ਮੋਹਾਲੀ ਦੇ ਮੇਅਰ ਤੇ ਕੌਂਸਲਰ 11 ਅਪ੍ਰੈਲ ਨੂੰ ਹੋਣਗੇ ਸਾਬਕਾ, ਅਗਲੀ ਚੋਣ ਤੱਕ ਪ੍ਰਸ਼ਾਸ਼ਕ ਸੰਭਾਲੇਗਾ ਨਿਗਮ, ਲੋਕਾਂ ਦੀ ਸਿੱਧੀ ਪਹੁੰਚ ਘਟੇਗੀ
Mar21,2026
| Gurvinder Singh Mohali | Mohali
ਲੋਕਾਂ ਦੇ ਨੁਮਾਇੰਦੇ ਨਾ ਹੋਣ ਕਾਰਨ ਅਫਸਰਾਂ ਦੀ ਮਰਜੀ ਤੇ ਨਿਰਭਰ ਹੋਣਗੇ ਸ਼ਹਿਰ ਦੇ ਕੰਮ
ਮੋਹਾਲੀ, 21 ਮਾਰਚ
ਗੁਰਵਿੰਦਰ ਸਿੰਘ
ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਸਮੇਤ ਮੁਹਾਲੀ ਦੇ ਸਾਰੇ ਚੁਣੇ ਹੋਏ ਕੌਂਸਲਰ 11 ਅਪ੍ਰੈਲ ਨੂੰ ਸਾਬਕਾ ਹੋ ਜਾਣਗੇ ਅਤੇ ਨਗਰ ਨਿਗਮ ਦਾ ਕੰਮ ਪ੍ਰਸ਼ਾਸ਼ਕ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਜਦੋਂ ਤਕ ਨਗਰ ਨਿਗਮ ਦੀ ਅਗਲੀ ਚੋਣ ਹੋਣ ਉਪਰੰਤ ਨਵੇਂ ਚੁਣੇ ਗਏ ਕੌਂਸਲਰਾਂ ਵਲੋਂ ਸੰਹੁ ਨਹੀਂ ਚੁੱਕੀ ਜਾਵੇਗੀ, ਨਗਰ ਨਿਗਮ ਦਾ ਸਾਰਾ ਕੰਮ ਕਾਜ ਅਫਸਰਾਂ ਦੀ ਮਰਜੀ ਅਨੁਸਾਰ ਹੀ ਚੱਲੇਗਾ।
ਇੱਥੇ ਜਿਕਰਯੋਗ ਹੈ ਕਿ ਨਗਰ ਨਿਗਮ ਦੀ ਪਿਛਲੀ ਚੋਣ 2021 ਵਿੱਚ ਹੋਈ ਸੀ। ਉਸ ਵੇਲੇ ਹੋਈ ਨਗਰ ਨਿਗਮ ਦੀ ਚੋਣ ਲਈ 14 ਫਰਵਰੀ ਨੂੰ ਵੋਟਾਂ ਪਾਈਆਂ ਗਈਆਂ ਸਨ ਅਤੇ ਇਸ ਚੋਣ ਦਾ ਨਤੀਜਾ 18 ਫਰਵਰੀ ਨੂੰ ਐਲਾਨਿਆ ਗਿਆ ਸੀ। ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਨਵੇਂ ਚੁਣੇ ਗਏ ਕੌਂਸਲਰਾਂ ਨੂੰ 12 ਅਪ੍ਰੈਲ 2021 ਨੂੰ ਸੰਹੁ ਚੁਕਵਾਈ ਗਈ ਸੀ ਅਤੇ ਉਸੇ ਦਿਨ ਨਗਰ ਨਿਗਮ ਦੇ ਮੇਅਰ, ਸੀਨਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੀਤੀ ਗਈ ਸੀ। ਨਗਰ ਨਿਗਮ ਦੇ ਕੌਂਸਲਰ ਦਾ ਕਾਰਜਕਾਲ 5 ਸਾਲ ਹੈ ਅਤੇ ਇਹ ਪੰਜ ਸਾਲ ਇਸ ਸਾਲ 11 ਅਪ੍ਰੈਲ ਨੂੰ ਮੁਕੰਮਲ ਹੋ ਜਾਣਗੇ, ਜਿਸਤੋਂ ਬਾਅਦ ਇਹ ਸਾਰੇ ਚੁਣੇ ਹੋਏ ਨਮਾਇੰਦੇ ਸਾਬਕਾ ਹੋ ਜਾਣਗੇ।
ਨਗਰ ਨਿਗਮ ਦੀ ਅਗਲੀ ਚੋਣ ਕਦੋਂ ਕਰਵਾਈ ਜਾਵੇਗੀ, ਇਸ ਬਾਰੇ ਪੰਜਾਬ ਸਰਕਾਰ ਵਲੋਂ ਹੁਣ ਤਕ ਕੋਈ ਵੀ ਫੈਸਲਾ ਨਹੀਂ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਨਗਰ ਨਿਗਮ ਐਸ ਏ ਐਸ ਨਗਰ ਦੀ ਹੱਦ ਵਿੱਚ ਵਾਧਾ ਕਰਨ ਉਪਰੰਤ ਨਵੀਂ ਵਾਰਡਬੰਦੀ ਵੀ ਕਰ ਦਿੱਤੀ ਗਈ ਸੀ ਪਰੰਤੂ ਉਸਨੂੰ ਲੈ ਕੇ ਕਾਨੂੰਨੀ ਲੜਾਈ ਆਰੰਭ ਹੋ ਗਈ ਅਤੇ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਸੀ। ਇਸ ਮਾਮਲੇ ਦੀ ਬੀਤੀ 18 ਮਾਰਚ ਨੂੰ ਹੋਈ ਸੁਣਵਾਈ ਤੋਂ ਬਾਅਦ ਮਾਣਯੋਗ ਅਦਾਲਤ ਵਲੋਂ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀ ਜਿਸਦਾ ਅਗਲੇ ਸੋਮਵਾਰ ਨੂੰ ਐਲਾਨ ਹੋਣ ਦੀ ਸੰਭਾਵਨਾ ਹੈ ਅਤੇ ਨਗਰ ਨਿਗਮ ਚੋਣਾਂ ਦਾ ਭਵਿੱਖ ਅਦਾਲਤ ਦੇ ਆਉਣ ਵਾਲੇ ਫੈਸਲੇ ਤੇ ਹੀ ਨਿਰਭਰ ਕਰਦਾ ਹੈ।
ਨਗਰ ਨਿਗਮ ਦੇ ਮੇਅਰ ਸਮੇਤ ਸਮੂਹ ਕੌਂਸਲਰਾਂ ਦੇ ਸਾਬਕਾ ਹੋਣ ਦੀ ਸੂਰਤ ਵਿੱਚ ਨਗਰ ਨਿਗਮ ਦਾ ਕੰਮ ਚਲਾਉਣ ਲਈ ਇੱਥੇ ਆਈ ਏ ਐਸ ਪੱਧਰ ਦੇ ਕਿਸੇ ਸੀਨੀਅਰ ਅਧਿਕਾਰੀ ਨੂੰ ਪ੍ਰਸ਼ਾਸ਼ਕ ਨਿਯੁਕਤ ਕੀਤਾ ਜਾਵੇਗਾ ਅਤੇ ਨਗਰ ਨਿਗਮ ਦੇ ਕੰਮਾਂ ਕਾਰਾਂ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਦਖਲ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਅਤੇ ਇਹ ਪੂਰੀ ਤਰ੍ਹਾਂ ਅਫਸਰਸ਼ਾਹੀ ਦੇ ਰਵਈਏ ਤੇ ਨਿਰਭਰ ਹੋ ਜਾਣਗੇ। ਇਹ ਸਥਿਤੀ ਨਗਰ ਨਿਗਮ ਦੀ ਚੋਣ ਉਪਰੰਤ ਨਵੇਂ ਕੌਂਸਲਰਾਂ ਦੇ ਸੰਹੁ ਚੁੱਕਣ ਅਤੇ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤਕ ਜਾਰੀ ਰਹੇਗੀ ਅਤੇ ਲੋਕਾਂ ਨੂੰ ਨਗਰ ਨਿਗਮ ਨਾਲ ਸੰਬੰਧਿਤ ਆਪਣੇ ਕੰਮਾਂ ਕਾਰਾਂ ਲਈ ਫਿਰ ਅਫਸਰਾਂ ਦੇ ਦਫਤਰਾਂ ਦੇ ਚੱਕਰ ਲਗਾਉਣੇ ਪੈਣਗੇ।
Mohali-News-