ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸਮਰਪਿਤ 'ਭਾਰਤੀ ਸੰਦਰਭ ਵਿੱਚ ਸਮਾਜਵਾਦ ਅਤੇ ਪੂੰਜੀਵਾਦ' ਵਿਸ਼ੇ ਉਪਰ ਸੈਮੀਨਾਰ ਦਾ ਆਯੋਜਨ
ਸਮਾਜਵਾਦ ਦਾ ਸਰੂਪ ਸਮੇਂ ਅਤੇ ਸਥਾਨ ਅਨੁਸਾਰ ਬਦਲਦਾ ਰਹਿੰਦਾ ਹੈ: ਯੋਗਿੰਦਰ ਯਾਦਵ
ਪੰਜਾਬ ਤੋਂ ਇਲਾਵਾ ਚੰਡੀਗੜ੍ਹ, ਦਿੱਲੀ, ਬਿਹਾਰ, ਜੰਮੂ ਅਤੇ ਕਸ਼ਮੀਰ ਦੇ ਵਿਿਦਆਰਥੀਆਂ ਨੇ ਕੀਤੀ ਸ਼ਮੂਲੀਅਤ
04 ਮਾਰਚ (ਅੰਮ੍ਰਿਤਸਰ)— ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਖਾਲਸਾ ਕਾਲਜ ਫਾਰ ਵਿਮਨ ਵਿਖੇ ਦਸਵੇਂ ਅੰਮ੍ਰਿਤਸਰ ਸਾਹਿਬ ਉਤਸਵ ਦਾ ਆਰੰਭ ਬਹੁਤ ਹੀ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੋਇਆ। ਇਸ ਦਾ ਉਦਘਾਟਨੀ ਸਮਾਰੋਹ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਸੀ ਜਿਸ ਦਾ ਆਰੰਭ ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਆਪਣੇ ਸਵਾਗਤੀ ਸ਼ਬਦਾਂ ਨਾਲ ਕੀਤਾ। ਇਸ ਸਮਾਗਮ ਵਿੱਚ ਕੁੰਜੀਵਤ ਭਾਸ਼ਣ ਪੜ੍ਹਦੇ ਹੋਏ ਪੰਜਾਬੀ ਦੇ ਚਿੰਤਕ ਅਮਰਜੀਤ ਗਰੇਵਾਲ ਨੇ ਕਿਹਾ ਕਿ ਪੰਜਾਬ ਦੀ ਸਥਿਤੀ ਵਿੱਚ ਹੁਣ ਸੁਧਾਰ ਦੀ ਆਸ ਨਹੀਂ ਰਹੀ ਸਗੋਂ ਇਸ ਨੂੰ ਪੂਰੀ ਤਰ੍ਹਾਂ ਨਾਲ ਪੁਨਰ-ਵਿਵਸਥਿਤ ਹੀ ਕਰਨਾ ਪਵੇਗਾ। ਪੰਜਾਬੀ ਬੰਦੇ ਦਾ ਹਰ ਕਾਰਜ ਨਾਟਕ ਬਣ ਗਿਆ ਹੈ ਜੋ ਉਸ ਦੀ ਭਾਵੁਕਤਾ ਅਤੇ ਅਧਿਭੌਤਿਕਤਾ ਦੇ ਨਾਲ ਮੇਲ ਨਹੀਂ ਖਾਂਦਾ। ਇਸ ਮੌਕੇ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਅਤੇ ਪੰਜਾਬੀ ਦੇ ਪ੍ਰਸਿੱਧ ਕਵੀ ਸਵਰਨਜੀਤ ਸਵੀ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ। ਇਸ ਮੌਕੇ ਡਾ. ਮਹਿਲ ਸਿੰਘ ਵਾਈਸ ਚਾਂਸਲਰ ਖਾਲਸਾ ਕਾਲਜ ਯੂਨੀਵਰਸਿਟੀ ਨੇ ਕਿਹਾ ਕਿ ਪੰਜਾਬੀ ਬੰਦਾ ਆਪਣਾ ਸਵੈ-ਵਿਸ਼ਵਾਸ ਗਵਾ ਚੁੱਕਾ ਹੈ, ਸਮਕਾਲੀ ਤਣਾਅ ਭਰਪੂਰ ਸਥਿਤੀ ਵਿੱਚ ਸੰਵਾਦ ਦਾ ਸੂਤਰ ਹੀ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।
ਸਾਹਿਤ ਉਤਸਵ ਦੇ ਦੂਜੇ ਸਮਾਗਮ ਦੌਰਾਨ 'ਭਾਰਤੀ ਸੰਦਰਭ ਵਿੱਚ ਸਮਾਜਵਾਦ ਅਤੇ ਪੂੰਜੀਵਾਦ' ਵਿਸ਼ੇ ਉੱਪਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜੋ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਮਰਪਿਤ ਸੀ। ਇਸ ਮੌਕੇ ਬੋਲਦਿਆਂ ਪ੍ਰਸਿੱਧ ਰਾਜਨੀਤਿਕ ਵਿਸ਼ਲੇਸ਼ਕ ਯੋਗਿੰਦਰ ਯਾਦਵ ਨੇ ਭਾਰਤ ਵਿੱਚ ਸਮਾਜਵਾਦ ਦੇ ਪਰੰਪਰਾਗਤ ਅਧਾਰਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅਜੇ ਵੀ ਭਵਿੱਖ ਵਿੱਚ ਸਮਾਜਵਾਦ ਦੀ ਆਸ ਬਚੀ ਹੋਈ ਹੈ। ਉਹਨਾਂ ਕਿਹਾ ਕਿ ਸਾਨੂੰ ਸਮਾਨਤਾ ਅਤੇ ਨਿਆਂ ਲਈ ਇੱਕ ਨਵੀਂ ਭਾਸ਼ਾ ਦੀ ਸਿਰਜਣਾ ਕਰਨੀ ਪਵੇਗੀ ਜੋ ਬਾਹਰੋਂ ਦੇਖਣ ਵਿੱਚ ਭਾਵੇਂ ਸਮਾਜਵਾਦੀ ਨਾ ਵੀ ਜਾਪਦੀ ਹੋਵੇ। ਇਸ ਮੌਕੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸੋਮਿਆਵ੍ਰਤ ਚੌਧਰੀ ਨੇ ਵਿੱਦਿਆ, ਪੂੰਜੀ ਅਤੇ ਅੰਬੇਡਕਰ ਵਿਚਾਰਧਾਰਾ ਦੇ ਅੰਤਰ ਸਬੰਧਾਂ ਬਾਰੇ ਗੱਲ ਕਰਦੇ ਹਾਂ ਕਿਹਾ ਕਿ ਪੈਸੇ ਦਾ ਉਦੇਸ਼ ਬਾਜ਼ਾਰ ਨਹੀਂ ਬਲਕਿ ਨਿਆਂ ਹੈ ਇਸ ਦ੍ਰਿਸ਼ਟੀ ਤੋਂ ਪੂੰਜੀਵਾਦ ਵਿੱਚ ਵੀ ਸਮਾਜਵਾਦੀ ਸੰਰਚਨਾਵਾਂ ਕੰਮ ਕਰ ਸਕਦੀਆਂ ਹਨ। ਪੂੰਜੀ ਸਮਾਜਿਕ ਸਬੰਧਾਂ ਨੂੰ ਦਿਖਾਉਂਦੀ ਵੀ ਹੈ ਅਤੇ ਲੁਕਾਉਂਦੀ ਵੀ ਹੈ। ਵਰਗ ਵੰਡ ਦਾ ਨਿਯਮ ਅਮੀਰ ਅਤੇ ਗਰੀਬ ਦੋਨੋਂ ਥਾਵਾਂ ਤੇ ਕਾਰਜਸ਼ੀਲ ਰਹਿੰਦਾ ਹੈ, ਕਿਉਂਕਿ ਪੂੰਜੀ ਦਾ ਸੰਬੰਧ ਸਿਰਫ ਆਰਥਿਕਤਾ ਨਾਲ ਨਾ ਹੋ ਕੇ ਮਾਨਵੀ ਜੀਵਨ ਦੀ ਸਮੁੱਚਤਾ ਨਾਲ ਹੈ। ਇਸ ਮੌਕੇ ਡਾ. ਸਤੀਸ਼ ਵਰਮਾ ਨੇ ਆਪਣੇ ਪ੍ਰਧਾਨਗੀ ਸ਼ਬਦ ਬੋਲਦਿਆਂ ਡਾਕਟਰ ਮਨਮੋਹਨ ਸਿੰਘ ਨਾਲ ਬਿਤਾਏ ਪਲਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਜਸਪਾਲ ਸਿੰਘ, ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਪੂੰਜੀਵਾਦ ਦੇ ਸਕਾਰਾਤਮਕ ਯੋਗਦਾਨ ਬਾਰੇ ਚਰਚਾ ਕੀਤੀ।
ਅੱਜ ਦੇ ਤੀਜੇ ਸਮਾਗਮ ਵਿੱਚ 'ਅਕਾਦਮਿਕ ਖੋਜ ਅਤੇ ਭਾਰਤੀ ਚਿੰਤਨ ਪਰੰਪਰਾਵਾਂ' ਦੇ ਵਿਸ਼ੇ ਉੱਪਰ ਵਿਿਦਆਰਥੀ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅਮਿਟੀ ਯੂਨੀਵਰਸਿਟੀ ਨੋਇਡਾ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਦਿੱਲੀ ਯੂਨੀਵਰਸਿਟੀ ਦਿੱਲੀ ਅਤੇ ਜਾਮੀਆ ਮਿਲੀਆ ਇਸਲਾਮੀਆ ਨਵੀਂ ਦਿੱਲੀ ਦੇ ਵਿਿਦਆਰਥੀਆਂ ਨੇ ਭਾਗ ਲਿਆ। ਇਸ ਵਿਿਦਆਰਥੀ ਵਿਚਾਰ ਚਰਚਾ ਮੌਕੇ ਦਿੱਲੀ ਯੂਨੀਵਰਸਿਟੀ, ਦਿੱਲੀ ਦੇ ਪ੍ਰੋਫੈਸਰ ਮਧੁਲਿਕਾ ਬੈਨਰਜੀ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਭਾਰਤੀ ਗਿਆਨ-ਪਰੰਪਰਾਵਾਂ ਦੇ ਸਮਕਾਲੀਨ ਗਿਆਨ-ਅਭਿਆਸ ਵਿੱਚ ਗੌਣ ਪੱਧਰ ‘ਤੇ ਜਾਣ ਦਾ ਪ੍ਰਮੁੱਖ ਕਾਰਨ ਬਸਤੀਵਾਦੀ ਚਿੰਤਨ ਅਤੇ ਆਰਥਿਕ ਪੱਛੜਾਪਣ ਹੈ। ਉਨ੍ਹਾਂ ਆਯੁਰਵੇਦ ਦੀ ਉਦਾਰਹਨ ਦਿੰਦਿਆ ਦੱਸਿਆ ਕਿ ਕਿਵੇਂ ਇਹ ਇੱਕ ਸੰਪੂਰਨ ਗਿਆਨ-ਵਿਿਗਆਨ ਹੋਣ ਦੇ ਬਾਵਜੂਦ ਬਸਤੀਵਾਦੀ ਪ੍ਰਵਚਨਾਂ ਕਾਰਨ ਸਹੀ ਰੂਪ ਵਿੱਚ ਪ੍ਰਵਾਨ ਨਹੀਂ ਹੋ ਸਕਿਆ। ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਾਮੀਆ ਮਿਲੀਆ ਇਸਲਾਮੀਆ ਨਵੀਂ ਦਿੱਲੀ ਤੋਂ ਡਾ. ਹਰਪ੍ਰੀਤ ਕੌਰ ਜੱਸ ਨੇ ਭਾਰਤੀ ਅਕਾਦਮਿਕ ਢਾਂਚੇ ਵਿੱਚ ਗੁਰੂ-ਸ਼ਿਸ਼ ਪਰੰਪਰਾ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਪਰੰਪਰਾ ਵਿੱਚ ਰਸ ਅਨੁਭਵ ਵਿਸ਼ੇਸ਼ ਤੱਤ ਹੈ ਜਿਸਨੂੰ ਸਿੱਖਿਆ-ਮਾਧਿਅਮ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।
ਅੱਜ ਦੇ ਇਨਾਂ ਸਮਾਗਮਾਂ ਦੌਰਾਨ ਮੰਚ ਸੰਚਾਲਨ ਦੀ ਜਿੰਮੇਵਾਰੀ ਹਰਕਮਲਪ੍ਰੀਤ ਸਿੰਘ, ਜਸਵਿੰਦਰ ਅਤੇ ਡਾ. ਪ੍ਰਵੀਨ ਕੁਮਾਰ ਦੁਆਰਾ ਬਾਖੂਬੀ ਨਿਵਾਈ ਗਈ। ਸਮਾਗਮ ਦੌਰਾਨ ਤਿੰਨ ਪੁਸਤਕਾਂ ਪ੍ਰੋ. ਹਰਪਾਲ ਸਿੰਘ ਪੰਨੂੰ ਰਚਿਤ ਗੁਰੂ ਨਾਨਕ ਦੇਵ ਦਾ ਕੁਦਰਤ ਸਿਧਾਂਤ, ਪ੍ਰੋ. ਪੂਰਨ ਸਿੰਘ ਰਚਿਤ ਅੰਬਰੋਸ਼ੀਅਲ ਡਾਅਨ, ਪਰਮਜੀਤ ਸੋਹਲ ਦੀ ਕਾਵਿ-ਰਚਨਾ ਵਿਸਮਾਦ ਰਿਲੀਜ਼ ਕੀਤੀਆਂ ਗਈਆਂ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)