ਨਗਰ ਕੌਂਸਲ ਜਗਰਾਉਂ ‘ਚ ਅਨੋਖਾ ਮੰਜਰ: ਕਾਰਜਕਾਰੀ ਪ੍ਰਧਾਨ ਵੱਲੋਂ ਹੀ ਕਮੇਟੀ ਅੰਦਰ ਧਰਨਾ
Mar19,2026
| Davinder Jain | Jagraon
ਆਸਮਾਨ ਤੋਂ ਇੰਦਰ ਦੇਵਤਾ ਠੰਡ ਬਰਸਾ ਰਹੇ ਸੀ ਨਗਰ ਕੌਂਸਲ ਅੰਦਰ ਗਹਿਮਾ ਗਹਿਮੀ ਚ ਪੂਰਾ ਟੈਂਪਪਰੇਚਰ ਹਾਈ ਤੇ ਪੂਰੀ ਗਰਮੀ ਚੱਲ ਰਹੀ ਸੀ ਇਹ ਵੀ ਦੇਖਣ ਯੋਗ ਮੰਜਰ ਰਿਹਾ।
**
ਜਗਰਾਉਂ, 19 ਮਾਰਚ (ਦਵਿੰਦਰ ਜੈਨ, ਫੋਟੋ: ਅਸ਼ਵਨੀ ਕੁਮਾਰ):
**
ਨਗਰ ਕੌਂਸਲ ਜਗਰਾਉਂ ਵਿੱਚ ਅੱਜ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸ਼ਹਿਰ ਵਿੱਚ ਚਰਚਾ ਛੇੜ ਦਿੱਤੀ। ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਕੰਵਰਪਾਲ ਪਾਲ ਸਿੰਘ ਨੇ ਕੁਝ ਕੌਂਸਲਰਾਂ (ਐਮਸੀਜ਼) ਦੇ ਨਾਲ ਮਿਲ ਕੇ ਕੌਂਸਲ ਦਫ਼ਤਰ ਅੰਦਰ ਹੀ ਧਰਨਾ ਲਗਾ ਦਿੱਤਾ। ਜਾਣਕਾਰੀ ਮੁਤਾਬਕ ਇਹ ਧਰਨਾ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ (ਈਓ) ਮੋਹਿਤ ਸ਼ਰਮਾ ਦੇ ਖ਼ਿਲਾਫ ਲਗਾਇਆ ਗਿਆ।
ਇਸ ਘਟਨਾ ਨੇ ਇੱਕ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਜਦੋਂ ਖੁਦ ਕਾਰਜਕਾਰੀ ਪ੍ਰਧਾਨ ਨੂੰ ਆਪਣੇ ਹੀ ਦਫ਼ਤਰ ਵਿੱਚ ਧਰਨਾ ਦੇਣਾ ਪੈ ਜਾਵੇ, ਤਾਂ ਆਮ ਜਨਤਾ ਦੇ ਮਸਲਿਆਂ ਦਾ ਹੱਲ ਕਿਵੇਂ ਹੋਵੇਗਾ।
ਸੂਤਰਾਂ ਅਨੁਸਾਰ ਮਾਮਲਾ ਇਮਾਰਤੀ ਨਕਸ਼ਿਆਂ ਦੀ ਮਨਜ਼ੂਰੀ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਹਾਲਾਂਕਿ ਜਦੋਂ ਇਸ ਬਾਰੇ ਕਾਰਜਕਾਰੀ ਪ੍ਰਧਾਨ ਅਤੇ ਨਾਲ ਮੌਜੂਦ ਕੌਂਸਲਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਕੋਈ ਸਪਸ਼ਟ ਜਵਾਬ ਸਾਹਮਣੇ ਨਹੀਂ ਆ ਸਕਿਆ ਅਤੇ ਮਾਮਲਾ ਰੋਲੇ-ਰੱਪੇ ਵਿੱਚ ਅਸਪਸ਼ਟ ਹੀ ਰਿਹਾ।
ਦੂਜੇ ਪਾਸੇ, ਜਦੋਂ ਈਓ ਮੋਹਿਤ ਸ਼ਰਮਾ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਨਗਰ ਕੌਂਸਲ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਕਾਰਵਾਈ ਜਾਂ ਦਬਾਅ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਹਰ ਕੰਮ ਕਾਨੂੰਨੀ ਪ੍ਰਕਿਰਿਆ ਅਧੀਨ, ਪੂਰੇ ਦਸਤਾਵੇਜ਼ਾਂ ਨਾਲ ਹੀ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਨੂੰ ਉਨ੍ਹਾਂ ਦੇ ਕੰਮ ਕਰਨ ਦੇ ਢੰਗ ਨਾਲ ਅਸਹਿਮਤੀ ਹੈ ਤਾਂ ਉਹ ਉਨ੍ਹਾਂ ਦੀ ਬਦਲੀ ਕਰਵਾ ਸਕਦਾ ਹੈ, ਪਰ ਉਹ ਗਲਤ ਕੰਮ ਨਹੀਂ ਕਰਨਗੇ।
ਈਓ ਦੇ ਇਸ ਸਖ਼ਤ ਰੁਖ਼ ਤੋਂ ਬਾਅਦ ਸ਼ਹਿਰ ਵਿੱਚ ਚਰਚਾ ਹੋਰ ਤੇਜ਼ ਹੋ ਗਈ ਹੈ। ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਜੇ ਸਿਸਟਮ ਦੇ ਅੰਦਰ ਹੀ ਤਾਲਮੇਲ ਦੀ ਕਮੀ ਹੈ, ਤਾਂ ਇਸਦਾ ਸਿੱਧਾ ਅਸਰ ਆਮ ਜਨਤਾ ਦੇ ਕੰਮਾਂ ‘ਤੇ ਪੈ ਸਕਦਾ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲਾ ਕਿਵੇਂ ਸਾਮ੍ਹਣੇ ਆਉਂਦਾ ਹੈ ਅਤੇ ਕੀ ਨਗਰ ਕੌਂਸਲ ਦੇ ਕੰਮ ਪਹਿਲਾਂ ਵਾਂਗ ਸੁਚਾਰੂ ਤਰੀਕੇ ਨਾਲ ਚੱਲਦੇ ਹਨ ਜਾਂ ਨਹੀਂ।
Jagraon-News