ਰੋਪੜ ਨਗਰ ਕੌਂਸਲ ਵੱਲੋਂ ਸੀਵਰੇਜ ਦਾ ਗੰਦਾ ਪਾਣੀ ਸਰਹਿੰਦ ਨਹਿਰ ’ਚ ਪਾਉਣੀ ਮਨੁੱਖੀ ਜ਼ਿੰਦਗੀਆਂ ਨਾਲ ਵੱਡਾ ਖਿਲਵਾੜ: ਡਾ. ਦਲਜੀਤ ਸਿੰਘ ਚੀਮਾ
Aug30,2026
| Jagrati Lahar Bureau | Rupnagar
ਮਾਮਲੇ ਵਿਚ ਐਨ ਜੀ ਟੀ ਕੋਲ ਕੇਸ ਪਾਉਣ ਦਾ ਐਲਾਨ
ਰੂਪਨਗਰ, 29 ਅਗਸਤ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਰੋਪੜ ਨਗਰ ਕੌਂਸਲ ਵੱਲੋਂ ਸੀਵਰੇਜ ਦਾ ਗੰਦਾ ਪਾਣੀ ਸਰਹਿੰਦ ਨਹਿਰ ਵਿਚ ਪਾਉਣਾ ਮਨੁੱਖੀ ਜ਼ਿੰਦਗੀ ਨਾਲ ਵੱਡਾ ਖਿਲਵਾੜ ਹੈ ਤੇ ਉਹਨਾਂ ਐਲਾਨ ਕੀਤਾ ਕਿ ਉਹ ਇਸ ਮਾਮਲੇ ਵਿਚ ਜਲਦ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ ਜੀ ਟੀ) ਕੋਲ ਕੇਸ ਦਾਇਰ ਕਰਨਗੇ।
ਅੱਜ ਮੌਕੇ ’ਤੇ ਮੀਡੀਆ ਨੂੰ ਹਾਲਾਤ ਵਿਖਾਉਂਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਵੇਖ ਕੇ ਹੈਰਾਨ ਹਨ ਕਿ ਸਰਹਿੰਦ ਨਹਿਰ ਦਾ ਪਾਣੀ ਪੀਣ ਵਾਸਤੇ ਅਤੇ ਸਿੰਜਾਈ ਵਾਸਤੇ ਵਰਤਿਆ ਜਾਂਦਾ ਹੈ ਪਰ ਰੋਪੜ ਨਗਰ ਕੌਂਸਲ ਦੀ ਹੱਦ ਵਿੱਚ ਸੀਵਰੇਜ ਦਾ ਗੰਦਾ ਪਾਣੀ ਸਿੱਧਾ ਹੀ ਨਹਿਰ ਵਿਚ ਪਾਇਆ ਜਾ ਰਿਹਾ ਹੈ ਜੋ ਕਿ ਵਾਤਾਵਰਣ ਨਿਯਮਾਂ ਦੀ ਗੰਭੀਰ ਉਲੰਘਣਾ ਹੈ। ਉਹਨਾਂ ਦੱਸਿਆ ਕਿ ਇਹ ਵਾਟਰ (ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਪੋਲਿਊਸ਼ਨ) ਐਕਟ 1974 ਦੀ ਸਪਸ਼ਟ ਉਲੰਘਣਾ ਹੈ ਤੇ ਇਹ ਸਾਡੇ ਜਲ ਸਰੋਤਾਂ ਦੀ ਸਾਂਭ ਸੰਭਾਲ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਗੰਭੀਰ ਕੁਤਾਹੀ ਦਰਸਾਉਂਦਾ ਹੈ।
ਉਹਨਾਂ ਕਿਹਾ ਕਿ ਸੀਵਰੇਜ ਦਾ ਗੰਦਾ ਪਾਣੀ ਬਿਨਾਂ ਸੋਧਿਆਂ ਹੀ ਇਸ ਨਹਿਰ ਵਿਚ ਪਾਉਣਾ ਮਨੁੱਖੀ ਜਾਨਾਂ ਲਈ ਖ਼ਤਰਨਾਕ ਹੈ ਤੇ ਇਹ ਸਾਡੀ ਖੇਤੀਬਾੜੀ ਤੇ ਵਾਤਾਵਰਣ ਲਈ ਵੀ ਗੰਭੀਰ ਖ਼ਤਰਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਸਬੰਧਤ ਅਧਿਕਾਰੀਆਂ ਨੂੰ ਗੰਧਲੇ ਪਾਣੀ ਦੇ ਰਲੇਵੇਂ ਦੀ ਇਹ ਕਾਰਵਾਈ ਤੁਰੰਤ ਬੰਦ ਕਰਨੀ ਚਾਹੀਦੀ ਹੈ ਅਤੇ ਇਸਦੀ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ ਅਤੇ ਸੀਵਰੇਜ ਦੇ ਪਾਣੀ ਤੇ ਨਹਿਰੀ ਪਾਣੀ ਦੀ ਵਿਗਿਆਨਕ ਢੰਗ ਟੈਸਟਿੰਗ ਕਰਵਾ ਕੇ ਤੁਰੰਤ ਦਰੁੱਸਤੀ ਭਰੇ ਕਦਮ ਚੁੱਕਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਅਸੀਂ ਇਹ ਮਾਮਲਾ ਜਲਦੀ ਹੀ ਐਨ ਜੀ ਟੀ ਕੋਲ ਚੁੱਕਾਂਗੇ ਅਤੇ ਵਾਤਾਵਰਣ ਕਾਨੂੰਨ ਸਖ਼ਤੀ ਨਾਲ ਲਾਗੂ ਕਰਨ ਅਤੇ ਇਸ ਮਾਮਲੇ ਵਿਚ ਸੁਪਰੀਮ ਕੋਰਟ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਦੀ ਮੰਗ ਕਰਾਂਗੇ।
-ropar-sirhindcanal-waterpollution-ngt-punjabnews