ਕੋਟਨਿਸ ਐਕੂਪੰਕਚਰ ਹਸਪਤਾਲ ਵਲੋਂ ਮੁਫ਼ਤ ਇਲਾਜ ਕੈਂਪਾਂ ਦੀ ਲੜੀ 10 ਨਵੰਬਰ ਤੋਂ
Nov8,2024
| Gautam Jalandhari | Ludhiana
ਕੋਟਨਿਸ ਐਕੂਪੰਕਚਰ ਹਸਪਤਾਲ ਲੁਧਿਆਣਾ ਵਲੋਂ ਚੀਨੀ ਦੂਤਾਵਾਸ ਨਵੀਂ ਦਿੱਲੀ ਦੇ ਸਹਿਯੋਗ ਨਾਲ ਕੌਮੀ ਪੱਧਰ 'ਤੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਲੜੀਵਾਰ ਇਲਾਜ ਕੈਂਪ 10 ਨਵੰਬਰ ਤੋਂ ਸ਼ੁਰੂ ਕੀਤੇ ਜਾ ਰਹੇ ਹਨ, ਜੋ 10 ਦਸੰਬਰ ਤਕ ਚੱਲਣਗੇ। ਕੈੰਪਾਂ ਦੀ ਲੜੀ ਸ਼ੁਰੂ ਕਰਨ ਦੇ ਸੰਦਰਭ ਵਿਚ ਕੋਟਨਿਸ ਹਸਪਤਾਲ ਲੁਧਿਆਣਾ ਦੇ ਨਿਰਦੇਸ਼ਕ ਡਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਹਿਲਾ ਕੈਂਪ 10 ਨਵੰਬਰ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖ ਪ੍ਰਬੰਧਕ ਐੱਸ ਪੀ ਉਬਰਾਏ ਵਲੋਂ ਚਲਾਏ ਜਾ ਰਹੇ ਗੁਰੂ ਰਾਮਦਾਸ ਜੀ ਆਸ਼ਰਮ ਸਰਾਭਾ ਪਿੰਡ ਵਿਚ 5 ਰੋਜਾ ਕੈਂਪ ਲਗਾਇਆ ਜਾ ਰਿਹਾ ਹੈ, ਦੂਜਾ ਕੈਂਪ 14 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਬੈਕੁੰਠ ਗੋਪਾਲ ਪੁਰ, ਪਾਲਮਪੁਰ ਹਿਮਾਚਲ ਪ੍ਰਦੇਸ਼ ਵਿਚ ਲਗਾਇਆ ਜਾਵੇਗਾ। ਇਸ ਤੋਂ ਇਲਾਵਾ ਕੋਲਕਾਤਾ, ਭੁਵਨੇਸ਼ਵਰ, ਬੰਗਲੌਰ, ਕੇਰਲਾ, ਭੋਪਾਲ, ਬੀੜ, ਗਾਜੀਆਬਾਦ, ਦਿੱਲੀ, ਰੋਹਣੀ, ਕੁਰੂਕਸ਼ੇਤਰ, ਪਾਣੀਪਤ, ਕੋਟਾ, ਗੋਹਾਟੀ, ਪਟਨਾ, ਅੰਮ੍ਰਿਤਸਰ ਅਤੇ ਸ੍ਰੀਨਗਰ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਵੱਖ ਵੱਖ ਥਾਵਾਂ 'ਤੇ ਕੈੰਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਦੌਰਾਨ ਐਕੂਪੰਕਚਰ ਪ੍ਰਣਾਲੀ ਦੇ ਮਾਹਿਰ ਡਾ:ਇੰਦਰਜੀਤ ਸਿੰਘ, ਡਾ ਨੇਹਾ, ਡਾ ਰਘਬੀਰ ਸਿੰਘ, ਡਾ ਬਲਜਿੰਦਰ ਸਿੰਘ, ਡਾ ਨਾਰਗੋ, ਡਾ ਦੀਪਕ, ਡਾ ਸੁਮੋਲਾ, ਡਾ ਰਵੀ ਸ਼ੰਕਰ, ਡਾ ਚੰਚਲ, ਡਾ ਹਮੀਦ, ਡਾ ਜੈ ਪ੍ਰਕਾਸ਼, ਡਾ ਸੁਖਵਿੰਦਰ ਸਿੰਘ, ਡਾ ਨਫੀਸਾ, ਡਾ ਅਨੀਸ਼ ਗੁਪਤਾ, ਡਾ ਕ੍ਰਿਸ਼ਨ ਚੰਦਰ ਮਿਸ਼ਰਾ, ਡਾ ਉਮਰ, ਡਾ ਕ੍ਰਿਸ਼ਨ ਮੋਹਨ ਪ੍ਰਸਾਦ, ਡਾ ਪ੍ਰੇਮਿਕਾ, ਡਾ ਸੰਦੀਪ ਚੌਪੜਾ, ਡਾ :ਚੇਤਨਾ, ਡਾ ਐਨ ਪੀ ਸਿੰਘ ਤੋਂ ਇਲਾਵਾ ਹੋਰ ਮਾਹਿਰ ਡਾਕਟਰ ਮਰੀਜ਼ਾਂ ਦਾ ਇਲਾਜ ਕਰਨਗੇ। ਡਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਦੇ ਮੰਤਰੀ ਸ੍ਰੀ ਜੇ ਪੀ ਨੱਢਾ ਵਲੋਂ ਐਕੂਪੰਕਚਰ ਇਲਾਜ ਪ੍ਰਣਾਲੀ ਨੂੰ ਸੁਤੰਤਰ ਇਲਾਜ ਪ੍ਰਣਾਲੀ ਵਜੋਂ ਮਾਨਤਾ ਦੇ ਦਿੱਤੀ ਗਈ ਹੈ ਅਤੇ ਇਹ ਇਲਾਜ ਪ੍ਰਣਾਲੀ ਹੁਣ ਦੂਜੀਆਂ ਇਲਾਜ ਪ੍ਰਣਾਲੀਆਂ ਦੇ ਬਰਾਬਰ ਖੜ੍ਹੀ ਕਰ ਦਿੱਤੀ ਗਈ ਹੈ। ਜਿਸ ਦੇ ਨਾਲ ਮਰੀਜ਼ਾਂ ਨੂੰ ਬਿਨਾਂ ਅਪਰੇਸ਼ਨ, ਬਿਨਾਂ ਦਵਾਈ ਅਤੇ ਬਿਨ੍ਹਾਂ ਕਿਸੇ ਮਾੜੇ ਸਰੀਰਕ ਪ੍ਰਭਾਵ ਦੇ ਇਲਾਜ ਹੋਵੇਗਾ। ਇਹ ਇਲਾਜ ਦੂਜੀਆਂ ਇਲਾਜ ਪ੍ਰਣਾਲੀਆਂ ਦੇ ਮੁਕਾਬਲੇ ਬੇਹੱਦ ਸਸਤਾ ਹੋਵੇਗਾ। ਇਸ ਪ੍ਰਣਾਲੀ ਨੂੰ ਮਾਨਤਾ ਮਿਲਣ ਪਿੱਛੋਂ ਹਸਪਤਾਲਾਂ ਦਾ ਬੋਝ ਵੀ ਘਟੇਗਾ ਅਤੇ ਲੋਕ ਜਲਦੀ ਪੁਰਾਣੀਆਂ ਬਿਮਾਰੀਆਂ ਤੋਂ ਖਹਿੜਾ ਛੁਡਾਉਣ ਦੇ ਕਾਬਲ ਹੋਣਗੇ। ਇਨ੍ਹਾਂ ਕੈਂਪਾਂ ਦੌਰਾਨ ਰੀਹ ਦੀ ਹੱਡੀ ਦਾ ਦਰਦ, ਜੋੜਾਂ ਦਾ ਦਰਦ, ਗਠੀਆ, ਦਮਾ, ਅਧਰੰਗ, ਮਾਨਸਿਕ ਪ੍ਰੇਸ਼ਾਨੀ ਅਤੇ ਨਸ਼ਿਆਂ ਤੋਂ ਪੀੜ੍ਹਤਾਂ ਦਾ ਇਲਾਜ ਕੀਤਾ ਜਾਵੇਗਾ।
Powered by Froala Editor
National-Series-Of-Free-Acupuncture-Treatment-Camps-Starts-From-10th-November-By-Dr-Kotnis-Acupuncture-Hospital-Ludhiana-