SYL ਤੇ ਆਪ ਦੇ ਕਰਜ਼ੇ ’ਤੇ ਵਰ੍ਹੇ ਅਕਾਲੀ ਦਲ ਪ੍ਰਧਾਨ, ਕਿਹਾ-ਧੋਖਾ ਬੰਦ ਕਰੋ
**
ਨੌਜਵਾਨਾਂ ਨੂੰ ਕਰਜ਼ਾ, ਕਿਸਾਨਾਂ ਨੂੰ ਬਿਜਲੀ, ਵਪਾਰੀਆਂ ਨੂੰ ਰਾਹਤ-ਬਾਦਲ ਦਾ ਵਾਅਦਿਆਂ ਦਾ ਪਿਟਾਰਾ
**
ਫਰੀਦਕੋਟ, 16 ਮਾਰਚ (ਮਨਜੀਤ ਸਿੰਘ ਢੱਲਾ)-
ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਫਰੀਦਕੋਟ ਰੈਲੀ ਪੰਜਾਬ ਦੀ ਪਹਿਚਾਣ ਤੇ ਹੱਕਾਂ ਦੇ ਨਾਂ ’ਤੇ ਸੀ। “ਪੰਜਾਬ ਬਚਾਓ ਮੁਹਿੰਮ” ਤਹਿਤ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਪਾਰਟੀਆਂ ਨੇ ਸੂਬੇ ਨਾਲ ਇਤਿਹਾਸਕ ਅਨਿਆਂ ਕੀਤੇ-ਰਾਜਧਾਨੀ ਨਾ ਦਿੱਤੀ, ਪੁਨਰਗਠਨ ’ਚ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖੇ, ਅਤੇ ਦਰਿਆਈ ਪਾਣੀ ਰਾਜਸਥਾਨ ਨੂੰ ਦੇ ਦਿੱਤਾ। SYL ਨਹਿਰ ਦਾ ਹਵਾਲਾ ਦੇ ਕੇ ਬਾਦਲ ਨੇ ਕਿਹਾ ਕਿ ਇਹ ਨਹਿਰ ਪੂਰੀ ਹੁੰਦੀ ਤਾਂ ਪੰਜਾਬ ਮਾਰੂਥਲ ਬਣ ਜਾਂਦਾ, ਪਰ ਅਕਾਲੀ ਦਲ ਦੀ ਲੜਾਈ ਨੇ ਪਾਣੀ ਰੋਕੀ ਰੱਖਿਆ।
ਦੂਜੇ ਹਿੱਸੇ ’ਚ ਨਿਸ਼ਾਨਾ ਆਮ ਆਦਮੀ ਪਾਰਟੀ ’ਤੇ ਸੀ। ਬਾਦਲ ਨੇ ਕਿਹਾ ਕਿ ਆਪ ਸਰਕਾਰ ਨੇ ਚਾਰ ਸਾਲਾਂ ’ਚ 2 ਲੱਖ ਕਰੋੜ ਕਰਜ਼ਾ ਲੈ ਕੇ ਪੰਜਾਬ ਨੂੰ ਕੰਗਾਲ ਕਰ ਦਿੱਤਾ, ਜਦੋਂ ਕਿ 56 ਸਾਲਾਂ ’ਚ 2.50 ਲੱਖ ਕਰੋੜ ਲਿਆ ਗਿਆ ਸੀ। ਔਰਤਾਂ ਨੂੰ ਹਜ਼ਾਰ-ਹਜ਼ਾਰ ਦੇਣ ਲਈ ਸਰਕਾਰੀ ਜਾਇਦਾਦਾਂ ਵਿੱਕ ਰਹੀਆਂ ਹਨ, ਜਿਸ ਨਾਲ ਕਿਸਾਨਾਂ ਦੀ ਬਿਜਲੀ ਸਬਸਿਡੀ ਖਤਰੇ ’ਚ ਪੈ ਗਈ ਹੈ। ਉਨ੍ਹਾਂ ਐਲਾਨ ਕੀਤਾ ਕਿ ਝੂਠੇ ਕੇਸਾਂ ਦੀ ਸਮੀਖਿਆ ਲਈ ਕਮਿਸ਼ਨ ਬਣੇਗਾ, ਜੋ ਤਿੰਨ ਮਹੀਨਿਆਂ ’ਚ ਰਿਪੋਰਟ ਦੇਵੇਗਾ ਅਤੇ ਦੋਸ਼ੀਆਂ ’ਤੇ ਕਾਰਵਾਈ ਹੋਵੇਗੀ।
ਅੰਤ ’ਚ ਉਨ੍ਹਾਂ ਵਾਅਦਿਆਂ ਦੀ ਲੰਬੀ ਲਿਸਟ ਸੁਣਾਈ: ਰਾਜਸਥਾਨ ਨਹਿਰ ਦਾ ਪਾਣੀ ਪੰਜਾਬ ਦੇ ਖੇਤਾਂ ਨੂੰ ਮੋੜਨਾ, ਉਦਯੋਗਿਕ ਪਾਣੀ ਸਤਲੁਜ-ਬਿਆਸ ’ਚ ਰੋਕਣਾ, ਵਪਾਰੀਆਂ ਲਈ ’ਰਾਹਤ’ ਸਕੀਮ, ਨੌਜਵਾਨਾਂ ਨੂੰ 10 ਲੱਖ ਵਿਆਜ-ਮੁਕਤ ਕਰਜ਼ਾ, ਆਟਾ-ਦਾਲ ਸਕੀਮ ਦੀ ਬਹਾਲੀ, ਬੁਢਾਪਾ ਪੈਨਸ਼ਨ 3100, ਸ਼ਗਨ ਸਕੀਮ 1 ਲੱਖ, ਟਿਊਬਵੈਲ ਕੁਨੈਕਸ਼ਨ ਅਤੇ 12 ਘੰਟੇ ਦਿਨ ਵੇਲੇ ਬਿਜਲੀ। ਪੱਤਰਕਾਰਾਂ ਨਾਲ ਗੱਲਬਾਤ ’ਚ ਬਾਦਲ ਨੇ “ਇਨਵੈਸਟ ਪੰਜਾਬ” ਨੂੰ ਧੋਖਾ ਦੱਸਿਆ ਤੇ ਕਿਹਾ ਕਿ ਚਾਰ-ਮਾਰਗੀ ਸੜਕਾਂ, ਹਵਾਈ ਅੱਡਾ, ਬਿਜਲੀ ਸਰਪਲੱਸ-ਸਭ ਅਕਾਲੀ ਦਲ ਦੇ ਕੰਮ ਨੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਫ਼ਰੀਦਕੋਟ, ਮਨਤਾਰ ਸਿੰਘ ਬਰਾੜ, ਐਨ ਕੇ ਸ਼ਰਮਾ, ਅਨੂਪ੍ਰਤਾਪ ਸਿੰਘ ਬਰਾੜ,ਸਤੀਸ਼ ਗਰੋਵਰ, ਸੂਬਾ ਸਿੰਘ ਬਾਦਲ ਜੈਤੋ, ਸ਼ੇਰ ਸਿੰਘ ਮੰਡਵਾਲਾ, ਗੁਰਿੰਦਰ ਕੌਰ ਭੋਲੂਵਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲਾਲੀ ਬਾਦਲ ਜੈਤੋ, ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਯਾਦਵਿੰਦਰ ਸਿੰਘ ਜੈਲਦਾਰ ਜੈਤੋ, ਗੁਰਬਿੰਦਰ ਸਿੰਘ ਬਰਾੜ ਰੋੜੀਕਪੂਰਾ, ਬੀਬੀ ਅਮਰਜੀਤ ਕੌਰ ਪੰਜਗਰਾਈਂ, ਜਸਪਾਲ ਸਿੰਘ ਕਾਂਟਾ ਜੈਤੋ, ਆਦਿ ਹਾਜ਼ਰ ਸਨ।