ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਖਡਸੇ ਅਤੇ ਓਲੰਪੀਅਨ ਮੁੱਕੇਬਾਜ਼ ਨਿਖ਼ਤ ਜ਼ਰੀਨ ਐਤਵਾਰ ਸਵੇਰੇ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਉਣਗੇ
ਅੰਮ੍ਰਿਤਸਰ ਸ਼ਹਿਰ 25 ਜਨਵਰੀ ਨੂੰ 'ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ' ਦੇ ਇੱਕ ਊਰਜਾਵਾਨ ਅਤੇ ਪ੍ਰਤੀਕਾਤਮਕ ਐਡੀਸ਼ਨ ਦਾ ਗਵਾਹ ਬਣਨ ਜਾ ਰਿਹਾ ਹੈ, ਜਦੋਂ ਦੇਸ਼ ਵਿਆਪੀ ਫਿੱਟਨੈੱਸ ਮੁਹਿੰਮ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਅਟਾਰੀ ਬਾਰਡਰ 'ਤੇ ਪਹੁੰਚੇਗੀ। ਇਹ ਅੰਮ੍ਰਿਤਸਰ ਐਡੀਸ਼ਨ ਰਾਸ਼ਟਰੀ ਵੋਟਰ ਦਿਵਸ ਦਾ ਜਸ਼ਨ ਮਨਾਏਗਾ ਅਤੇ ਲੋਕਤੰਤਰ ਅਤੇ ਰਾਸ਼ਟਰੀ ਸੇਵਾ ਦੀ ਭਾਵਨਾ ਦਾ ਸਨਮਾਨ ਕਰੇਗਾ, ਜਿਸ ਵਿੱਚ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐੱਫ) ਦੇ ਕਰਮਚਾਰੀ ਅਤੇ ਨੌਜਵਾਨ ਵੋਟਰ ਤੰਦਰੁਸਤੀ, ਏਕਤਾ ਅਤੇ ਦੇਸ਼ ਭਗਤੀ ਦਾ ਸਮੂਹਿਕ ਸੁਨੇਹਾ ਫੈਲਾਉਣ ਲਈ ਇਕੱਠੇ ਹਿੱਸਾ ਲੈਣਗੇ।
ਕੇਂਦਰੀ ਯੁਵਾ ਮਾਮਲਿਆਂ ਅਤੇ ਖੇਡ ਰਾਜ ਮੰਤਰੀ ਸ਼੍ਰੀਮਤੀ ਰਕਸ਼ਾ ਖਡਸੇ ਇਸ ਵਿਸ਼ੇਸ਼ ਐਡੀਸ਼ਨ ਦੀ ਮੁੱਖ ਮਹਿਮਾਨ ਹੋਣਗੇ, ਜੋ ਸਰੀਰਕ ਤੰਦਰੁਸਤੀ ਨੂੰ ਨਾਗਰਿਕ ਜ਼ਿੰਮੇਵਾਰੀ ਨਾਲ ਜੋੜਨ ਵਾਲੇ ਇਸ ਸਮਾਗਮ ਨੂੰ ਰਾਸ਼ਟਰੀ ਮਹੱਤਵ ਪ੍ਰਦਾਨ ਕਰਨਗੇ। ਇਸ ਸਮਾਗਮ ਵਿੱਚ ਭਾਰਤੀ ਖੇਡ ਅਥਾਰਟੀ (ਐੱਸਏਆਈ) ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਮਯੰਕ ਸ੍ਰੀਵਾਸਤਵ, ਡਿਪਟੀ ਡਾਇਰੈਕਟਰ ਜਨਰਲ, ਐੱਸਏਆਈ; ਵਿਨੀਤ ਕੁਮਾਰ, ਡਿਪਟੀ ਡਾਇਰੈਕਟਰ ਜਨਰਲ, ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐੱਨਐੱਸਐੱਨਆਈਐੱਸ), ਪਟਿਆਲਾ; ਅਤੇ ਨਦੀਮ ਡਾਰ, ਡਾਇਰੈਕਟਰ, ਫਿੱਟ ਇੰਡੀਆ ਸ਼ਾਮਲ ਹਨ।
ਦਸੰਬਰ, 2024 ਵਿੱਚ ਮਾਣਯੋਗ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਵੱਲੋਂ ਸ਼ੁਰੂ 'ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ' ਇੱਕ "ਲੋਕ ਲਹਿਰ" ਬਣ ਗਿਆ ਹੈ ਜੋ ਤੰਦਰੁਸਤੀ, ਇੱਕ ਸਾਫ਼ ਵਾਤਾਵਰਨ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਦਾ ਹੈ। ਇਸ ਲਹਿਰ ਨੇ ਪਹਿਲਾਂ ਹੀ ਦੇਸ਼ ਭਰ ਵਿੱਚ 200,000 ਤੋਂ ਵੱਧ ਸਥਾਨਾਂ 'ਤੇ 2.2 ਮਿਲੀਅਨ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਦਰਜ ਕੀਤੀ ਹੈ।
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ "ਮਨ ਕੀ ਬਾਤ" ਪ੍ਰੋਗਰਾਮ ਵਿੱਚ ਕਈ ਵਾਰ 'ਫਿੱਟ ਇੰਡੀਆ ਸੰਡੇਜ਼ ਔਨ ਸਾਈਕਲ' ਪਹਿਲਕਦਮੀ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਲਹਿਰ ਰਾਹੀਂ, ਭਾਰਤ ਸਿਹਤ ਅਤੇ ਰੁਟੀਨ, ਗਤੀਵਿਧੀ ਅਤੇ ਅਨੁਸ਼ਾਸਨ ਅਤੇ ਨਿੱਜੀ ਤੰਦਰੁਸਤੀ ਅਤੇ ਰਾਸ਼ਟਰੀ ਤੰਦਰੁਸਤੀ ਦਰਮਿਆਨ ਸੰਤੁਲਨ ਬਣਾਉਣਾ ਸਿੱਖ ਰਿਹਾ ਹੈ। ਇਹ ਮੁਹਿੰਮ ਦੋ ਮਹੱਤਵਪੂਰਨ : #FightObesity ਅਤੇ #PollutionKaSolution (#ਮੋਟਾਪੇ ਦਾ ਟਾਕਰਾ ਅਤੇ #ਪ੍ਰਦੂਸ਼ਣ ਦਾ ਹੱਲ) ਮੁੱਦਿਆਂ ਨਾਲ ਨਜਿੱਠ ਰਹੀ ਹੈ, ਜੋ ਨਾਗਰਿਕਾਂ ਨੂੰ ਫਿੱਟ ਰਹਿਣ ਅਤੇ ਉਨ੍ਹਾਂ ਦੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਦਾ ਇੱਕ ਸੁਖਾਲ਼ਾ ਅਤੇ ਆਨੰਦਮਈ ਢੰਗ ਪ੍ਰਦਾਨ ਕਰਦੀ ਹੈ।
ਐਤਵਾਰ ਨੂੰ ਅਟਾਰੀ ਬਾਰਡਰ 'ਤੇ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਖੇਡ ਜਗਤ ਦੀ ਪ੍ਰੇਰਨਾ ਅਤੇ ਆਕਰਸ਼ਣ ਨੂੰ ਜੋੜਦੇ ਹੋਏ, ਓਲੰਪੀਅਨ, ਅਰਜੁਨ ਪੁਰਸਕਾਰ ਜੇਤੂ ਅਤੇ ਦੋ ਵਾਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਨਿਖ਼ਤ ਜ਼ਰੀਨ ਨੇ ਅੰਮ੍ਰਿਤਸਰ ਵਿੱਚ ਆਪਣੀ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਨਿਖ਼ਤ, ਫਲਾਈਵੇਟ ਅਤੇ ਲਾਈਟ ਫਲਾਈਵੇਟ ਸ਼੍ਰੇਣੀਆਂ ਵਿੱਚ ਭਾਰਤ ਦੀਆਂ ਸਭ ਤੋਂ ਸਫਲ ਮੁੱਕੇਬਾਜ਼ਾਂ ਵਿੱਚੋਂ ਇੱਕ, ਆਈਬੀਏ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ (ਇਸਤਾਂਬੁਲ 2022 ਅਤੇ ਨਵੀਂ ਦਿੱਲੀ 2023) ਵਿੱਚ ਦੋ ਵਾਰ ਸੋਨ ਤਗਮਾ ਜੇਤੂ, 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜੇਤੂ ਅਤੇ 2022 ਹਾਂਗਜ਼ੂ ਏਸ਼ੀਆਈ ਖੇਡਾਂ ਵਿੱਚ ਕਾਂਸੀ ਤਗਮਾ ਜੇਤੂ ਹੈ। ਉਨ੍ਹਾਂ ਪੈਰਿਸ 2024 ਓਲੰਪਿਕ ਖੇਡਾਂ ਵਿੱਚ ਮਹਿਲਾਵਾਂ ਦੇ 50 ਕਿਲੋਗ੍ਰਾਮ ਵਰਗ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਵਰਤਮਾਨ ਵਿੱਚ ਤੇਲੰਗਾਨਾ ਪੁਲਿਸ ਨਾਲ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਵਿਸ਼ੇਸ਼ ਪੁਲਿਸ) ਵਜੋਂ ਸੇਵਾ ਨਿਭਾ ਰਹੇ ਹਨ।
ਸਾਬਕਾ ਭਾਰਤੀ ਅੰਤਰਰਾਸ਼ਟਰੀ ਤੇਜ਼ ਗੇਂਦਬਾਜ਼ ਸਿਧਾਰਥ ਕੌਲ, ਜਿਨ੍ਹਾਂ ਨੂੰ 2008 ਵਿੱਚ ਭਾਰਤ ਦੀ ਅੰਡਰ-19 ਵਿਸ਼ਵ ਕੱਪ ਜਿੱਤ ਵਿੱਚ ਫੈਸਲਾਕੁੰਨ ਆਖਰੀ ਓਵਰ ਸੁੱਟਣ ਲਈ ਯਾਦ ਕੀਤਾ ਜਾਂਦਾ ਹੈ, ਵੀ ਵਿਸ਼ੇਸ਼ ਮਹਿਮਾਨਾਂ ਵਿੱਚ ਸ਼ਾਮਲ ਹੋਣਗੇ। ਕੌਲ 2018 ਵਿੱਚ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਮੈਂਬਰ ਸਨ ਅਤੇ ਆਈਪੀਐੱਲ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਲਈ ਇੱਕ ਮੁੱਖ ਪ੍ਰਦਰਸ਼ਨਕਰਤਾ ਰਹੇ ਹਨ। ਉਹ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੇ ਸਫ਼ਰ ਦੌਰਾਨ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਰਹੇ ਹਨ।
ਅੰਮ੍ਰਿਤਸਰ ਐਡੀਸ਼ਨ ਵਿੱਚ ਫਿੱਟ ਇੰਡੀਆ ਇੰਫ਼ਲੂਐਂਸਰ ਅਤੇ ਮਨੋਰੰਜਨ ਜਗਤ ਦੇ ਪ੍ਰਸਿੱਧ ਚਿਹਰੇ ਵੀ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਵਿਵੇਕ ਦਹੀਆ, ਰਾਗਿਨੀ ਦਿਵੇਦੀ ਅਤੇ ਅਸ਼ਿਤਾ ਦੱਤ ਸ਼ਾਮਲ ਹਨ। ਉਹ ਇਸ ਸੁਨੇਹੇ ਨੂੰ ਹੋਰ ਮਜ਼ਬੂਤ ਬਣਾਉਣਗੇ ਕਿ ਫਿੱਟਨੈੱਸ ਹਰ ਪੇਸ਼ੇ ਅਤੇ ਹਰ ਉਮਰ ਸਮੂਹ ਲਈ ਹੈ। ਸਾਈਕਲ ਰੈਲੀ ਦੇ ਨਾਲ ਭਾਗੀਦਾਰ ਜ਼ੁੰਬਾ, ਰੱਸੀ ਕੁੱਦਣ ਅਤੇ ਊਰਜਾਵਾਨ ਭੰਗੜਾ ਪ੍ਰਦਰਸ਼ਨ ਵਰਗੀਆਂ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਣਗੇ, ਜਿਸ ਨਾਲ ਸਰਹੱਦੀ ਸਥਾਨ 'ਤੇ ਇੱਕ ਜਸ਼ਨ, ਕਾਰਨੀਵਲ ਵਰਗਾ ਮਾਹੌਲ ਬਣੇਗਾ।
ਫਿੱਟ ਇੰਡੀਆ ਅਭਿਆਨ 29 ਅਗਸਤ, 2019 ਨੂੰ ਮਾਣਯੋਗ ਪ੍ਰਧਾਨ ਮੰਤਰੀ ਵਲੋਂ ਫਿੱਟਨੈੱਸ ਨੂੰ ਸਾਡੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੇ ਮੰਤਵ ਨਾਲ ਸ਼ੁਰੂ ਕੀਤਾ ਗਿਆ ਸੀ। ਇਸ ਅੰਦੋਲਨ ਦਾ ਮਿਸ਼ਨ ਵਿਵਹਾਰ ਵਿੱਚ ਤਬਦੀਲੀ ਲਿਆਉਣਾ ਅਤੇ ਸਰੀਰਕ ਤੌਰ 'ਤੇ ਵਧੇਰੇ ਸਰਗਰਮ ਜੀਵਨ-ਸ਼ੈਲੀ ਵੱਲ ਅੱਗੇ ਵਧਣਾ ਹੈ।
Powered by Froala Editor
Fit-India-Sundays-On-Cycle-Amritsar-Set-To-Host-Special-Republic-Day-Eve-Edition-At-Attari-Border
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)