ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ ਹੇਠ ਅਤੇ ਡਿਜ਼ਾਇਨੇਟਿਡ ਅਫ਼ਸਰ ਡਾ. ਸੰਦੀਪ ਸਿੰਘ ਦੀ ਦੇਖਰੇਖ ਵਿੱਚ ਅੱਜ ਫੂਡ ਸੇਫਟੀ ਟੀਮ ਲੁਧਿਆਣਾ ਵੱਲੋਂ ਪਾਇਲ ਖੇਤਰ ਵਿੱਚ ਇਕ ਵੱਡੀ ਛਾਪਾਮਾਰੀ ਕੀਤੀ ਗਈ। ਇਹ ਕਾਰਵਾਈ ਤਿਉਹਾਰੀ ਮੌਸਮ ਦੌਰਾਨ ਮਿਠਾਈਆਂ ਅਤੇ ਖਾਣ-ਪੀਣ ਨਾਲ ਸੰਬੰਧਤ ਸਮੱਗਰੀ ਦੀ ਗੁਣਵੱਤਾ ਅਤੇ ਸੁਰੱਖਿਆ ਦੀ ਜਾਂਚ ਯਕੀਨੀ ਬਣਾਉਣ ਲਈ ਕੀਤੀ ਗਈ। ਜਾਂਚ ਦੌਰਾਨ ਟੀਮ ਨੇ ਚੰਡੀਗੜ੍ਹ ਤੋਂ ਆ ਰਹੀ ਮਿਠਾਈਆਂ ਨਾਲ ਭਰੀ ਇਕ ਗੱਡੀ ਨੂੰ ਰੋਕਿਆ, ਜੋ ਕਿ ਪਾਇਲ ਖੇਤਰ ਵਿੱਚ ਵੱਖ-ਵੱਖ ਮਿਠਾਈ ਦੀਆਂ ਦੁਕਾਨਾਂ ’ਤੇ ਸਪਲਾਈ ਕਰਨ ਆ ਰਹੀ ਸੀ। ਗੱਡੀ ਵਿੱਚ ਮੌਜੂਦ ਮਿਠਾਈਆਂ ਦਾ ਸਟਾਕ ਸ਼ੱਕੀ ਗੁਣਵੱਤਾ ਵਾਲਾ ਪਾਇਆ ਗਿਆ, ਜਿਸ ਕਰਕੇ ਸਾਰੀ ਸਮੱਗਰੀ ਨੂੰ ਮੌਕੇ ’ਤੇ ਹੀ ਜ਼ਬਤ ਕਰਕੇ ਪੁਲਿਸ ਕਸਟਡੀ ਵਿੱਚ ਰੱਖਿਆ ਗਿਆ। ਜ਼ਬਤ ਕੀਤੇ ਗਏ ਮਿਠਾਈ ਸਮਾਨ ਵਿੱਚ ਲਗਭਗ 3 ਕਵਿੰਟਲ ਮਿਲਕ ਕੇਕ, 210 ਕਿਲੋ ਖੋਆ ਬਰਫੀ, 50 ਕਿਲੋ ਲੱਡੂ, 5 ਕਿਲੋ ਢੋਡਾ ਅਤੇ 10 ਕਿਲੋ ਰਸਗੁੱਲੇ ਸ਼ਾਮਲ ਸਨ। ਇਨ੍ਹਾਂ ਵਿੱਚੋਂ ਕੁੱਲ ਪੰਜ ਸੈਂਪਲ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬੋਰਟਰੀ ਭੇਜੇ ਗਏ ਹਨ। ਰਿਪੋਰਟ ਪ੍ਰਾਪਤ ਹੋਣ ਉਪਰੰਤ ਨਤੀਜਿਆਂ ਅਨੁਸਾਰ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਤਿਉਹਾਰੀ ਮੌਸਮ ਦੌਰਾਨ ਖਾਦ ਸਮੱਗਰੀ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ, ਤਾਂ ਜੋ ਮਿਲਾਵਟਖੋਰੀ ’ਤੇ ਰੋਕ ਲਗਾਈ ਜਾ ਸਕੇ ਅਤੇ ਲੋਕਾਂ ਨੂੰ ਸੁਰੱਖਿਅਤ ਤੇ ਉੱਚ ਗੁਣਵੱਤਾ ਵਾਲਾ ਭੋਜਨ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਨੇ ਖਾਦ ਕਾਰੋਬਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਗੁਣਵੱਤਾ ਨਾਲ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਵਿਭਾਗ ਲੁਧਿਆਣਾ ਵੱਲੋਂ ਉਪਭੋਗਤਾਵਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਮਿਠਾਈਆਂ ਜਾਂ ਹੋਰ ਖਾਣ-ਪੀਣ ਦੀਆਂ ਵਸਤਾਂ ਖਰੀਦਦਿਆਂ ਸਫਾਈ ਅਤੇ ਗੁਣਵੱਤਾ ’ਤੇ ਖ਼ਾਸ ਧਿਆਨ ਦੇਣ, ਅਤੇ ਸਿਰਫ਼ ਲਾਇਸੰਸਸ਼ੁਦਾ ਦੁਕਾਨਾਂ ਤੋਂ ਹੀ ਖੁਰਾਕੀ ਵਸਤਾਂ ਖਰੀਦਣ, ਤਾਂ ਜੋ ਆਪਣੀ ਤੇ ਆਪਣੇ ਪਰਿਵਾਰ ਦੀ ਸਿਹਤ ਦੀ ਰੱਖਿਆ ਕੀਤੀ ਜਾ ਸਕੇ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)