ਪੁਸਤਕ ਮੇਲਾ ਤੇ ਸਾਹਿਤ ਉਤਸਵ (14-17 ਨਵੰਬਰ) ਦਾ ਪੋਸਟਰ ਕੀਤਾ ਜਾਰੀ
ਸਪੀਕਰ ਵਿਧਾਨ ਸਭ ਪੰਜਾਬ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪੰਜਾਬੀ ਸਾਹਿਤ ਅਕਾਡਮੀ,
ਲੁਧਿਆਣਾ ਵਿਖੇ ਸਦਭਾਵਨਾ ਫੇਰੀ ਪਾਈ। ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ
ਅਤੇ ਡਾ. ਸ. ਪ. ਸਿੰਘ ਨੇ ਫੁੱਲਾਂ ਦੇ ਗੁਲਦਸਤਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ।
ਡਾ. ਸਰਬਜੀਤ ਸਿੰਘ ਨੇ ਸਪੀਕਰ ਸੰਧਵਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ
ਅਕਾਡਮੀ, ਲੁਧਿਆਣਾ ਨੂੰ ਕੰਮ ਕਰਦਿਆਂ ਸੱਤ ਦਹਾਕੇ ਹੋ ਗਏ ਹਨ। ਅਕਾਡਮੀ ਕੋਲ ਆਪਣਾ
ਸੈਮੀਨਾਰ ਹਾਲ, ਖੁੱਲ੍ਹਾ ਰੰਗ ਮੰਚ ਹੈ ਜਿਸ ਦੇ ਲਈ ਸਹਿਯੋਗੀ ਅਤੇ ਲੇਖਕ ਹੀ ਸਾਧਨ
ਜੁਟਾਉਦੇ ਹਨ। 2008 ਵਿਚ ਉਦੋਂ ਦੀ ਮੌਜੂਦਾ ਅਕਾਲੀ ਸਰਕਾਰ ਨੇ ਪੰਜਾਬੀ ਹਿਤੈਸ਼ੀਆਂ ਦੇ
ਵਲੋਂ ਸੋਧਿਆ ਐਕਟ ਤਾਂ ਪਾਸ ਕੀਤਾ ਪਰ ਹਕੀਕਤ ਵਿਚ ਗੌਲਿਆ ਨਹੀਂ ਗਿਆ। ਹੁਣ ਪੰਜਾਬੀ ਦੀ
ਪੜ੍ਹਾਈ ਅਦਾਰਿਆਂ ਵਿਚ ਜ਼ਰੂਰੀ ਹੈ ਪਰ ਨਿੱਜੀ ਯੂਨੀਵਰਸਿਟੀਆਂ ਪੰਜਾਬੀ ਪੜ੍ਹਾਉਣ ਨੂੰ
ਦਰ ਕਿਨਾਰ ਕਰ ਰਹੀਆਂ ਹਨ ਜਦ ਕਿ ਉਨ੍ਹਾਂ ਦੇ ਮਾਡਲ ਵਿਚ ਪੰਜਾਬੀ ਪੜ੍ਹਾਉਣਾ ਜ਼ਰੂਰੀ
ਹੈ। ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਪੜ੍ਹਾਉਣਾ ਲਾਜ਼ਮੀ ਹੈ। ਜਿਸ ਨੂੰ ਲਾਗੂ ਕਰਵਾਉਣ ਲਈ
ਸਰਕਾਰ ਉਪਰਾਲਾ ਕਰੇ ਤਾਂ ਜੋ ਪੰਜਾਬੀ ਲਾਗੂ ਕਰਵਾਈ ਜਾ ਸਕੇ। ਪੰਜਾਬ ਸਰਕਾਰ ਵਲੋਂ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਪੰਜਾਬੀ ਬੋਲੀ, ਭਾਸ਼ਾ ਅਤੇ ਸਭਿਆਚਾਰ ਬਾਰੇ
ਚਿੰਤਤ ਸੰਸਥਾਵਾਂ ਨੂੰ ਉਤਸ਼ਾਹਿਤ ਕੀਤਾ ਜਾਵੇ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ
ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸ. ਕੁਲਤਾਰ
ਸਿੰਘ ਸੰਧਵਾਂ ਨੂੰ ਸਨਮਾਨ ਚਿੰਨ੍ਹ, ਪੁਸਤਕਾਂ ਦਾ ਸੈੱਟ ਅਤੇ ਦੋਸ਼ਾਲਾ ਦੇ ਕੇ ਸਨਮਾਨਤ
ਕੀਤਾ।
ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਨੇ ਕਿਹਾ ਆਪਣੀ ਜ਼ੁਬਾਨ ਤੋਂ ਪਾਸਾ
ਵੱਟਣਾ ਗੁਲਾਮੀ ਦੀ ਨਿਸ਼ਾਨੀ ਹੁੰਦੀ ਹੈ। ਪਬਲਿਕ ਸਕੂਲਾਂ ਵਿਚ ਅੰਗਰੇਜ਼ੀ ਤੇ ਹਿੰਦੀ
ਬੁਲਾਈ ਜਾਂਦੀ ਹੈ। ਮੈਂ ਨਿੱਜੀ ਤੌਰ ’ਤੇ ਕਿਸੇ ਵੀ ਭਾਸ਼ਾ ਦਾ ਵਿਰੋਧੀ ਨਹੀਂ ਪਰ ਸਾਨੂੰ
ਆਪਣੇ ਘਰਾਂ ਵਿਚ ਪੰਜਾਬੀ ਜ਼ਰੂਰ ਬੋਲਣੀ ਚਾਹੀਦੀ ਹੈ। ਪੰਜਾਬ ਸਰਕਾਰ ਪਿਛਲੀਆਂ ਸਰਕਾਰਾਂ
ਦੇ ਪੰਜਾਬੀ ਭਾਸ਼ਾ ਬਾਰੇ ਬਣਾਏ ਗਏ ਐਕਟ ਨੂੰ ਸਹੀ ਮਾਅਨਿਆਂ ਵਿਚ ਲਾਗੂ ਕਰੇ। ਗੁਰੂ
ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵੀ.ਸੀ. ਡਾ. ਸ. ਪ. ਸਿੰਘ ਨੇ ਕਿਹਾ ਕਿ ਆਸ ਹੈ ਕਿ
ਪੰਜਾਬ ਸਰਕਾਰ ਸੰਜੀਦਾ ਕੰਮ ਕਰੇਗੀ। ਨਿੱਜੀ ਯੂਨੀਵਰਸਟਿੀਆਂ ਵਿਚ ਪੰਜਾਬੀ ਲਾਗੂ ਹੋਣ
ਦੇ ਨਾਲ ਪੰਜਾਬ ਦੇ ਸਭਿਆਚਾਰ ਨੂੰ ਹੁੰਗਾਰਾ ਮਿਲੇਗਾ। ਡਾ. ਦੇਵਿੰਦਰ ਸੈਫ਼ੀ ਨੇ ਸਪੀਕਰ
ਸੰਧਵਾਂ ਦੇ ਸਰਕਾਰੀ ਕੰਮਾਂ ਤੋਂ ਬਿਨਾਂ ਸਮਾਜਸੇਵੀ ਗਤੀਵਿਧੀਆਂ ਬਾਰੇ ਨਿੱਠ ਕੇ
ਜਾਣ-ਪਛਾਣ ਕਰਵਾਈ। ਗੁਰਪ੍ਰੀਤ ਸਿੰਘ ਤੂਰ ਨੇ ਪੰਜਾਬ ਦੇ ਪ੍ਰਵਾਸ ਬਾਰੇ ਅਹਿਮ ਨੁਕਤੇ
ਉਠਾਏ ਅਤੇ ਆਪਣੀ ਪੁਸਤਕ ਭੇਟ ਕੀਤੀ।
ਸਪੀਕਰ ਪੰਜਾਬ ਸਰਕਾਰ ਸ. ਕੁਲਤਾਰ ਸਿੰਘ ਸੰਧਵਾਂ ਜੀ ਨੇ ਕਿਹਾ ਪੰਜਾਬ ਦੇ ਹਰ ਤਬਕੇ
ਨਾਲ ਭੈੜੀ ਸਾਜਿਸ਼ ਚਲ ਰਹੀ ਹੈ। ਸਾਡਾ ਝੋਨਾ ਨਹੀਂ ਝੁਕਿਆ ਜਾ ਰਿਹਾ ਜੋ ਕਿ ਛੇ ਮਹੀਨੇ
ਪਹਿਲਾਂ ਚੁਕਿਆ ਜਾਣਾ ਜ਼ਰੂਰੀ ਸੀ। ਜੇ ਪੰਜਾਬ ਕਮਜ਼ੋਰ ਹੋ ਗਿਆ ਤਾਂ ਸਮਝੋ ਪੰਜਾਬੀ ਆਪੇ
ਹੀ ਕਮਜ਼ੋਰ ਹੋ ਗਈ। ਗੁਰੂ ਸਾਹਿਬਾਨ ਨੇ ਬਹੁਤ ਬੋਲੀਆਂ ਵਿਚ ਲਿਖਿਆ ਪਰ ਮਹੱਤਤਾ ਪੰਜਾਬੀ
ਦੀ ਹੀ ਰਹੀ। ਪੰਜਾਬ ਤੇ ਪੰਜਾਬੀ ਪਿੰਡਾਂ ਵਿਚ ਹੈ। ਸਾਨੂੰ ਪੰਜਾਬੀ ਬਾਰੇ ਹੀਣਭਾਵਨਾ
ਮਨ ਵਿਚੋਂ ਕੱਢ ਦੇਣੀ ਚਾਹੀਦੀ ਹੈ। ਇਸ ਸਮੇਂ ਉਠਾਏ ਅਹਿਮ ਨੁਕਤੇ ਬਾਰੇ ਬੋਲਦਿਆਂ
ਉਨ੍ਹਾਂ ਕਿਹਾ ਕਿ ਨਿੱਜੀ ਯੂਨੀਵਰਸਿਟੀਆਂ ਬਾਰੇ ਤੁਸੀਂ ਅਹਿਮ ਤੇ ਗੰਭੀਰ ਮਸਲਾ ਉਠਾਇਆ
ਹੈ। ਜਲਦੀ ਹੀ ਪੱਤਰ ਜਾਰੀ ਕਰਕੇ ਉਸ ਦਾ ਉਤਾਰਾ ਤੁਹਾਨੂੰ ਭੇਜ ਦਿੱਤਾ ਜਾਵੇਗਾ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਬਾਰੇ
ਕਰਵਾਏ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਆਪਣੇ ਅਖ਼ਤਿਆਰੀ ਫ਼ੰਡ ਵਿਚੋਂ ਪੰਜ
ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਹਰ ਦੇਸ਼ ਨੇ ਤਰੱਕੀ ਆਪਣੀ ਭਾਸ਼ਾ ਵਿਚ
ਹੀ ਕੀਤੀ ਹੈ। ਲੋਕਮਨਾਂ ਵਿਚ ਆਪਦੀ ਮਾਂ ਬੋਲੀ ਪੰਜਾਬੀ ਪ੍ਰਤੀ ਮੋਹ ਲੇਖਕ ਹੀ ਪੈਦਾ ਕਰ
ਸਕਦੇ ਹਨ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਹੁਣ ਵਿਧਾਨ ਸਭਾ ਵਿਚ ਪੰਜਾਬੀ ਬੋਲਣ ਨੂੰ
ਪਹਿਲ ਦਿੱਤੀ ਜਾਂਦੀ ਹੈ। ਅਸੀਂ ਜਲਦੀ ਹੀ ਇਕ ਮੀਟਿੰਗ ਵਿਧਾਨ ਸਭਾ ਵਿਚ ਸੱਦ ਕੇ ਆਪ ਸਭ
ਨੂੰ ਵਿਚਾਰ ਵਟਾਂਦਰੇ ਸੱਦਾ ਦੇਵਾਂਗੇ। ਰੁਜ਼ਗਾਰ ਨਾਲ ਜੁੜੀ ਭਾਸ਼ਾ ਹੀ ਵਧਦੀ ਫੁਲਦੀ ਹੈ
ਜੋ ਕਿ ਸਰਕਾਰ ਦਾ ਕੰਮ ਹੈ ਕਿ ਬੋਲੀ ਨਾਲ ਜੁੜੇ ਰੁਜਗਾਰ ਦੇਣਾ ਸਾਡੀ ਕੋਸ਼ਿਸ ਰਹੇਗੀ।
ਸਮਾਗਮ ਦਾ ਮੰਚ ਸੰਚਾਲਨ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ
ਕਰਦਿਆਂ ਸਭ ਦਾ ਧੰਨਵਾਦ ਕੀਤਾ।
ਇਸ ਮੌਕੇ ਅਕਾਡਮੀ ਵਲੋਂ ਕਰਵਾਏ ਜਾ ਰਹੇ ਪੁਸਤਕ ਮੇਲਾ ਅਤੇ ਸਾਹਿਤ ਉਤਸਵ (14 ਤੋਂ 17
ਨਵੰਬਰ) ਦਾ ਪੋਸਟਰ ਜਾਰੀ ਕਰਦਿਆਂ ਸ. ਕੁਲਤਾਰ ਸਿੰਘ ਸੰਧਵਾਂ ਜੀ ਨੇ ਕਿਹਾ ਕਿ ਪਾਠਕਾਂ
ਤੱਕ ਪੁਸਤਕਾਂ ਪਹੁੰਚਾਉਣ ਦਾ ਅਕਾਡਮੀ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ। ਇਸ ਤਰ੍ਹਾਂ ਦੇ
ਉਪਰਾਲੇ ਵੱਖ ਵੱਖ ਹੋਰ ਵੀ ਖਿੱਤਿਆਂ ਵਿਚ ਕੀਤੇ ਜਾਣੇ ਚਾਹੀਦੇ ਹਨ। ਮੀਤ ਪ੍ਰਧਾਨ ਡਾ.
ਗੁਰਚਰਨ ਕੌਰ ਕੋਚਰ ਨੇ ਆਪਣੀ ਪੁਸਤਕ ਗ਼ਜ਼ਲ ਅਸ਼ਰਫ਼ੀਆਂ, ਸਕੱਤਰ, ਸਾਹਿਤ ਸਰਗਰਮੀਆਂ ਡਾ.
ਹਰੀ ਸਿੰਘ ਜਾਚਕ ਨੇ ਸੰਧਵਾਂ ਜੀ ਬਾਰੇ ਲਿਖੀ ਕਵਿਤਾ, ਦਫ਼ਤਰ ਇੰਚਾਰਜ ਸੁਰਿੰਦਰਦੀਪ ਨੇ
ਆਪਣੀਆਂ ਦੋ ਪੁਸਤਕਾਂ ‘ਮਨ ਦੇ ਮੋਤੀ’ ਅਤੇ ‘ਮਹਿੰਦੀ’ ਪੁਸਤਕਾਂ, ਅਤੇ ਮਨਦੀਪ ਕੌਰ
ਭੰਮਰਾ ਨੇ ਆਪਣੀ ਕਿਤਾਬ ਨਿਆਜ਼ਬੋ ਸੰਧਵਾਂ ਜੀ ਨੂੰ ਭੇਟਾ ਕੀਤੀਆਂ। ਇਸ ਮੌਕੇ ਹੋਰਨਾਂ
ਤੋਂ ਇਲਾਵਾ ਐਸ.ਡੀ.ਐਮ ਖੰਨਾ ਬਲਜਿੰਦਰ ਸਿੰਘ ਢਿੱਲੋਂ, ਨਾਇਬ ਤਸੀਲਦਾਰ ਕੂਮਕਲਾ
ਅਨੁਰਾਧਾ ਖੋਸਲਾ, ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ, ਗੁਰਮੀਤ ਸਿੰਘ (ਗੁਰੂ
ਗੋਬਿੰਦ ਸਿੰਘ ਸਟੱਡੀ ਸਰਕਲ) ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਜਸਵੀਰ ਝੱਜ, ਅਕਾਡਮੀ
ਦੇ ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਡਾ. ਜਗਵਿੰਦਰ ਜੋਧਾ, ਦੀਪ ਜਗਦੀਪ
ਸਿੰਘ, ਇੰਜ. ਕਰਮਜੀਤ ਸਿੰਘ ਨੂਰ, ਇੰਦਰਜੀਤਪਾਲ ਕੌਰ, ਅਮਰਜੀਤ ਸ਼ੇਰਪੁਰੀ, ਭੁਪਿੰਦਰ
ਸਿੰਘ ਚੌਕੀਮਾਨ, ਬਲਵਿੰਦਰ ਗਲੈਕਸੀ, ਮੀਤ ਅਨਮੋਲ, ਦਲਵੀਰ ਲੁਧਿਆਣਵੀ, ਰਜਿੰਦਰ ਸਿੰਘ,
ਗੁਰਮੇਜ ਭੱਟੀ, ਡਾ. ਹਰਜੀਤ ਸਿੰਘ, ਡਾ. ਗੁਰਪ੍ਰੀਤ ਸਿੰਘ, ਮਨਦੀਪ ਕੌਰ ਰਾਏ, ਸੁਸ਼ੋਬਨ
ਸਾਹਾ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।
Powered by Froala Editor
Punjab-Assembly-Speaker-Kultar-Singh-Sandhwain-Punjabi-Sahit-Academy-Ludhiana-Book-Fair-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)