ਵਾਰਡਬੰਦੀ ਦਾ ਫਾਈਨਲ ਨੋਟਿਫਿਕੇਸ਼ਨ ਜਾਰੀ ਹੋਣ ਨਾਲ ਨਗਰ ਨਿਗਮ ਚੋਣਾਂ ਦਾ ਰਾਹ ਪੱਧਰਾ, ਸਿਆਸੀ ਸਰਗਰਮੀਆਂ ਵੀ ਹੋਈਆਂ ਤੇਜ਼ ਇਤਰਾਜਾਂ ਉਪੰਰਤ ਵਾਰਡ ਨੰਬਰ 32, 38, 39 ਅਤੇ 40 ਦਾ ਖੇਤਰ ਬਦਲਿਆ,
Jan1,2026
| Gurvinder Singh Mohali | Sas Nagar
ਕੁੱਝ ਹੋਰ ਵਾਰਡਾਂ ਵਿੱਚ ਵੀ ਕੀਤੀਆਂ ਮਾਮੂਲੀ ਤਬਦੀਲੀਆਂ
ਮੋਹਾਲੀ, 1 ਜਨਵਰੀ (ਗੁਰਵਿੰਦਰ ਸਿੰਘ) ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਨਗਰ ਨਿਗਮ ਦੀ ਵਾਰਡਬੰਦੀ ਦਾ ਫਾਈਨਲ ਨੋਟਿਫਿਕੇਸ਼ਨ ਜਾਰੀ ਕਰ ਦਿੱਤੇ ਜਾਣ ਨਾਲ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਰਾਹ ਪੱਧਰਾ ਹੋ ਗਿਆ ਹੈ। ਇਸਦੇ ਨਾਲ ਹੀ ਸ਼ਹਿਰ ਵਿੱਚ ਚੋਣ ਲੜਣ ਦੇ ਚਾਹਵਾਨ ਆਗੂਆਂ ਵਲੋਂ ਸਿਆਸੀ ਸਰਗਰਮੀਆਂ ਵੀ ਤੇਜ ਕਰ ਦਿੱਤੀਆਂ ਗਈਆਂ ਹਨ। ਇਸ ਵਾਰ ਨਗਰ ਨਿਗਮ ਦਾ ਖੇਤਰ ਪਹਿਲਾਂ ਦੇ ਮੁਕਾਬਲੇ ਕਾਫੀ ਵੱਧ ਜਾਣ ਦੇ ਬਾਵਜੂਦ ਵਾਰਡਾਂ ਦੀ ਗਿਣਤੀ 50 ਹੀ ਰਹਿਣ ਕਾਰਨ ਵਾਰਡਾਂ ਅਧੀਨ ਆਉਂਦੇ ਖੇਤਰ ਵਿੱਚ ਪਹਿਲਾਂ ਦੇ ਮੁਕਾਬਲੇ ਕਾਫੀ ਵਾਧਾ ਹੋਇਆ ਹੈ ਜਿਸਦਾ ਨਤੀਜਾ ਇਹ ਹੋਇਆ ਹੈ ਕਿ ਮੌਜੂਦਾ ਕੌਂਸਲਰ ਦੇ ਵਾਰਡ ਆਪਸ ਵਿੱਚ ਵੰਡੇ ਗਏ ਹਨ। ਅਜਿਹਾ ਹੋਣ ਕਾਰਨ ਜਿੱਥੇ ਜਿਆਦਾਤਰ ਕੌਂਸਲਰਾਂ ਦੇ ਵਾਰਡਾਂ ਵਿੱਚ ਪੁਰਾਣੇ ਦੀ ਥਾਂ ਨਵਾਂ ਖੇਤਰ ਸ਼ਾਮਿਲ ਹੋ ਗਿਆ ਹੈ ਉੱਥੇ ਇਸ ਦੌਰਾਨ ਇੱਥੋਂ ਵਾਰਡ ਵਿੱਚ ਦੋ ਤੋਂ ਤਿੰਨ ਕੌਂਸਲਰਾਂ ਦੇ ਆਪਸ ਵਿੱਚ ਹੀ ਭਿੜਣ ਦੀ ਸੰਭਾਵਨਾ ਬਣ ਗਈ ਹੈ। ਦੂਜੇ ਪਾਸੇ ਨਗਰ ਨਿਗਮ ਵਿੱਚ ਨਵੇਂ ਸ਼ਾਮਿਲ ਕੀਤੇ ਗਏ ਖੇਤਰਾਂ ਵਿੱਚ ਕਈ ਵਾਰਡ ਬਣੇ ਹਨ ਅਤੇ ਇਹਨਾਂ ਵਿੱਚੋਂ ਜਿਆਦਾਤਰ ਵਿੱਚ ਨਵੇਂ ਚਿਹਰੇ ਹੀ ਸਾਮ੍ਹਣੇ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ।
ਇਸ ਦੌਰਾਨ ਸਿਆਸੀ ਪਾਰਟੀਆਂ ਵਲੋਂ ਵੀ ਵੱਖ ਵੱਖ ਵਾਰਡਾਂ ਤੋਂ ਚੋਣ ਲੜ ਵਾਲੇ ਉਮੀਦਵਾਰਾਂ ਬਾਰੇ ਵਿਚਾਰ ਵਟਾਂਦਰਾ ਆਰੰਭਕੀਤਾ ਜਾ ਚੁੱਕਿਆ ਹੈ। ਇਸ ਸੰਬੰਧੀ ਜਿੱਥੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਵਲੋਂ ਸਾਰੀਆਂ 50 ਸੀਟਾਂ ਤੇ ਆਪੋ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਣੇ ਹਨ ਉੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਵੀ ਆਪਣੇ ਉਮੀਦਵਾਰ ਖੜ੍ਹਾਏ ਜਾਣੇ ਹਨ। ਇਸਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਜਾਦ ਉਮੀਦਵਾਰਾਂ ਵਲੋਂ ਵੀ ਕਿਸਮਤ ਅਜਮਾਈ ਜਾਣੀ ਹੈ। ਇਸ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ ਦੀ ਟਿਕਟ ਤੋਂ ਚੋਣ ਲੜਣ ਦੇ ਚਾਹਵਾਨ ਆਗੂਆਂ ਵਲੋਂ ਆਪੋ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤਾਂ ਦਾ ਦੌਰਾ ਆਰੰਭ ਦਿੱਤਾ ਗਿਆ ਹੈ ਅਤੇ ਇਸਦੇ ਨਾਲ ਹੀ ਇਹ ਉਮੀਦਵਾਰ ਆਪੋ ਆਪਣੇ ਪਸੰਦੀਦਾ ਵਰਡਾਂ ਵਿੱਚ ਲੋਕਾਂ ਨਾਲ ਸੰਪਰਕ ਕਰਕੇ ਆਪਣੀ ਦਾਅਵੇਦਾਰੀ ਮਜਬੂਤ ਕਰਦੇ ਦਿਖ ਰਹੇ ਹਨ।
ਇਸ ਦੌਰਾਨ ਚਰਚਾ ਹੈ ਕਿ ਪੰਜਾਬ ਸਰਕਾਰ ਵਲੋਂ ਨਗਰ ਨਿਗਮ ਦੀ ਚੋਣ ਫਰਵਰੀ ਜਾਂ ਅਪ੍ਰੈਲ ਮਹੀਨੇ ਵਿੱਚ ਕਰਵਾਈ ਜਾ ਸਕਦੀ ਹੈ ਅਤੇ ਵਾਰਡਬੰਦੀ ਦੀ ਫਾਈਨਲ ਨੋਟਿਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਸਿਆਸੀ ਪਾਰਾ ਗਰਮੀ ਫੜਦਾ ਦਿਖ ਰਿਹਾ ਹੈ।
Powered by Froala Editor
Sas-Nagar-News-