ਕੈਨੇਡਾ ਵੱਸਦੇ ਪੰਜਾਬੀ ਕਵੀ ਮੰਗਾ ਸਿੰਘ ਬਾਸੀ ਦੇ ਸਤਿਕਾਰਤ ਬਾਪੂ ਜੀ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਸ ਪ੍ਰੀਤਮ ਸਿੰਘ ਬਾਸੀ ਜੀ ਦੀ ਯਾਦ ਵਿੱਚ ਸਥਾਪਿਤ ਪੁਰਸਕਾਰ ਇਸ ਸਾਲ ਉੱਘੇ ਅਗਾਂਹਵਧੂ ਕਿਸਾਨ ਤੇ ਪੰਜਾਬੀ ਲੇਖਕ ਸ ਮਹਿੰਦਰ ਸਿੰਘ ਦੋਸਾਂਝ ਨੂੰ ਦੇਣ ਦਾ ਬੀਤੀ ਸ਼ਾਮ ਸਰੀ(ਕੈਨੇਡਾ) ਵਿੱਚ ਫ਼ੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਉੱਘੇ ਨਾਵਲਕਾਰ ਤੇ ਪੁਰਸਕਾਰ ਚੋਣ ਕਮੇਟੀ ਦੇ ਚੇਅਰਮੈਨ ਸ ਜਰਨੈਲ ਸਿੰਘ ਸੇਖਾ ਤੇ ਮੰਗਾ ਸਿੰਘ ਬਾਸੀ ਨੇ ਦਿੱਤੀ ਹੈ। ਇਸ ਪੁਰਸਕਾਰ ਵਿੱਚ 51ਹਜ਼ਾਰ ਰੁਪਏ ਦੀ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਤੇ ਦੋਸ਼ਾਲਾ ਭੇਂਟ ਕੀਤਾ ਜਾਂਦਾ ਹੈ। ਇਹ ਪੁਰਸਕਾਰ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਵੱਸਦੇ ਪੰਜਾਬੀ ਕਵੀ ਤੇ ਬਾਸੀ ਪਰਿਵਾਰ ਦੇ ਨਜ਼ਦੀਕੀ ਸਬੰਧੀ ਰਵਿੰਦਰ ਸਹਿਰਾਅ ਦੇ ਪੰਜਾਬ ਪਹੁੰਚਣ ਤੇ ਦਿੱਤਾ ਜਾਵੇਗਾ। ਮਹਿੰਦਰ ਸਿੰਘ ਦੋਸਾਂਝ ਬਾਰੇ ਜਾਣਕਾਰੀ ਦੇਂਦਿਆਂ ਪੁਰਸਕਾਰ ਚੋਣ ਕਮੇਟੀ ਦੇ ਮੈਂਬਰ ਮੋਹਨ ਗਿੱਲ ਨੇ ਦੱਸਿਆ ਕਿ ਸਃ ਮਹਿੰਦਰ ਸਿੰਘ ਦੋਸਾਂਝ ਦਾ ਜਨਮ ਪ੍ਰਿੰਸੀਪਲ ਗੁਰਚਰਨ ਸਿੰਘ ਦੋਸਾਂਝ ਦੇ ਘਰ 5 ਫਰਵਰੀ 1940 ਨੂੰ ਪਿੰਡ ਜਗਤਪੁਰ, (ਜ਼ਿਲਾ ਸ਼ਹੀਦ ਭਗਤ ਸਿੰਘ ਨਗਰ) ਵਿਖੇ ਹੋਇਆ। ਸਕੂਲ ਦੀ ਰਸਮੀ ਸਿੱਖਿਆ ਤੋਂ ਲਾਂਭੇ ਰਹਿ ਕੇ ਹੀ ਉਸ ਬੁੱਧੀਮਾਨੀ ਤੇ ਗਿਆਨੀ ਪਾਸ ਕੀਤੀ। ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਦੇ ਗੂੜ੍ਹ ਗਿਆਤਾ ਸ ਦੇਸਾਂਝ ਨੇ ਸਾਹਿੱਤ ਸਿਰਜਣਾ ਦੇ ਨਾਲ ਨਾਲ ਅਗਾਂਹਵਧੂ ਖੇਤੀ ਕਰਕੇ ਵੀ ਅੰਤਰ ਰਾਸ਼ਟਰੀ ਪਛਾਣ ਬਣਾਈ। ਗਿਆਨ ਪ੍ਰਾਪਤੀ ਲਈ ਯਾਤਰਾਵਾਂ ਕਰਨਾ ਆਪ ਦਾ ਬੁਨਿਆਦੀ ਸ਼ੌਕ ਹੈ। ਰਾਸ਼ਟਰੀ ਪੱਧਰ ਤੇ ਜੰਮੂ ਕਸ਼ਮੀਰ ਕੇਰਲਾ,ਆਂਧਰਾ ਪ੍ਰਦੇਸ਼,ਤਾਮਿਲਨਾਡੂ ਕਰਨਾਟਕਾ,ਮਹਾਂਰਾਸ਼ਟਰਾ ਤੇ ਕਈ ਵਾਰ ਹਿਮਾਚਲ ਪ੍ਰਦੇਸ ਦੀ ਯਾਤਰਾ ਕੀਤੀ। ਅੰਤਰ-ਰਾਸ਼ਟਰੀ ਪੱਧਰ ਤੇ ਸਃ ਮਹਿੰਦਰ ਸਿੰਘ ਦੋਸਾਂਝ ਨੇ ਥਾਈਲੈਂਡ (1986), ਇੰਗਲੈਂਡ (1990), ਹਾਲੈਂਡ (1990 ਤੇ 1998), ਕੇਨੈਡਾ ਤੇ ਅਮਰੀਕਾ (1994 ਤੇ 1998), ਪਾਕਿਸਤਾਨ (2001) ਦਾ ਦੌਰਾ ਕੀਤਾ। ਆਪ ਨੂੰ ਖੇਤੀਬਾੜੀ ਖੋਜ ਨਾਲ ਸਬੰਧਿਤ ਅਦਾਰਿਆਂ ਦੀਆਂ ਕਮੇਟੀਆਂ ਤੇ ਸੰਸਥਾਵਾਂ ਦੀ ਮੈਂਬਰਸ਼ਿਪ ਵੀ ਹਾਸਲ ਹੈ ਜਿੰਨ੍ਹਾਂ ਵਿੱਚੋਂ ਮੈਂਬਰ, ਪੀ.ਏ.ਯੂ. ਰਿਸਰਚ ਕੌਂਸਲ ਲੁਧਿਆਣਾ,ਪੀ.ਏ.ਯੂ. ਪਬਲੀਕੇਸ਼ਨ ਕਮੇਟੀ, ਮੈਂਬਰ, ਜ਼ਿਲਾ ਖੇਤੀਬਾੜੀ ਪੈਦਾਵਾਰ ਕਮੇਟੀ ਨਵਾਂ ਸ਼ਹਿਰ। ਮੈਂਬਰ, ਜ਼ਿਲਾ ਹਾਈਪਾਵਰ ਕਮੇਟੀ ਸਹਿਕਾਰਤਾ ਵਿਭਾਗ ਨਵਾਂ ਸ਼ਹਿਰ ਮੈਂਬਰ, ਮਾਈਕਰੋ ਇਰੀਗੇਸ਼ਨ ਕਮੇਟੀ ਨਵਾਂ ਸ਼ਹਿਰ, ਪ੍ਰਧਾਨ, ਲਿਖਾਰੀ ਸਭਾ ਜਗਤਪੁਰ (ਰਜਿ.), ਮੈਂਬਰ, ਪੰਜਾਬ ਸਟੇਟ ਸੀਡ ਸੱਬ ਕਮੇਟੀ ਚੰਡੀਗੜ੍ਹ, ਮੈਂਬਰ, ਗਵਰਨਿੰਗ ਬੋਰਡ, ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ ਚੰਡੀਗੜ੍ਹ। ਮੈਂਬਰ, ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਜਲੰਧਰ,ਮੈਂਬਰ, ਪੰਜਾਬ ਸਟੇਟ ਅਗਜੈਕੇਟਿਵ ਕਮੇਟੀ ਵਾਸਤੇ ਰਾਸ਼ਟਰੀ ਹਾਰਟੀ ਕਲਚਰ ਮਿਸ਼ਨ ਚੰਡੀਗੜ੍ਹ,ਮੈਂਬਰ ਕੋਰ ਕਮੇਟੀ ਦੁਆਬਾ ਸਹਿਕਾਰੀ ਖੰਡ ਮਿੱਲ ਨਵਾਂ ਸ਼ਹਿਰ, ਮੈਂਬਰ, ਜ਼ਿਲਾ ਲੋਕ ਸੰਪਰਕ ਕਮੇਟੀ ਨਵਾਂ ਸ਼ਹਿਰ,ਮੈਂਬਰ ਪ੍ਰਬੰਧਕੀ ਕਮੇਟੀ, ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ (ਨਵਾਂ ਸ਼ਹਿਰ), ਮੈਂਬਰ, ਪ੍ਰੋਗਰਾਮ ਸਲਾਹਕਾਰ ਕਮੇਟੀ ਆਲ ਇੰਡੀਆ ਰੇਡੀਓ ਸਟੇਸ਼ਨ ਤੇ ਦੂਰ ਦਰਸ਼ਨ ਕੈਂਦਰ ਜਲੰਧਰ ਪ੍ਰਮੁੱਖ ਹਨ। ਆਪ ਦੀਆਂ ਮੌਲਿਕ ਰਚਨਾਵਾਂ ਵਿੱਚ ਦਿਸ਼ਾ (ਮੌਲਿਕ ਕਾਵਿ ਸੰਗ੍ਰਹਿ, 1972) ਕਿਰਤ ਨਾਲ ਜੁੜੇ ਰਿਸ਼ਤੇ (ਮੌਲਿਕ ਕਹਾਣੀ ਸੰਗ੍ਰਹਿ, 1984), ਰੌਸ਼ਨੀ ਦੀ ਭਾਲ (ਮੌਲਿਕ ਕਾਵਿ ਸੰਗ੍ਰਹਿ, 1998) ਤੇ ਯਾਦਾਂ ਪਾਕਿਸਤਾਨ ਦੀਆਂ (ਛਪਾਈ ਅਧੀਨ ਸਫਰਨਾਮਾ) ਪ੍ਰਮੁੱਖ ਹਨ। ਸ ਮਹਿੰਦਰ ਸਿੰਘ ਦੋਸਾਂਝ ਨੇ ਸਾਹਿੱਤ, ਸਿੱਖਿਆ ਸਮਾਜ ਕਲਿਆਣ ਤੇ ਦਿਹਾਤੀ ਵਿਕਾਸ ਦੇ ਖੇਤਰ ਵਿਚ 1960 ਵਿਚ ਲਿਖਾਰੀ ਸਭਾ ਜਗਤਪੁਰ ਦੀ ਸਥਾਪਨਾ ਕੀਤੀ। ਇਲਾਕੇ ਦੇ ਲਗਪਗ 10 ਪਿੰਡਾਂ ਲਈ ਪੁਸਤਕਾਂ ਦੇ ਪ੍ਰਬੰਧ ਕਰਕੇ ਪੇਂਡੂ ਸਾਹਿੱਤਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ। ਉਨ੍ਹਾਂ ਦੱਸਿਆ ਕਿ ਸ ਦੋਸਾਂਝ 1975 ਤੋਂ ਹੁਣ ਤੱਕ ਇਲਾਕੇ ਦੇ ਲਗਪਗ 7 ਉੱਘੇ ਨਗਰਾਂ ਵਿਚ ਲੇਖਕਾਂ ਤੇ ਪਾਠਕਾਂ ਨੂੰ ਉਤਸਾਹਿਤ ਕਰਕੇ ਸਾਹਿੱਤ ਸਭਾਵਾਂ ਚਾਲੂ ਕਰਵਾਈਆਂ।ਪੰਜਾਬ ਵਿੱਚ ਅੱਤਵਾਦ ਦੇ ਦਿਨਾਂ ਵਿਚ ਸੰਨ 1985 ਤੋਂ 1995 ਤੱਕ ਇਲਾਕੇ ਚ ਅਮਨ ਏਕਤਾ ਕਮੇਟੀਆਂ ਕਾਇਮ ਕਰਕੇ ਅਮਨ ਤੇ ਏਕਤਾ ਦੀ ਲੋੜ ਲਈ ਅੱਗੇ ਹੋ ਕੇ ਕੰਮ ਕੀਤਾ। ਸ ਦੋਸਾਂਝ ਨੇ ਇਲਾਕੇ ਚ ਬਿਰਛ ਬੂਟੇ ਲਵਾਉਣ ਲਈ ਵੀ ਸਫ਼ਲ ਮੁਹਿੰਮ ਚਲਾਈ।ਲਗਪਗ 10 ਵਿਧਵਾਂ ਇਸਤਰੀਆਂ ਨੂੰ ਬੈਂਕਾਂ ਤੋਂ ਕਰਜ਼ੇ ਦਵਾ ਕੇ ਰੁਜ਼ਗਾਰ ਪੱਖੋਂ ਪੱਕੇ ਪੈਰਾਂ ਤੇ ਖੜ੍ਹੇ ਕੀਤਾ। ਕੀਤਾ।ਪਿੰਡ ਚ 30 ਸਾਲ ਪਹਿਲਾਂ ਬਾਲਗ ਸਿੱਖਿਆ ਕੇਂਦਰ ਚਲਾ ਕੇ ਬਿਰਧ ਬੀਬੀਆਂ ਨੂੰ ਵੀ ਸਿੱਖਿਆ ਪ੍ਰਦਾਨ ਕੀਤੀ। ਅਨੇਕਾ ਆਸਰਾਹੀਣ ਬਜ਼ੁਰਗਾਂ ਦੀ ਸਹਾਇਤਾ ਕੀਤੀ ਤੇ ਕਈ ਉਹਨਾਂ ਗਰੀਬ ਬੱਚਿਆਂ ਨੂੰ ਜੋ ਕਿਸੇ ਕਾਰਨ ਸਕੂਲਾਂ ਵਿਚ ਨਹੀਂ ਜਾਂਦੇ ਹਨ, ਨੂੰ ਲੋੜੀਂਦੀ ਮਦਦ ਤੇ ਉਤਸ਼ਾਹ ਦੇ ਕੇ ਸਕੂਲਾਂ ਵਿੱਚ ਦਾਖ਼ਲ ਕਰਵਾਇਆ। ਦੋ ਗਰੀਬ ਤੇ ਬੇਸਹਾਰਾ ਪਰਿਵਾਰਾਂ, ਜੋ ਬਾਹੂਬਾਲੀਆ ਦੇ ਧੱਕੇ ਦਾ ਸ਼ਿਕਾਰ ਹੋ ਗਏ ਸਨ ਤੇ ਜਿਨ੍ਹਾਂ ਨੂੰ ਸਮਾਜ ਨੇ ਵੀ ਤੇ ਹਾਲਾਤ ਨੇ ਵੀ ਜ਼ਿੰਦਗੀ ਦੇ ਮਾਰਗ ਤੇ ਝਟਕ ਕੇ ਸੁੱਟ ਦਿੱਤਾ ਸੀ, ਨੂੰ ਉਠਾਲ ਕੇ ਖੜ੍ਹੇ ਕੀਤਾ ਤੇ ਹਰ ਤਰ੍ਹਾਂ ਦਾ ਸਹਿਯੋਗ ਦੇ ਕੇ ਉਹਨਾਂ ਨੁੰ ਮੁੜ ਖ਼ੁਬਸੂਰਤ ਜੀਵਨ ਨਾਲ ਜੋੜਿਆ ਤੇ ਸਮਾਜ ਵਿਚ ਉਹਨਾਂ ਦੇ ਸਨਮਾਨ ਨੂੰ ਬਹਾਲ ਕੀਤਾ। ਸ ਦੋਸਾਂਝ ਨੂੰ 16 ਅਕਤੂਬਰ 1986 ਛੇਵੇਂ ਵਿਸ਼ਵ ਖੁਰਾਕ ਦਿਵਸ ਤੇ ਕਣਕ ਦੇ ਸ਼ਾਨਦਾਰ ਉਤਪਾਦਨ ਲਈ ਯੂ.ਐਨ.ਓ. ਵੱਲੋਂ ਬੈਂਕਾਕ (ਥਾਈਲੈਂਡ) ਵਿਖੇ ਅੰਤਰ-ਰਾਸ਼ਟਰੀ ਪੁਰਸਕਾਰ ਮਿਲਿਆ। 21 ਅਕਤੂਬਰ 1990 ਨੂੰ ਸਾਹਿੱਤ ਤੇ ਕਲਾ ਦੇ ਖੇਤਰ ਚ ਕੰਮ ਲਈ ਅੰਤਰ-ਰਾਸ਼ਟਰੀ ਪੰਜਾਬੀ ਕਾਵਿ ਸੰਮੇਲਨ ਤੇ ਇੰਟਰਨੈਸ਼ਨਲ ਪੰਜਾਬੀ ਸਾਹਿੱਤ ਸਭਾ ਲੰਡਨ (ਯੂ.ਕੇ.) ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਸ. ਅਜੀਤ ਸਿੰਘ ਬੈਂਸ ਹੱਥੀਂ ਲੰਡਨ (ਯੂ.ਕੇ.) ਵਿਚ ਸਨਮਾਨਿਤ ਕੀਤਾ। 26 ਜਨਵਰੀ 1996 ਨੂੰ ਗਣਤੰਤਰਤਾ ਦਿਵਸ ਤੇ ਆਪ ਜੀ ਨੂੰ ਨਵਾਂ ਸ਼ਹਿਰ ਵਿੱਖੇ ਖੇਤੀਬਾੜੀ ਦੇ ਖੇਤਰ ਚ ਵਿਸ਼ੇਸ਼ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। 22 ਮਾਰਚ 1997 ਦੇ ਕਿਸਾਨ ਮੇਲੇ ਤੇ ਖੇਤੀ ਵਿਚ ਨਵੀਆਂ ਖੋਜਾਂ ਕਰਨ ਲਈ ਪੰਜਾਬ ਖੇਤੀ ਯੂਨੀਵਰਸਿਟੀ ਵੱਲੋਂ ਸ.ਦਲੀਪ ਸਿੰਘ ਧਾਲੀਵਾਲ ਪੁਰਸਕਾਰ ਮਿਲਿਆ। 17 ਮਾਰਚ 2007 ਦੇ ਕਿਸਾਨ ਮੇਲੇ ਤੇ ਖੇਤੀ ਵੰਨ ਸਵੰਨਤਾ ਦਾ ਇਕ ਸ਼ਾਨਦਾਰ ਮਾਡਲ ਵਿਕਸਤ ਕਰਨ ਲਈ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮੁੱਖ ਮੰਤਰੀ ਪੁਰਸਕਾਰ ਪ੍ਰਾਪਤ ਕੀਤਾ। ਸ ਮਹਿੰਦਰ ਸਿੰਘ ਦੋਸਾਂਝ ਨੂੰ ਸ ਪ੍ਰੀਤਮ ਸਿੰਘ ਬਾਸੀ ਪੁਰਸਕਾਰ ਐਲਾਨੇ ਜਾਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾ ਲਖਵਿੰਦਰ ਸਿੰਘ ਜੌਹਲ,ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ ਰਵਿੰਦਰ ਭੱਠਲ, ਜਨਰਲ ਸਕੱਤਰ ਡਾ ਗੁਰਇਕਬਾਲ ਸਿੰਘ, ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਬਲਦੇਵ ਸਿੰਘ ਢੀਂਡਸਾ, ਸ ਸੁਰਿੰਦਰ ਸਿੰਘ ਸੁੰਨੜ, ਮੁੱਖ ਸੰਪਾਦਕ ਆਪਣੀ ਆਵਾਜ਼, ਸਹਿਜਪ੍ਰੀਤ ਸਿੰਘ ਮਾਂਗਟ, ਡਾ ਅਨਿਲ ਸ਼ਰਮਾ ਪੀ ਏ ਯੂ ਤੇ ਪੰਜਾਬੀ ਕਵੀ ਮਨਜਿੰਦਰ ਧਨੋਆ ਨੇ ਮੁਬਾਰਕਬਾਦ ਦਿੱਤੀ ਹੈ।
Punjabi-Sahitya-Academy-Ludhiana
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)