ (ਡੀ) ਸਤੀਸ਼ ਕੁਮਾਰ, ਡੀ.ਐਸ.ਪੀ ਸਪੈਸ਼ਲ ਬ੍ਰਾਂਚ ਰਣਜੀਤ ਸਿੰਘ, ਡੀ.ਐਸ.ਪੀ ਯਾਦਵਿੰਦਰ ਸਿੰਘ ਸਮੇਤ ਸਮੂਹ ਐੱਸ.ਐੱਚ.ਓਜ ਅਤੇ ਇੰਨਚਾਰਜਾਂ ਅਤੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਸਮੇਤ ਰਿਟਾਇਰਡ ਪੁਲਿਸ ਅਧਿਕਾਰੀ ਵੀ ਮੌਜੂਦ ਸਨ ।
ਐਸ.ਐਸ.ਪੀ. ਗਗਨ ਅਜੀਤ ਸਿੰਘ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਨੂੰ ਹਿੰਮਤ, ਸੇਵਾ ਤੇ ਸਮਰਪਣ ਦਾ ਪਾਠ ਪੜ੍ਹਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਦਹਾਕਿਆਂ ਤੱਕ ਦਹਿਸ਼ਤਗਰਦੀ ਦਾ ਸਾਹਮਣਾ ਕਰਦਿਆਂ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ । ਇਹ ਕੁਰਬਾਨੀਆਂ ਸਾਡੀ ਰੂਹ ਅਤੇ ਅਸਲੀਅਤ ਦਾ ਹਿੱਸਾ ਹਨ। ਉਨ੍ਹਾਂ ਕਿਹਾ, “ਸ਼ਹੀਦਾਂ ਦੀ ਯਾਦ ਸਾਨੂੰ ਹਰ ਸਮੇਂ ਇਹ ਪ੍ਰੇਰਣਾ ਦਿੰਦੀ ਹੈ ਕਿ ਅਸੀਂ ਸਾਡੇ ਦੇਸ਼ ਦੀ ਆਨ, ਬਾਨ ਤੇ ਸ਼ਾਨ ਲਈ ਹਰ ਸਮੇਂ ਤਿਆਰ ਰਹੀਏ। ਉਹਨਾਂ ਦੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਸਾਰੇ ਮਿਲ ਕੇ ਦੇਸ਼ ਵਿਰੋਧੀ ਅਤੇ ਗ਼ੈਰਸਮਾਜਿਕ ਤਾਕਤਾਂ ਦੇ ਮਨਸੂਬੇ ਅਸਫਲ ਕਰੀਏ।”
ਉਨ੍ਹਾਂ ਕਿਹਾ ਕਿ ਸ਼ਹੀਦ ਸਾਡੇ ਸਮਾਜ ਦੇ ਪ੍ਰੇਰਨਾਂ ਤੇ ਦਿਸ਼ਾ ਪ੍ਰਦਾਨ ਕਰਦੇ ਹਨ ਉਹਨਾਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਐਸ.ਐਸ.ਪੀ. ਵੱਲੋਂ ਜ਼ਿਲ੍ਹੇ ਦੇ 10 ਸ਼ਹੀਦ ਪੁਲਿਸ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਸੁਣਦਿਆਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆ। ਸਮਾਗਮ ਦੌਰਾਨ ਐਸ.ਪੀ. ਹੈੱਡਕੁਆਟਰ ਗੁਰਸ਼ਰਨਜੀਤ ਸਿੰਘ ਵੱਲੋਂ ਸੰਨ 1959 ਵਿੱਚ ਲਦਾਖ ਵਿੱਚ ਚੀਨ ਫੋਜ ਵੱਲੋ ਐਬੂਸ਼ ਲਗਾ ਕੇ ਬਿਨਾਂ ਦੱਸੇ ਹਮਲਾ ਕਰਕੇ ਸ਼ਹੀਦ ਹੋਏ ਸੈਨਿਕਾਂ ਅਤੇ ਦੇਸ਼ ਭਰ ਦੇ ਸ਼ਹੀਦ ਹੋਏ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਸ਼ੂਰਵੀਰਾਂ ਦੇ ਨਾਮ ਪੜ੍ਹ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਸਮਾਰੋਹ ਦੀ ਸ਼ੁਰੂਆਤ ਡੀ.ਐਸ.ਪੀ. ਹੈੱਡਕੁਆਟਰ ਆਤਿਸ਼ ਭਾਟਿਆਂ ਦੀ ਅਗਵਾਈ ਹੇਠ ਟੁਕੜੀ ਵੱਲੋਂ ਸਲਾਮੀ ਨਾਲ ਹੋਈ। ਇਸ ਉਪਰੰਤ ਟੁਕੜੀ ਵੱਲੋਂ ਹਥਿਆਰ ਪੁੱਠੇ ਕਰਕੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਸਮਾਗਮ ਦੇ ਅੰਤ ਵਿੱਚ ਸ਼ਹੀਦਾਂ ਦੀਆਂ ਤਸਵੀਰਾਂ ਅੱਗੇ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਅਤੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੇ ਫੁੱਲਾਂ ਦੀਆਂ ਰੀਥਾਂ ਰੱਖ ਕੇ ਉਨ੍ਹਾਂ ਦੀਆਂ ਅਮਰ ਕੁਰਬਾਨੀਆਂ ਨੂੰ ਸਲਾਮ ਕੀਤਾ।