• ਸਿੱਖਿਆ ਮੰਤਰੀ ਵੱਲੋਂ ਭਾਖੜਾ ਨਹਿਰ ’ਤੇ ਪੰਜ ਪੁਲ ਬਣਾਉਣ ਦਾ ਐਲਾਨ •ਸਵਾਂ ਨਦੀ ’ਤੇ ਐਲਗਰਾਂ ਪੁਲ ਦੀ ਮੁਰੰਮਤ ਲਈ 17.56 ਕਰੋੜ ਰੁਪਏ ਦਾ ਟੈਂਡਰ ਜਾਰੀ ਚੰਡੀਗੜ੍ਹ, 17 ਅਪ੍ਰੈਲ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਸ. ਹਰਜੋਤ ਸਿੰਘ ਬੈਂਸ ਨੇ ਆਪਣੇ ਹਲਕੇ ਲਈ 87.75 ਕਰੋੜ ਰੁਪਏ ਤੋਂ ਵੱਧ ਦੇ ਪੁਲਾਂ ਦੀ ਉਸਾਰੀ ਅਤੇ ਢਾਂਚਾਗਤ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਦਾ ਉਦੇਸ਼ ਪੇਂਡੂ ਵਿਕਾਸ ਨੂੰ ਹੁਲਾਰਾ ਦੇਣਾ ਅਤੇ ਮੌਨਸੂਨ ਸੀਜ਼ਨ ਦੌਰਾਨ ਸੜਕੀ ਸੰਪਰਕ ਨੂੰ ਬਿਹਤਰ ਬਣਾਉਣਾ ਹੈ। ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ,‘‘ਇਲਾਕੇ ਦੀ ਨੁਹਾਰ ਬਦਲਣ ਵਾਲੇ ਇਹ ਮਹੱਤਵਪੂਰਨ ਪ੍ਰੋਜੈਕਟ ਜਿੱਥੇ ਖੇਤਰ ਵਿੱਚ ਆਵਾਜਾਈ ਨੈੱਟਵਰਕ ਵਿੱਚ ਕ੍ਰਾਂਤੀ ਲਿਆਉਣਗੇ, ਉੱਥੇ ਹੀ ਸੈਂਕੜੇ ਪਿੰਡਾਂ ਨੂੰ ਜੋੜਨ ਦੇ ਨਾਲ-ਨਾਲ ਹਜ਼ਾਰਾਂ ਵਸਨੀਕਾਂ ਲਈ ਆਰਥਿਕ ਮੌਕਿਆਂ ਵਿੱਚ ਵੀ ਵਾਧਾ ਕਰਨਗੇ।’’ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਵਚਨਬੱਧ ਹੈ ਅਤੇ ਨਾਲ ਹੀ ਸੂਬੇ ਦੇ ਪਵਿੱਤਰ ਅਸਥਾਨਾਂ ਲਈ ਧਾਰਮਿਕ ਸੈਰ-ਸਪਾਟੇ ਦਾ ਵੀ ਸਮਰਥਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਕਾਸ ਪ੍ਰੋਜੈਕਟਾਂ ਵਿੱਚ 34.06 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਪੁਲ ਸ਼ਾਮਲ ਹਨ। 450 ਮੀਟਰ ਲੰਬਾ ਪਹਿਲਾ ਪੁਲ, ਕਲਿੱਤਰਾਂ ਨੂੰ ਬੇਲਾ ਧਿਆਨੀ/ਬੇਲਾ ਰਾਮਗੜ੍ਹ ਨਾਲ ਜੋੜੇਗਾ, ਜਦੋਂ ਕਿ ਦੂਜਾ ਪੁਲ ,ਜੋ 300-ਮੀਟਰ ਲੰਮਾ ਹੈ, ਬੇਲਾ ਧਿਆਨੀ/ਬੇਲਾ ਰਾਮਗੜ੍ਹ ਨੂੰ ਪਲਾਸੀ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦਾ ਕਲਿੱਤਰਾਂ, ਅਜੌਲੀ, ਬ੍ਰਹਮਪੁਰ, ਦੜੋਲੀ , ਭਨੂੰਪਲੀ, ਦੌਨਾਲ, ਨੰਗਲੀ ਅਤੇ ਆਲੇ-ਦੁਆਲੇ ਦੇ ਲਗਭਗ 100-150 ਪਿੰਡਾਂ ਨੂੰ ਲਾਭ ਹੋਵੇਗਾ। ਇਸ ਤੋਂ ਇਲਾਵਾ, ਇਹ ਪੁਲ ਹੋਲਾ ਮੁਹੱਲਾ ਦੌਰਾਨ ਇੱਕ ਮਹੱਤਵਪੂਰਨ ਬਾਈਪਾਸ ਵਜੋਂ ਕੰਮ ਕਰਨਗੇ ਅਤੇ ਮਾਨਸੂਨ ਸੀਜ਼ਨ ਦੌਰਾਨ ਨਿਰਵਿਘਨ ਆਵਾਜਾਈ ਦੇ ਪ੍ਰਵਾਹ ਨੂੰ ਵੀ ਯਕੀਨੀ ਬਣਾਉਣਗੇ। ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਲਈ ਟੈਂਡਰ 30 ਅਪ੍ਰੈਲ, 2025 ਨੂੰ ਖੁੱਲ੍ਹਣਗੇ ਅਤੇ 29 ਅਪ੍ਰੈਲ, 2025 ਨੂੰ ਸ਼ਾਮ 5:00 ਵਜੇ ਤੱਕ ਅਰਜ਼ੀਆਂ ਲਈਆਂ ਜਾਣਗੀਆਂ। ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਦੂਜਾ ਮਹੱਤਵਪੂਰਨ ਪ੍ਰੋਜੈਕਟ, ਭੱਲੜੀ ਤੋਂ ਮਹਿੰਦਪੁਰ-ਖੇੜਾ ਕਲਮੋਟ ਵਿਖੇ 36.15 ਕਰੋੜ ਰੁਪਏ ਦੀ ਲਾਗਤ ਵਾਲਾ ਇੱਕ ਨਵਾਂ 500-ਮੀਟਰ ਲੰਬਾ ਪੁਲ ਹੈ। ਇਸ ਢਾਂਚੇ ਵਿੱਚ ਚੌੜੇ ਰਸਤੇ ਅਤੇ ਸੰਪਰਕ ਸੜਕਾਂ (18 ਫੁੱਟ ਚੌੜੀਆਂ) ਸ਼ਾਮਲ ਹਨ, ਜਿਸ ਨਾਲ ਭੱਲੜੀ, ਭਲਾਣ, ਪਲਾਸੀ, ਪੱਸੀਵਾਲ, ਭਨਾਮ, ਨਾਨਗਰਾਂ , ਮੋਜੋਵਾਲ, ਗੋਲਣੀ, ਮਹਿਲਵਾ, ਮਹਿੰਦਪੁਲ, ਛੋਟੇਵਾਲ, ਹਾਜੀਪੁਰ ਅਤੇ ਸੁਖਸਾਲ ਸਮੇਤ 150-200 ਪਿੰਡਾਂ ਦੇ ਵਸਨੀਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਪੁਲ ਰੋਪੜ ਜ਼ਿਲ੍ਹੇ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ੍ਰੀ ਖੁਰਾਲਗੜ੍ਹ ਸਾਹਿਬ, ਜੋ ਸ੍ਰੀ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਮੀਨਾਰ-ਏ-ਬੇਗਮਪੁਰਾ ਵਜੋਂ ਜਾਣਿਆ ਜਾਂਦਾ ਹੈ, ਵਿਚਕਾਰ ਇੱਕ ਮਹੱਤਵਪੂਰਨ ਸੰਪਰਕ ਬਣਾਏਗਾ ਅਤੇ ਨਾਲ ਹੀ ਹਿਮਾਚਲ ਪ੍ਰਦੇਸ਼ ਤੱਕ ਪਹੁੰਚ ਨੂੰ ਵੀ ਆਸਾਨ ਬਣਾਏਗਾ। ਇਸ ਪ੍ਰੋਜੈਕਟ ਲਈ ਦੁਬਾਰਾ ਟੈਂਡਰ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋ ਜਾਵੇਗੀ। ਸਿੱਖਿਆ ਮੰਤਰੀ ਨੇ ਇਹ ਵੀ ਖੁਲਾਸਾ ਕੀਤਾ ਕਿ ਤੀਜੇ ਪ੍ਰਾਜੈਕਟ ਵਿੱਚ 17.56 ਕਰੋੜ ਰੁਪਏ ਦੀ ਲਾਗਤ ਨਾਲ ਸਵਾਂ ਨਦੀ ਉੱਤੇ ਕਲਵਾਂ-ਐਲਗਰਾਂ-ਨੰਗਲ ਪੁਲ ਦੀ ਵਿਆਪਕ ਮੁਰੰਮਤ ਸ਼ਾਮਲ ਹੈ। ਇਸ ਦੌਰਾਨ, ਉਨ੍ਹਾਂ ਇਹ ਵੀ ਦੱਸਿਆ ਕਿ ਬ੍ਰਹਮਪੁਰ, ਦੜੋਲੀ, ਭਾਓਵਾਲ, ਅਟਾਰੀ ਅਤੇ ਸਰਸਾ ਨੱਗਲ ਵਿਖੇ ਭਾਖੜਾ ਨਹਿਰ ’ਤੇ ਪੰਜ ਪੁਲ ਬਣਾਏ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਬੁਨਿਆਦੀ ਢਾਂਚਾ ਪ੍ਰਾਜੈਕਟ ਸਾਲ ਭਰ, ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰਨ ਲਈ ਤਿਆਰ ਕੀਤੇ ਗਏ ਹਨ ਤਾਂ ਜੋ ਮੌਨਸੂਨ ਸੀਜ਼ਨ ਦੌਰਾਨ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਦਿਲਚਸਪੀ ਰੱਖਣ ਵਾਲੇ ਯੋਗ ਠੇਕੇਦਾਰਾਂ ਅਤੇ ਏਜੰਸੀਆਂ ਨੂੰ ਨਿਰਧਾਰਤ ਸਮਾਂ-ਸੀਮਾਵਾਂ ਅਤੇ ਲੋੜਾਂ ਅਨੁਸਾਰ ਆਨਲਾਈਨ ਟੈਂਡਰ ਜਮ੍ਹਾਂ ਕਰਾਉਣ ਲਈ ਸੱਦਾ ਦਿੱਤਾ ਜਾਂਦਾ ਹੈ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)