ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਜਨਰਲ ਕਾਉਸਲ ਦੀ ਇਕੱਤ੍ਰਤਾ ਅਕਾਡਮੀ ਦੇ
ਪ੍ਰਧਾਨ ਡਾ. ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨਗੀ ਮੰਡਲ ਵਿਚ ਅਕਾਡਮੀ
ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ, ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ
ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਸਨ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਮੂਹ ਮੈਂਬਰਾਂ ਨੂੰ ਜੀ
ਆਇਆਂ ਨੂੰ ਕਿਹਾ। ਉਨ੍ਹਾਂ ਦੋ ਸਾਲ ’ਚ ਹੋਣ ਵਾਲੇ ਕੰਮਾਂ ਵਿਚ ਉਨ੍ਹਾਂ ਵੱਡੇ ਕਾਰਜਾਂ
ਦਾ ਜ਼ਿਕਰ ਕੀਤਾ ਜਿਨ੍ਹਾਂ ਨਾਲ ਅਕਾਡਮੀ ਦਾ ਸਮਾਜ ਵਿਚ ਸਿਰ ਉੱਚਾ ਹੋਇਆ ਹੈ।
ਪ੍ਰੋ. ਕਿਸ਼ਨ ਸਿੰਘ ਰਚਨਾਵਲੀ ਦੇ ਸੰਪੂਰਨ ਸੈੱਟ ਤੋਂ ਇਲਾਵਾ ਆਲੋਚਨਾ ਮੈਗਜ਼ੀਨ ਦੀ
ਲਗਾਤਾਰਤਾ ਨੂੰ ਬਣਾਈ ਰੱਖਣਾ ਅਤੇ ਇਸ ਤੋਂ ਬਿਨਾਂ ਮਾਤ ਭਾਸ਼ਾ ਸੰਬੰਧੀ ਅਤੇ ਕੁਝ ਹੋਰ
ਪੁਸਤਕਾਂ ਵੀ ਛਾਪੀਆਂ। ਇਸ ਤੋਂ ਇਲਾਵਾ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਨਾਲ
ਮੀਟਿੰਗ ਕਰਕੇ ਪੰਜਾਬੀ ਭਾਸ਼ਾ ਦੇ ਗੰਭੀਰ ਮਸਲਿਆਂ ਨੂੰ ਹੱਲ ਕਰਵਾਇਆ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅਪ੍ਰੈਲ 2025 ਤੋਂ ਹੁਣ ਤੱਕ
ਦੀਆਂ ਸਾਹਿਤਕ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਜਨਰਲ ਕਾਉਸਲ ਵਲੋਂ
ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਉਨ੍ਹਾਂ ਅਕਾਡਮੀ ਵਲੋਂ ਉਲੀਕੇ ਗਏ ਸਮਾਗਮਾਂ
ਨੂੰ ਕਰਵਾਉਣ ਦੀ ਪ੍ਰਵਾਨਗੀ ਵੀ ਲਈ। ਡਾ. ਪੰਧੇਰ ਨੇ ਸਾਲ 2026-2027 ਦੇ ਅਨੁਮਾਨਤ
ਬਜਟ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਪਿਛਲੀ ਜਨਰਲ ਕਾਉਸਲ
ਤੋਂ ਬਾਅਦ ਨਵੇਂ ਬਣੇ ਜੀਵਨ ਮੈਂਬਰ ਨੂੰ ਸਰਬਸੰਮਤੀ ਨਾਲ ਜਨਰਲ ਕਾਉਸਲ ਵਲੋਂ ਪ੍ਰਵਾਨ
ਕੀਤਾ ਗਿਆ। ਅਕਾਡਮੀ ਦੀ ਅਪ੍ਰੈਲ 2026-2028 ਤੱਕ ਦੀ ਚੋਣ ਸੰਬੰਧੀ ਸਰਬਸੰਮਤੀ ਨਾਲ
ਫ਼ੈਸਲਾ ਕੀਤਾ ਗਿਆ ਕਿ ਚੋਣ 15 ਮਾਰਚ, 2026 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਕਰਵਾਈ
ਜਾਵੇਗੀ। ਇਹ ਵੀ ਪਾਸ ਕੀਤਾ ਗਿਆ ਕਿ ਇਹ ਚੋਣ ਕਰਾਉਣ ਲਈ ਮੁੱਖ ਚੋਣ ਅਧਿਕਾਰੀ ਸ੍ਰੀ
ਵਿਜੇ ਕੁਮਾਰ ਦੱਤਾ ਹੋਣਗੇ ਅਤੇ ਡਾ. ਬਲਵਿੰਦਰ ਸਿੰਘ ਔਲਖ, ਔਰਤ ਮੈਂਬਰ ਵਜੋਂ ਡਾ.
ਕੁਲਵਿੰਦਰ ਕੌਰ ਮਿਨਹਾਸ ਉਨ੍ਹਾਂ ਨੂੰ ਸਹਿਯੋਗ ਕਰਨਗੇ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਸਰਬਉੱਚ ਸਨਮਾਨ ਫ਼ੈਲੋਸ਼ਿਪ ਅਕਾਡਮੀ ਦੇ ਸਾਬਕਾ
ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੂੰ ਦੇਣ ਲਈ ਪ੍ਰਬੰਧਕੀ ਬੋਰਡ ਦੇ ਫ਼ੈਸਲੇ ਨੂੰ
ਸਰਬਸੰਮਤੀ ਨਾਲ ਜਨਰਲ ਕਾਉਸਲ ਵਲੋਂ ਪ੍ਰਵਾਨ ਕੀਤਾ ਗਿਆ।
ਅੱਜ ਦੀ ਜਨਰਲ ਕਾਉਸਲ ਵਿਚ ਅੱਠ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਪੰਜਾਬ ਦੀ ਧਰਤੀ
’ਤੇ ਸਕੂਲਾਂ, ਕਾਲਜਾਂ ਅਤੇ ਨਿੱਜੀ ਯੂਨੀਵਰਸਿਟੀਆਂ ਵਿਚ ਸਰਕਾਰੀ ਨਿਯਮਾਂ ਅਨੁਸਾਰ
ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇ, ਪੰਜਾਬ ਦੀਆਂ ਸਮੁੱਚੀਆਂ ਅਦਾਲਤਾਂ
ਦੀ ਕਾਰਵਾਈ ਪੰਜਾਬੀ ਭਾਸ਼ਾ ਵਿਚ ਹੋਵੇ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਪੰਜਾਬੀ
ਭਾਸ਼ਾ ਨੂੰ ਸਰਕਾਰੀ ਦਫ਼ਤਰੀ ਕੰਮ ਕਾਜ ਅਤੇ ਸਿੱਖਿਆ ਵਿਚ ਪਹਿਲਾ ਦਰਜਾ ਦਿਵਾਉਣ ਲਈ
ਸਰਕਾਰ ਆਪਣੀ ਜ਼ਿੰਮੇਂਵਾਰੀ ਨਿਭਾਵੇ, ਪੰਜਾਬ ਵਿਚ ਪੰਜਾਬੀ ਭਾਸ਼ਾ ਪ੍ਰਤੀ ਜਵਾਬਦੇਹੀ ਲਈ
ਪੰਜਾਬੀ ਵਿਚ ਕੰਮ ਨਾ ਕਰਨ ਵਾਲੇ ਸਮੂਹ ਸਰਕਾਰੀ ਅਰਧ ਸਰਕਾਰੀ ਅਤੇ ਨਿੱਜੀ ਖੇਤਰ ਦੇ
ਕਰਮਚਾਰੀਆਂ ਲਈ ਸਜ਼ਾ ਨਿਰਧਾਰਿਤ ਕਰਨ ਲਈ ਪੰਜਾਬੀ ਭਾਸ਼ਾ ਟਿ੍ਰਬਿਊਨਲ ਦੀ ਸਥਾਪਨਾ ਕੀਤੀ
ਜਾਵੇ, ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁੰਨਾਂ ਦੀ ਆਵਾਜ਼ ਬੰਦ ਕਰਨ ਦੀਆਂ
ਸਰਕਾਰੀ, ਗ਼ੈਰ ਸਰਕਾਰੀ ਅਤੇ ਫ਼ਿਰਕੂ ਕੋਸ਼ਿਸ਼ਾਂ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ,
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਇਤਿਹਾਸ ਅਤੇ ਕਾਰਜ ਨੂੰ ਮੁੱਖ ਰੱਖ ਕੇੇ ਸਰਕਾਰ
ਵਲੋਂ ਸਾਲਾਨਾ ਵਿਸ਼ੇਸ਼ ਗ੍ਰਾਂਟ ਦਾ ਪ੍ਰਬੰਧ ਕੀਤਾ ਜਾਵੇ, ਪੰਜਾਬ ਸਰਕਾਰ ਦੇ ਉੱਚ
ਅਧਿਕਾਰੀਆਂ ਵਲੋਂ ਖ਼ੁਦ ਮਾਤ ਭਾਸ਼ਾ ਦੀ ਕਾਨੂੰਨੀ ਪੁਜ਼ੀਸ਼ਨ ਦੀ ਉਲੰਘਣਾ ਕਰਨ ਦਾ ਨੋਟਿਸ
ਲੈਂਦਿਆਂ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਵਲੋਂ ਲਿਖੀ ਚਿੱਠੀ ਦੀ ਭਰਪੂਰ ਸ਼ਲਾਘਾ
ਕਰਦਿਆਂ ਪ੍ਰਸੰਸਾ ਮਤਾ ਪਾਇਆ ਗਿਆ। ਹਰਿਆਣਾ ਸਰਕਾਰ ਵਲੋਂ ਹਰਿਆਣਾ ਵਿਚ ਪੰਜਾਬੀ ਜ਼ੁਬਾਨ
ਨੂੰ ਦੂਜੀ ਭਾਸ਼ਾ ਦਾ ਵਿਹਾਰਕ ਦਰਜਾ ਪ੍ਰਦਾਨ ਕੀਤਾ ਜਾਵੇ। ਹਰਿਆਣਾ ਸਰਕਾਰ ਸਾਰੀਆਂ
ਅਕਾਡਮੀਆਂ ਸਮੇਤ ਪੰਜਾਬੀ ਸਾਹਿਤ ਅਕਾਡਮੀ ਹਰਿਆਣਾ ਦਾ ਪਹਿਲਾਂ ਵਾਲਾ ਰੁਤਬਾ ਬਹਾਲ
ਕਰੇ। ਭਾਸ਼ਾ ਵਿਭਾਗ ਪੰਜਾਬ ਦੇ ਪਟਿਆਲਾ ਵਿਖੇ ਦਫ਼ਤਰ ਦੇ ਨਾਲ ਜੋ ਲੇਖਕ ਘਰ ਬਣਿਆ ਹੋਇਆ
ਹੈ ਉਸ ਨੂੰ ਦੂਸਰੇੇ ਮਹਿਕਮੇ ਦੇ ਕਾਬਜ਼ ਹੋਣ ਤੋਂ ਖਾਲੀ ਕਰਵਾਇਆ ਜਾਵੇ। ਅਕਾਡਮੀ ਵਲੋਂ
ਇਹ ਮਤੇ ਕ੍ਰਮਵਾਰ ਡਾ. ਗੁਰਇਕਬਾਲ ਸਿੰਘ, ਡਾ. ਸੰਤੋਖ ਸਿੰਘ ਸੁੱਖੀ, ਸ੍ਰੀ ਜਸਵੀਰ
ਝੱਜ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਗੁਰਚਰਨ ਕੌਰ ਕੋਚਰ, ਸ੍ਰੀ ਸ਼ਬਦੀਸ਼, ਸ੍ਰੀ
ਸੁਰਿੰਦਰ ਕੈਲੇ, ਡਾ. ਹਰਵਿੰਦਰ ਸਿੰਘ ਸਿਰਸਾ ਨੇ ਪੇਸ਼ ਕੀਤੇ।
ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਯੂਰਪ ਦੇ ਸਾਰੇ
ਮੁਲਕਾਂ ਵਿਚ ਮਾਤ ਭਾਸ਼ਾ ਵਿਚ ਕੰਮ ਹੁੰਦਾ ਹੈ ਤੇ ਸਾਰੇ ਮੁਲਕਾਂ ਨੇ ਭਰਪੂਰ ਤਰੱਕੀ
ਕੀਤੀ ਹੈ। ਇਹ ਮਿਥ ਹੈ ਕਿ ਅੰਗਰੇਜ਼ੀ ਤੋਂ ਬਿਨਾਂ ਵਿਕਾਸ ਨਹੀਂ ਹੋ ਸਕਦਾ। ਉਨ੍ਹਾਂ
ਕਿਹਾ ਕਿ ਸਿਰਫ਼ ਮਤੇ ਪਾਸ ਕਰਨ ਨਾਲ ਪੰਜਾਬੀ ਲਾਗੂ ਨਹੀਂ ਹੋਣੀ, ਇਨ੍ਹਾਂ ਨੂੰ ਲਾਗੂ
ਕਰਵਾਉਣ ਲਈ ਤਨਦੇਹੀ ਨਾਲ ਕੰਮ ਵੀ ਕਰਨਾ ਪੈਣਾ ਹੈ। ਇਸ ਟੀਮ ਨੇ ਬਹੁਤ ਦਿਲ ਲਗਾ ਕੇ
ਕੰਮ ਕੀਤਾ ਹੈ। ਲੇਖਕ ਨੂੰ ਲਿਖਣ ਸਮੇਂ ਸੁਚੇਤ ਹੋਣਾ ਪਵੇਗਾ ਕਿ ਉਸ ਨੂੰ ਪੜ੍ਹਿਆ ਵੀ
ਜਾ ਰਿਹਾ ਹੈ? ਭਾਵੇਂ ਹਰ ਬੰਦਾ ਸਿਆਸੀ ਹੈ, ਉਸ ਨੂੰ ਆਪਣੀ ਜ਼ਿੰਮੇਂਵਾਰੀ ਸਮਝ ਕੇ ਕੰਮ
ਕਰਨਾ ਚਾਹੀਦਾ ਹੈ। ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਪਿਛਲੇ
ਦੋ ਸਾਲਾਂ ਦੌਰਾਨ ਕੀਤੇ ਸਫ਼ਲਤਾਪੂਰਕ ਭਰਪੂਰ ਕਾਰਜਾਂ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ
ਕਿ ਪੰਜਾਬੀ ਭਾਸ਼ਾ, ਸਭਿਆਚਾਰ ਨੂੰ ਬਚਾਉਣ ਲਈ ਉਪਰਾਲੇ ਸੁਚੇਤ ਲੇਖਕਾਂ ਨੇ ਹੀ ਕਰਨੇ
ਹੁੰਦੇ ਹਨ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ
ਅਸੀਂ ਲਿਖ ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਨਹੀਂ ਵਰਤੋਂ ਕਰ ਰਹੇ ਹਾਂ। ਉਨ੍ਹਾਂ ਇਸ
ਟੀਮ ਦੇ ਕੰਮਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਚੰਗੀਆਂ ਲੀਹਾਂ ’ਤੇ ਕੰਮ ਹੋਇਆ ਹੈ। ਸ.
ਮਲਕੀਅਤ ਸਿੰਘ ਔਲਖ ਨੇ ਮੌਜੂਦਾ ਟੀਮ ਦੇ ਕੰਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਲੇਖਕਾਂ
ਨੂੰ ਗਰੁੱਪਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬੀ ਭਾਸ਼ਾ ਲਈ ਕੰਮ ਕਰਨ ਦੀ ਅਪੀਲ ਕੀਤੀ। ਡਾ.
ਰਤਨ ਸਿੰਘ ਢਿੱਲੋਂ ਨੇ ਟੀਮ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਮੇਂ ਅਕਾਡਮੀ
ਨੇ ਪੰਜਾਬ ਤੋਂ ਬਾਹਰ ਵੀ ਉਡਾਰੀ ਭਰੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੀ ਤਰ੍ਹਾਂ
ਭਾਸ਼ਾ ਵਿਭਾਗ, ਪੰਜਾਬ ਵਲੋਂ ਲੇਖਕਾਂ ਨੂੰ ਬੁਲਾਉਣ ਸਮੇਂ ਕਿਰਾਇਆ ਵੀ ਦਿੱਤਾ ਜਾਣਾ
ਚਾਹੀਦਾ ਹੈ। ਇਸ ਤੋਂ ਇਲਾਵਾ ਸ੍ਰੀ ਸੁਰਿੰਦਰ ਕੈਲੇ, ਸ੍ਰੀ ਨਵਤੇਜ ਗੜ੍ਹਦੀਵਾਲਾ, ਸ੍ਰੀ
ਪਵਨ ਹਰਚੰਦਪੁਰੀ ਨੇ ਸੰਬੋਧਨ ਕੀਤਾ।
ਇਸ ਸਮੇਂ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਿਖੇ ਸੇਵਾਰਤ
ਦਫ਼ਤਰ ਇੰਚਾਰਜ ਸ੍ਰੀਮਤੀ ਸੁਰਿੰਦਰ ਦੀਪ ਦੇ ਕੰਮ ਦੀ ਪ੍ਰਸੰਸਾ ਕਰਦਿਆਂ ਜਨਰਲ ਸਕੱਤਰ
ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪ੍ਰਸੰਸਾ ਪੱਤਰ ਪੜ੍ਹਿਆ। ਉਨ੍ਹਾਂ ਨੂੰ ਪੰਜਾਬੀ ਸਾਹਿਤ
ਅਕਾਡਮੀ, ਲੁਧਿਆਣਾ ਵਲੋਂ ਡਾ. ਸਰਬਜੀਤ ਸਿੰਘ, ਡਾ. ਸ. ਸ. ਜੌਹਲ, ਡਾ. ਸੁਖਦੇਵ ਸਿੰਘ
ਸਿਰਸਾ, ਡਾ. ਪਾਲ ਕੌਰ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪ੍ਰਸੰਸਾ ਪੱਤਰ ਅਤੇ ਸ਼ਾਲ
ਭੇਟ ਕਰਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਅਕਾਡਮੀ ਦਾ ਨਵ ਪ੍ਰਕਾਸ਼ਿਤ ਰਸਾਲਾ ‘ਆਲੋਚਨਾ’ ਅਤੇ ਸੁਰਿੰਦਰ ਕੈਲੇ ਵਲੋਂ
ਸੰਪਾਦਿਤ ਰਸਾਲਾ ਅਣੂ ਲੋਕ ਅਰਪਣ ਕੀਤਾ ਗਿਆ।
ਅਕਾਡਮੀ ਪਰਿਵਾਰ ਤੋਂ ਵਿਛੜ ਚੁੱਕੇ ਮੈਂਬਰਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾ
ਸੁਮਨ ਭੇਟ ਕੀਤੇ।
ਅਖ਼ੀਰ ਵਿਚ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕੜਾਕੇ ਦੀ ਸਰਦੀ ਵਿਚ
ਜਨਰਲ ਕਾਉਸਲ ਵਿਚ ਪਹੁੰਚ ਕੇ ਹਾਜ਼ਰੀ ਭਰਨ ਵਿਚ ਯੋਗਦਾਨ ਪਾਉਣ ਲਈ ਸਮੂਹ ਮੈਂਬਰਾਂ ਦਾ
ਹਾਰਦਿਕ ਧੰਨਵਾਦ ਕੀਤਾ।
ਜਨਰਲ ਕਾਉਸਲ ਦੀ ਇਕੱਤ੍ਰਤਾ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਰਾਜਸਥਾਨ ਆਦਿ
ਤੋਂ ਇਲਾਵਾ ਕਾਫ਼ੀ ਗਿਣਤੀ ਵਿਚ ਅਕਾਡਮੀ ਦੇ ਮੈਂਬਰ ਸ਼ਾਮਲ ਹੋਏ।
Powered by Froala Editor
Punjabi-Sahit-Acadamy-Ludhiana-Election-2026
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)