ਮਾਨ ਸਰਕਾਰ ਦਾ ਮਹਿਲਾਵਾਂ ਨੂੰ ਸਸ਼ਕਤ ਕਰਨ ਵੱਲ ਵੱਡਾ ਕਦਮ — 295 ਚੁਣੀਆਂ ਗਈਆਂ, 72 ਨੂੰ ਥਾਂ ’ਤੇ ਹੀ ਨੌਕਰੀ ਦੇ ਪੱਤਰ ਜਾਰੀ
ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਸਿਹਤ, ਸਫਾਈ ਤੇ ਰੋਜ਼ਗਾਰ ਲਈ ਵੱਡਾ ਅਭਿਆਨ ਸ਼ੁਰੂ
ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਨੇ ਮੰਗਲਵਾਰ ਨੂੰ ਕੇ.ਜੀ. ਰਿਜ਼ੋਰਟਸ ਤੋਂ ਇੱਕ ਮੈਗਾ ਜਾਗਰੂਕਤਾ ਕੈਂਪ ਦਾ ਉਦਘਾਟਨ ਕਰਕੇ ਔਰਤਾਂ ਲਈ ਸਿਹਤ ਜਾਂਚ ਅਤੇ ਰੁਜ਼ਗਾਰ ਕੈਂਪਾਂ ਦੀ ਸੂਬਾ ਪੱਧਰੀ ਲੜੀ ਦਾ ਆਗਾਜ਼ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਮਲੋਟ ਤੋਂ ਸ਼ੁਰੂ ਹੋਏ ਇਸ ਕੈਂਪ ਦੀ ਤਰਜ਼ ‘ਤੇ ਪੰਜਾਬ ਭਰ ਵਿੱਚ ਔਰਤਾਂ ਨੂੰ ਸਿਹਤ, ਸਫਾਈ ਅਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਗਰੂਕ ਕਰਨ ਲਈ ਕੈਂਪ ਲਗਾਏ ਜਾਣਗੇ।
ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਮਹਿਲਾ ਅਤੇ ਬਾਲ ਵਿਕਾਸ ਅਤੇ ਸਮਾਜਿਕ ਸੁਰੱਖਿਆ ਵਿਭਾਗਾਂ ਤੋਂ ਇਲਾਵਾ ਲੋੜਵੰਦਾਂ ਲਈ ਰੁਜ਼ਗਾਰ ਪੈਦਾ ਕਰਨ, ਹੁਨਰ ਵਿਕਾਸ, ਸਿਹਤ ਅਤੇ ਪਰਿਵਾਰ ਭਲਾਈ, ਪੇਂਡੂ ਵਿਕਾਸ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਦੀਆਂ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸੇਵਾਵਾਂ ਵਿੱਚ ਆਰਥੋ, ਗਾਇਨੀਕੋਲੋਜੀ, ਅੱਖਾਂ, ਈ.ਐਨ.ਟੀ. ਦੀ ਮੁਫ਼ਤ ਸਕ੍ਰੀਨਿੰਗ, ਬਲੱਡ ਪ੍ਰੈਸ਼ਰ ਦੇ ਚੈਕਅਪ, ਸ਼ੂਗਰ ਟੈਸਟ, ਅਨੀਮੀਆ ਦੀ ਜਾਂਚ ਅਤੇ ਦਵਾਈਆਂ ਦੀ ਵੰਡ ਸ਼ਾਮਲ ਹੋਵੇਗੀ।ਇਨ੍ਹਾਂ ਕੈਂਪ ਵਿੱਚ ਔਰਤਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਤੋਂ ਇਲਾਵਾ ਗਰਭ ਨਿਰੋਧਕ ਤਰੀਕਿਆਂ, ਪਰਿਵਾਰ ਨਿਯੋਜਨ, ਯੂਰੀਨਰ ਟਰੈਕਟ ਇਨਫੈਕਸ਼ਨ (ਯੂਟੀਆਈ), ਮਾਹਵਾਰੀ ਦੌਰਾਨ ਸਵੱਛਤਾ ਅਤੇ ਕਿਸ਼ੋਰ ਅਵਸਥਾ ਦੀ ਸਿਹਤ ਬਾਰੇ ਵੀ ਜਾਗਰੂਕ ਕੀਤਾ ਜਾਵੇਗਾ।
ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਕੈਂਪ ਔਰਤਾਂ ਵੱਲੋਂ ਚਲਾਏ ਜਾ ਰਹੇ ਸਵੈ-ਸਹਾਇਤਾ ਸਮੂਹਾਂ (ਐਸ.ਐਚ.ਜੀ.) , ਜੋ ਆਪਣੇ ਉਤਪਾਦਾਂ ਨੂੰ ਪ੍ਰਦਰਸਿ਼ਤ ਕਰਨ ਅਤੇ ਵੇਚਣ ਲਈ ਵਿਸ਼ੇਸ਼ ਤੌਰ `ਤੇ ਕੰਮ ਕਰਦੇ ਹਨ, ਲਈ ਪਲੇਟਫਾਰਮ ਵੀ ਬਣਨਗੇ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਅਤੇ ਬਿਹਤਰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਕੈਂਪ ਦੌਰਾਨ, ਲਗਭਗ 500 ਕੁੜੀਆਂ ਨੇ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਦੇ ਹੈਲਪ ਡੈਸਕ 'ਤੇ ਆਪਣੇ ਆਪ ਨੂੰ ਰਜਿਸਟਰ ਕੀਤਾ, ਜਿਨ੍ਹਾਂ ਵਿੱਚੋਂ 295 ਦੀ ਚੋਣ ਹੋਈ ਅਤੇ 72 ਤੋਂ ਵੱਧ ਨੂੰ ਮੌਕੇ 'ਤੇ ਹੀ ਪੇਸ਼ਕਸ਼ ਪੱਤਰ ਸੌਂਪੇ ਗਏ। ਜ਼ਿਕਰਯੋਗ ਹੈ ਕਿ ਇਸ ਮੈਗਾ ਜੋਬ ਫੇਅਰ ਵਿੱਚ 16 ਕੰਪਨੀਆਂ ਵੱਲੋਂ ਹਿੱਸਾ ਲਿਆ ਗਿਆ।
ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਵੀ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ. ਮਲੋਟ ਜਗਰਾਜ ਸਿੰਘ ਕਾਹਲੋਂ, ਡੀ.ਪੀ.ਓ. ਰਤਨਦੀਪ ਕੌਰ ਸੰਧੂ, ਡੀਈਜੀਟੀਓ ਵੈਸ਼ਾਲੀ ਵਧਵਾ, ਸੀ.ਡੀ.ਪੀ.ਓ. ਰਾਜਵੰਤ ਕੌਰ, ਡੀ.ਸੀ.ਪੀ.ਓ. ਸਿ਼ਵਾਨੀ ਨਾਗਪਾਲ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।
Powered by Froala Editor
Dr-Baljit-Kaur-Kickstarts-State-wide-Women-s-Health-Job-Camp-Drive-From-Malout
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)