· ਮਾਨ ਸਰਕਾਰ ਨੇ ਆਮ ਆਦਮੀ ਨੂੰ ਦਿੱਤਾ ਸਿਹਤ ਸੰਭਾਲ ਲਈ ਵੱਡਾ ਤੋਹਫਾ- ਡਾ.ਜਮੀਲ ਉਰ ਰਹਿਮਾਨ
ਮਾਲੇਰਕੋਟਲਾ 22 ਜਨਵਰੀ,
ਪੰਜਾਬ ਸਰਕਾਰ ਵੱਲੋਂ ਜਨਤਕ ਸਿਹਤ ਸੰਭਾਲ ਦੇ ਖੇਤਰ ਵਿੱਚ ਇੱਕ ਇਤਿਹਾਸਕ ਅਤੇ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਸੂਬੇ ਦੇ ਲੋਕਾਂ ਨੂੰ ਮਿਆਰੀ ਅਤੇ ਨਕਦੀ ਰਹਿਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣ ਲਈ ‘ਮੁੱਖ ਮੰਤਰੀ ਸਿਹਤ ਯੋਜਨਾ’ ਦੀ ਅੱਜ ਰਸਮੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਐਸ.ਏ.ਐਸ. ਨਗਰ ਮੋਹਾਲੀ ਤੋਂ ਕੀਤੀ ਗਈ। ਇਸ ਇਤਿਹਾਸਕ ਮੌਕੇ ’ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਸਤਿੰਦਰ ਜੈਨ ਅਤੇ ਸਿਹਤ ਮੰਤਰੀ ਡਾ. ਬਲਵੀਰ ਸਿੰਘ, ਵਿੱਤ ਮੰਤਰੀ ਪੰਜਾਬ ਸ. ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਇਸ ਸਮਾਗਮ ਦਾ ਵਰਚੂਅਲ ਲਾਈਵ ਪ੍ਰਸਾਰਨ ਸਥਾਨਕ ਪੰਜਾਬ ਉਰਦੂ ਅਕਾਦਮੀ ਵਿਖੇ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ ਸਰਪੰਚ, ਪੰਚ, ਕੌਂਸਲਰ, ਪਾਰਟੀ ਵਰਕਰ ਅਤੇ ਇਲਾਕੇ ਦੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਇਸ ਯੋਜਨਾ ਨੂੰ ਜਨਤਕ ਸਿਹਤ ਸੰਭਾਲ ਲਈ ਇੱਕ ਇਤਿਹਾਸਕ ਮੀਲ ਪੱਥਰ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਤੇ ਲੋਕ-ਹਿਤੈਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਆਮ ਆਦਮੀ ਨੂੰ ਸਿਹਤ ਸੁਰੱਖਿਆ ਦੀ ਪੂਰੀ ਗਾਰੰਟੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸਾਬਤ ਕਰਦੀ ਹੈ ਕਿ ਮਾਨ ਸਰਕਾਰ ਲਈ ਆਮ ਨਾਗਰਿਕ ਦੀ ਸਿਹਤ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਬੇ ਦੇ 65 ਲੱਖ ਪਰਿਵਾਰਾਂ ਨੂੰ ਸਾਲਾਨਾ 10 ਲੱਖ ਰੁਪਏ ਤੱਕ ਨਕਦੀ ਰਹਿਤ ਇਲਾਜ ਦੀ ਸਹੂਲਤ ਮਿਲੇਗੀ। ਇਸ ਯੋਜਨਾ ਵਿੱਚ ਨਾ ਕੋਈ ਆਮਦਨ ਸੀਮਾ ਰੱਖੀ ਗਈ ਹੈ ਅਤੇ ਨਾ ਹੀ ਕੋਈ ਹੋਰ ਸ਼ਰਤ। ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਰੱਖਣ ਵਾਲਾ ਹਰ ਨਿਵਾਸੀ ਇਸ ਯੋਜਨਾ ਦਾ ਲਾਭਪਾਤਰੀ ਬਣ ਸਕੇਗਾ।
ਡਾ. ਜਮੀਲ ਉਰ ਰਹਿਮਾਨ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਲਈ ਯੂਥ ਡਿਵੈਲਪਮੈਂਟ ਬੋਰਡ ਦੇ ਸਿਹਤ ਮਿੱਤਰਾ ਹਰੇਕ ਘਰ ਵਿੱਚ ਨਿੱਜੀ ਤੌਰ ਉੱਤੇ ਜਾਣਗੇ। ਹਰੇਕ ਪਰਿਵਾਰ ਨੂੰ ਇਕ ਰਜਿਸਟ੍ਰੇਸ਼ਨ ਸਲਿੱਪ ਦਿੱਤੀ ਜਾਵੇਗੀ। ਜਿਸ ਉੱਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਦਿਨ, ਸਮਾਂ ਅਤੇ ਸਥਾਨ ਦੱਸਿਆ ਜਾਵੇਗਾ। ਨਿਰਧਾਰਤ ਸਮੇਂ ਅਨੁਸਾਰ ਕਾਮਨ ਸਰਵਿਸ ਸੈਂਟਰ ਜਾ ਕੇ ਰਜਿਸਟ੍ਰੇਸ਼ਨ ਕਾਰਵਾਈ ਜਾ ਸਕੇਗੀ। ਰਜਿਸਟ੍ਰੇਸ਼ਨ ਮੁਕੰਮਲ ਹੋਣ ਉੱਤੇ ਇੱਕ ਰਸੀਦ ਦਿੱਤੀ ਜਾਵੇਗੀ ਜਿਸ ਦਾ ਭਾਵ ਹੋਵੇਗਾ ਕਿ ਤੁਸੀਂ ਇਲਾਜ ਲਈ ਯੋਗ ਹੋ ਚੁੱਕੇ ਹੋ। 2 ਜਾਂ 3 ਹਫ਼ਤੇ ਵਿੱਚ ਕਾਰਡ ਵੀ ਬਣ ਕੇ ਆ ਜਾਣਗੇ।
ਜ਼ਿਲ੍ਹੇ ’ਚ ਆਮ ਲੋਕਾਂ ਦੀ ਸਹੂਲਤ ਲਈ 43 ਰਜਿਸਟ੍ਰੇਸ਼ਨ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ ਤਾਂ ਜੋ ਹਰੇਕ ਜਿਲ੍ਹਾ ਵਸਨੀਕ ਨੂੰ ਇਸ ਯੋਜਨਾ ਤਾ ਲਾਭ ਮਿਲ ਸਕੇ । ਉਨ੍ਹਾਂ ਹੋਰ ਦੱਸਿਆ ਕਿ ਮਾਲੇਰਕੋਟਲਾ ਵਿਖੇ 26 ,ਅਮਰਗੜ੍ਹ ਵਿਖੇ 5 ਅਤੇ ਅਹਿਮਦਗੜ ਵਿਖੇ 12 ਸਥਾਨਾਂ ਤੇ ਸਿਹਤ ਕਾਰਡਾਂ ਲਈ ਰਜਿਸਟ੍ਰੇਸ਼ਨ ਕੀਤੀ ਜਾਵੇਗੀ
ਉਨ੍ਹਾਂ ਹੋਰ ਦੱਸਿਆ ਕਿ ਇਸ ਯੋਜਨਾ ਤਹਿਤ ਪੰਜਾਬ ਅਤੇ ਚੰਡੀਗੜ੍ਹ ਦੇ ਲਗਭਗ 850 ਸਰਕਾਰੀ ਅਤੇ ਨਿੱਜੀ ਹਸਪਤਾਲ ਸੂਚੀਬੱਧ ਕੀਤੇ ਗਏ ਹਨ, ਜਿੱਥੇ ਦਿਲ ਦੀਆਂ ਬਿਮਾਰੀਆਂ, ਕੈਂਸਰ, ਗੁਰਦੇ ਦਾ ਡਾਇਲਸਿਸ ਅਤੇ ਟਰਾਂਸਪਲਾਂਟ, ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਸਰਜਰੀਆਂ, ਜਣੇਪਾ ਅਤੇ ਨਵਜੰਮੇ ਬੱਚੇ ਦੀ ਦੇਖਭਾਲ, ਦੁਰਘਟਨਾ ਅਤੇ ਐਮਰਜੈਂਸੀ, ਗੋਡੇ ਬਦਲਣ ਵਰਗੇ ਮਹਿੰਗੇ ਇਲਾਜ ਵੀ ਪੂਰੀ ਤਰ੍ਹਾਂ ਮੁਫ਼ਤ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿਰਵਿਘਨ ਅਤੇ ਬਿਨਾਂ ਕਿਸੇ ਰੁਕਾਵਟ ਤੋਂ ਇਲਾਜ ਮਿਲੇ, ਇਸ ਲਈ ਪੰਜਾਬ ਸਰਕਾਰ ਵੱਲੋਂ ਬੀਮਾ ਕੰਪਨੀ ਨੂੰ ਐਡਵਾਂਸ ਪ੍ਰੀਮੀਅਮ ਜਾਰੀ ਕਰ ਦਿੱਤਾ ਗਿਆ ਹੈ ਅਤੇ ਯੋਜਨਾ ਅਧੀਨ ਸੂਚੀਬੱਧ ਹਸਪਤਾਲਾਂ ਨੂੰ 15 ਦਿਨਾਂ ਦੇ ਅੰਦਰ ਭੁਗਤਾਨ ਕੀਤਾ ਜਾਵੇਗਾ।
ਵਿਧਾਇਕ ਮਾਲੇਰਕੋਟਲਾ ਨੇ ਕਿਹਾ ਕਿ ਇਹ ਯੋਜਨਾ ਗਰੀਬ, ਮੱਧ ਵਰਗ ਅਤੇ ਹਰ ਆਮ ਪੰਜਾਬੀ ਪਰਿਵਾਰ ਲਈ ਸਿਹਤ ਸੁਰੱਖਿਆ ਦੀ ਮਜ਼ਬੂਤ ਢਾਲ ਸਾਬਤ ਹੋਵੇਗੀ ਅਤੇ ਪੰਜਾਬ ਨੂੰ ਸਿਹਤ ਖੇਤਰ ਵਿੱਚ ਦੇਸ਼ ਦੇ ਅਗੇਤੀ ਸੂਬਿਆਂ ਦੀ ਕਤਾਰ ਵਿੱਚ ਖੜ੍ਹਾ ਕਰੇਗੀ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮਾਲੇਰਕੋਟਲਾ ਜਾਫਿਰ ਅਲੀ, ਚੇਅਰਮੈਨ ਮਾਰਕੀਟ ਕਮੇਟੀ ਸੰਦੋੜ ਕਰਮਜੀਤ ਸਿੰਘ ,ਪੀ.ਏ. ਟੂ ਵਿਧਾਇਕ ਮਾਲੇਰਕੋਟਲਾ ਗੁਰਮੁਖ ਸਿੰਘ, ਜ਼ਿਲ੍ਹਾ ਕੁਆਰਡੀਨੇਟਰ ਮਹਿਲਾ ਵਿੰਗ ਪ੍ਰਵੀਨ ਯਾਸਿਰ ਅਰਾਫਾਤ,ਅਸ਼ਰਫ ਅਬਦੁੱਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਆਮ ਸ਼ਹਿਰ ਨਿਵਾਸੀ ਮੌਜ਼ੂਦ ਸਨ
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)