ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਲੁਧਿਆਣਾ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਖੁਰਾਕ ਸਮੱਗਰੀ ਦੀ ਗੁਣਵੱਤਾ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਵਿਸ਼ਾਲ ਚੈਕਿੰਗ ਅਤੇ ਸੈਂਪਲਿੰਗ ਮੁਹਿੰਮ ਚਲਾਈ ਗਈ। ਇਹ ਕਾਰਵਾਈ ਡਿਜ਼ੀਗਨੇਟਿਡ ਅਫਸਰ ਡਾ. ਸੰਦੀਪ ਸਿੰਘ ਦੀ ਦੇਖ-ਰੇਖ ਹੇਠ ਕੀਤੀ ਗਈ ਅਤੇ ਇਸਦਾ ਮੁੱਖ ਉਦੇਸ਼ ਤਿਉਹਾਰੀ ਮੌਸਮ ਦੌਰਾਨ ਵੱਧ ਖਪਤ ਵਾਲੀਆਂ ਖਾਦ ਵਸਤੂਆਂ ਦੀ ਜਾਂਚ ਕਰਨਾ ਸੀ। ਜਾਂਚ ਦੌਰਾਨ ਟੀਮ ਵੱਲੋਂ ਕੁੱਲ 15 ਖੁਰਾਕ ਦੇ ਸੈਂਪਲ ਵੱਖ-ਵੱਖ ਇਲਾਕਿਆਂ ਜਿਵੇਂ ਕਿ ਫਿਰੋਜ਼ਪੁਰ ਰੋਡ, ਮੱਲਾਂਪੁਰ, ਸੁਧਾਰ ਅਤੇ ਜਗਰਾਓਂ ਤੋਂ ਇਕੱਠੇ ਕੀਤੇ ਗਏ। ਲਏ ਗਏ ਸੈਂਪਲਾਂ ਵਿੱਚ ਚਾਂਦੀ ਦੀ ਵਰਕ ਵਾਲੀਆਂ ਮਿਠਾਈਆਂ, ਮਿਲਕ ਕੇਕ, ਧਨੀਆ, ਕਾਲੀ ਮਿਰਚ, ਲਾਲ ਮਿਰਚ ਪਾਊਡਰ, ਗੁੜ, ਸ਼ੱਕਰ, ਸੁੱਕਰ, ਪਨੀਰ ਅਤੇ ਘੀ ਵਰਗੀਆਂ ਆਮ ਵਰਤੋਂ ਦੀਆਂ ਵਸਤੂਆਂ ਸ਼ਾਮਲ ਸਨ। ਇਹ ਸੈਂਪਲ ਐਫ.ਐਸ.ਐਸ.ਏ.ਆਈ. (FSSAI) ਵੱਲੋਂ ਨਿਰਧਾਰਤ ਸੁਰੱਖਿਆ ਅਤੇ ਗੁਣਵੱਤਾ ਮਾਪਦੰਡਾਂ ਦੀ ਪਾਲਣਾ ਦੀ ਜਾਂਚ ਲਈ ਇਕੱਠੇ ਕੀਤੇ ਗਏ। ਇਸ ਤੋਂ ਇਲਾਵਾ, ਟੀਮ ਵੱਲੋਂ ਤਾਜਪੁਰ ਪਿੰਡ, ਲੁਧਿਆਣਾ ਵਿਖੇ ਸਥਿਤ ਇੱਕ ਗੁੜ ਬਣਾਉਣ ਵਾਲੇ ਯੂਨਿਟ ਤੋਂ 500 ਕਿਲੋਗ੍ਰਾਮ ਸੁੱਕਰ, 1,160 ਕਿਲੋਗ੍ਰਾਮ ਸ਼ੱਕਰ ਅਤੇ 1,037 ਕਿਲੋਗ੍ਰਾਮ ਗੁੜ ਜ਼ਬਤ ਕੀਤਾ ਗਿਆ। ਜ਼ਬਤ ਕੀਤੀ ਸਮੱਗਰੀ ਨੂੰ ਅਗਲੀ ਜਾਂਚ ਲਈ ਕਬਜ਼ੇ ਵਿੱਚ ਲਿਆ ਗਿਆ ਹੈ। ਸਾਰੇ ਸੈਂਪਲ ਵਿਸਥਾਰ ਨਾਲ ਵਿਗਿਆਨਕ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬੋਰਟਰੀ ਭੇਜੇ ਗਏ ਹਨ ਅਤੇ ਲੈਬ ਰਿਪੋਰਟਾਂ ਪ੍ਰਾਪਤ ਹੋਣ ਉਪਰੰਤ ਲਾਗੂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਲੁਧਿਆਣਾ ਵਾਸੀਆਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਗੁਣਵੱਤਾ ਵਾਲਾ ਭੋਜਨ ਉਪਲਬਧ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਸਾਰੇ ਫੂਡ ਬਿਜ਼ਨਸ ਓਪਰੇਟਰਾਂ (FBOs) ਨੂੰ ਅਪੀਲ ਕੀਤੀ ਕਿ ਉਹ ਉੱਚ ਗੁਣਵੱਤਾ ਵਾਲਾ ਕੱਚਾ ਮਾਲ ਵਰਤਣ, ਆਪਣੇ ਵਰਕਪਲੇਸ ਨੂੰ ਸਾਫ਼ ਤੇ ਸਿਹਤਮੰਦ ਰੱਖਣ ਅਤੇ ਆਪਣੇ ਫੂਡ ਸੇਫਟੀ ਲਾਇਸੈਂਸ ਨੂੰ ਦੁਕਾਨ ਦੇ ਪ੍ਰਮੁੱਖ ਸਥਾਨ ‘ਤੇ ਸਪਸ਼ਟ ਤੌਰ ‘ਤੇ ਲਗਾਏਂ, ਤਾਂ ਜੋ ਉਪਭੋਗਤਾਵਾਂ ਨੂੰ ਪਤਾ ਰਹੇ ਕਿ ਉਹ ਮਨਜ਼ੂਰਸ਼ੁਦਾ ਤੇ ਸੁਰੱਖਿਅਤ ਸਥਾਨ ਤੋਂ ਖੁਰਾਕ ਖਰੀਦ ਰਹੇ ਹਨ। ਡਾ. ਕੌਰ ਨੇ ਇਹ ਵੀ ਕਿਹਾ ਕਿ ਸਿਹਤ ਵਿਭਾਗ ਵੱਲੋਂ ਅਜਿਹੀਆਂ ਨਿਰੰਤਰ ਚੈਕਿੰਗ ਤੇ ਸੈਂਪਲਿੰਗ ਮੁਹਿੰਮਾਂ ਅੱਗੇ ਵੀ ਜਾਰੀ ਰਹਿਣਗੀਆਂ, ਤਾਂ ਜੋ ਮਿਲਾਵਟਖੋਰੀ ‘ਤੇ ਰੋਕ ਲਗਾਈ ਜਾ ਸਕੇ ਅਤੇ ਲੋਕਾਂ ਵਿਚ ਸੁਰੱਖਿਅਤ ਤੇ ਸਿਹਤਮੰਦ ਖੁਰਾਕ ਬਾਰੇ ਜਾਗਰੂਕਤਾ ਵਧਾਈ ਜਾ ਸਕੇ।
Food-Safety-Team-Conducts-Major-Inspection-Drive-Across-Ludhiana-District
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)