ਦੁਨੀਆਂ ਨੂੰ ਬਚਾਉਣ ਦੇ ਲਈ ਪਰਮਾਣੂ ਹਥਿਆਰਾਂ ਦਾ ਪੂਰੀ ਤਰਹਾਂ ਖਾਤਮਾ ਅਤੀ ਜਰੂਰੀ - ਡਾਕਟਰ ਅਰੁਣ ਮਿੱਤਰਾ
Aug6,2024
| Gautam Jalandhari | Ludhiana
ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੀਰੋਸ਼ੀਮਾ ਦਿਵਸ ਨੂੰ ਸਮਰਪਿਤ ਵਿਚਾਰ ਗੋਸ਼ਟੀ
ਅੱਜ ਇੱਥੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਿਵਿਲ ਲਾਈਨ ਲੁਧਿਆਣਾ ਵਿਖੇ 'ਹੁਣ ਹੋਰ ਯੁੱਧ ਨਹੀਂ' ਵਿਸ਼ੇ ਤੇ ਵਿਚਾਰ ਗੋਸ਼ਟੀ ਕੀਤੀ ਗਈ। ਇਸ ਗੋਸ਼ਟੀ ਦਾ ਆਯੋਜਨ 6 ਅਗਸਤ ਨੂੰ ਜਪਾਨ ਦੇ ਨਗਰ ਹੀਰੋਸੀਮਾ ਦੇ ਉੱਪਰ ਅਮਰੀਕਾ ਦੁਆਰਾ ਪਰਮਾਣੂ ਬੰਬ ਸੁੱਟਣ ਕਰਕੇ 2 ਲੱਖ ਲੋਕ ਜਿਨਾਂ ਵਿੱਚ 38000 ਦੇ ਕਰੀਬ ਬੱਚੇ ਮਾਰੇ ਗਏ, ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਆਉਣ ਵਾਲੇ ਸਮੇਂ ਵਿੱਚ ਯੁੱਧ ਨਾ ਹੋਣ ਇਸ ਗੱਲ ਲਈ ਜਨ ਚੇਤਨਾ ਪੈਦਾ ਕਰਨ ਦੇ ਲਈ ਕੀਤਾ ਗਿਆ।
ਪ੍ਰਮੁੱਖ ਬੁਲਾਰੇ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਦੇ ਕੌਮੀ ਪ੍ਰਧਾਨ ਡਾਕਟਰ ਅਰੁਣ ਮਿੱਤਰਾ ਨੇ ਕਿਹਾ ਕੀ ਪਰਮਾਣੂ ਬੰਬ ਦੇ ਨਾਲ ਧਮਾਕਾ, ਅਤ ਦੀ ਗਰਮੀ ਅਤੇ ਫੈਲਣ ਵਾਲੀਆਂ ਕਿਰਨਾਂ ਦੇ ਕਾਰਨ ਬਹੁਤ ਹੀ ਦਰਦ ਨਾਕ ਢੰਗ ਨਾਲ ਮੌਤਾਂ ਹੁੰਦੀਆਂ ਹਨ। ਗਰਮੀ ਇਨੀ ਜਿਆਦਾ ਹੁੰਦੀ ਹੈ ਕਿ ਸਰੀਰ ਇਕਦਮ ਪਿਘਲ ਜਾਂਦਾ ਹੈ ਇਥੋਂ ਤੱਕ ਕੀ ਕਨਕਰੀਟ ਦੀਆਂ ਬਿਲਡਿੰਗਾਂ ਵੀ ਪਿਘਲ ਜਾਂਦੀਆਂ ਹਨ। ਫੈਲਣ ਵਾਲੀਆਂ ਕਿਰਨਾਂ ਦਾ ਪ੍ਰਭਾਵ ਦਹਾਕਿਆਂ ਤੱਕ ਰਹਿੰਦਾ ਹੈ ਜਿਸਦੇ ਕਾਰਨ ਵੱਡੀ ਗਿਣਤੀ ਦੇ ਵਿੱਚ ਕੈਂਸਰ ਹੁੰਦੇ ਹਨ ਅਤੇ ਆਉਣ ਵਾਲੀਆਂ ਪੀੜੀਆਂ ਵਿਕਲਾਂਗ ਪੈਦਾ ਹੋ ਸਕਦੀਆਂ ਹਨ। ਅੱਜ ਦੁਨੀਆ ਵਿੱਚ 16 ਹਜਾਰ ਦੇ ਕਰੀਬ ਪਰਮਾਣੂ ਹਥਿਆਰ ਮੌਜੂਦ ਹਨ ਜਿਹੜੇ ਕਿ ਅਗਰ ਵਰਤੇ ਗਏ ਤਾਂ ਪੂਰੀ ਦੀ ਪੂਰੀ ਆਧੁਨਿਕ ਸਭਿਅਤਾ ਸਮਾਪਤ ਹੋ ਜਾਏਗੀ। ਭਾਰਤ ਤੇ ਪਾਕਿਸਤਾਨ ਵਿੱਚ ਜੇ 100 ਪਰਮਾਣੂ ਹਥਿਆਰ ਵਰਤੇ ਗਏ ਤਾਂ ਦੁਨੀਆਂ ਭਰ ਦੇ ਵਿੱਚ ਦੋ ਅਰਬ ਲੋਕ ਮਾਰੇ ਜਾਣਗੇ। ਇਸ ਲਈ, ਉਹਨਾਂ ਕਿਹਾ ਕਿ, ਪਰਮਾਣੂ ਹਥਿਆਰਾ ਦੀ ਪੂਰੀ ਤਰਹਾਂ ਸਮਾਪਤੀ ਹੋਣੀ ਚਾਹੀਦੀ ਹੈ ਤੇ ਇੱਕ ਵੀ ਹਥਿਆਰ ਦੁਨੀਆਂ ਵਿੱਚ ਨਹੀਂ ਹੋਣਾ ਚਾਹੀਦਾ।
ਉਨਾਂ ਨੇ ਚੇਤਾਵਨੀ ਦਿੱਤੀ ਕਿ ਦੁਨੀਆਂ ਵਿੱਚ ਚੱਲ ਰਹੀਆਂ ਜੰਗਾਂ ਦੇ ਕਾਰਨ ਜਾਨ ਮਾਲ ਦਾ ਨੁਕਸਾਨ ਹੋ ਰਿਹਾ ਹੈ ਅਤੇ ਭੁੱਖਮਰੀ ਫੈਲ ਰਹੀ ਹੈ। ਇਸ ਗੱਲ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਕਿ ਗਾਜਾ ਵਿੱਚ ਨਿੱਕੇ ਨਿੱਕੇ ਬੱਚਿਆਂ ਦੇ ਹੋ ਰਹੇ ਕਤਲੇਆਮ ਦੇਖ ਕੇ ਵੀ ਦੁਨੀਆਂ ਇਸਨੂੰ ਰੋਕਣ ਵਿੱਚ ਅਸਮਰਥ ਹੈ। ਯੂਕਰੇਨ ਵਿੱਚ ਚਲ ਰਹੀ ਲੜਾਈ ਦੇ ਕਾਰਨ ਪਰਮਾਣੂ ਯੁੱਧ ਦਾ ਖਤਰਾ ਮੰਡਰਾ ਰਿਹਾ ਹੈ। ਇਸ ਸਥਿਤੀ ਨੂੰ ਸੁਧਾਰਨ ਦੇ ਲਈ ਦੁਨੀਆ ਭਰ ਵਿੱਚ ਅਮਨ ਲਹਿਰ ਦੀ ਆਵਾਜ਼ ਨੂੰ ਮਜਬੂਤ ਕਰਨਾ ਚਾਹੀਦਾ ਹੈ। ਸੋਸ਼ਲ ਥਿੰਕਰਜ ਫੋਰਮ ਦੇ ਕਨਵੀਨਰ ਐਮ ਐਸ ਭਾਟੀਆ ਨੇ ਕਿਹਾ ਕਿ ਸਾਨੂੰ ਵਿਸ਼ਵ ਸ਼ਾਂਤੀ ਨੂੰ ਤਰਜੀਹ ਦੇ ਤੌਰ ਤੇ ਲੈਣਾ ਚਾਹੀਦਾ ਹੈ ਕਿਉਂਕਿ ਸ਼ਾਂਤੀ ਦੇ ਬਿਨਾਂ ਕਦੇ ਵੀ ਵਿਕਾਸ ਨਹੀਂ ਹੋ ਸਕਦਾ। ਹਿੰਸਾ ਦੇ ਮਾਹੌਲ ਵਿੱਚ ਸਭ ਤੋਂ ਜਿਆਦਾ ਬੁਰਾ ਪ੍ਰਭਾਵ ਬੱਚਿਆਂ ਦੇ ਉੱਪਰ ਪੈਂਦਾ ਹੈ।
ਭਾਰਤ ਜਨ ਗਿਆਨ ਵਿਗਿਆਨ ਜਥਾ ਦੇ ਪ੍ਰਧਾਨ ਕੌਮੀ ਪੁਰਸਕਾਰ ਜੇਤੂ ਸਰਦਾਰ ਰਣਜੀਤ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਕੋਸ਼ਿਸ਼ ਕਰਨਗੇ ਕਿ ਵਾਤਾਵਰਨ ਦੇ ਸੰਭਾਲ ਅਤੇ ਵਿਸ਼ ਸ਼ਾਂਤੀ ਲਈ ਸਕੂਲ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਜਨ ਚੇਤਨਾ ਪੈਦਾ ਕੀਤੀ ਜਾਏ । ਇਸ ਵੇਲੇ ਸਮੁੱਚੇ ਸਮਾਜ ਨੂੰ ਇਕੱਠਾ ਕਰਕੇ ਅਮਨ ਦੇ ਨਾਲ ਨਾਲ ਫੈਲ ਰਹੀ ਭੁੱਖਮਰੀ ਦੇ ਬਾਰੇ ਚੇਤੰਨ ਕਰਕੇ ਲਾਮਬੰਦ ਕਰਨਾ ਪਏਗਾ। ਯੁੱਧ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਕਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਗੰਭੀਰ ਵਿਸ਼ੇ ਤੇ ਵਿਚਾਰ ਚਰਚਾ ਜਰੂਰ ਕਰਨ ਤੇ ਦੁਨੀਆ ਵਿੱਚ ਸਥਾਈ ਸ਼ਾਂਤੀ ਲਈ ਆਪਣਾ ਯੋਗਦਾਨ ਪਾਉਣ। ਇਸ ਮੌਕੇ ਤੇ ਸਕੂਲ ਦੇ ਕਮਰਸ ਵਿਭਾਗ ਦੇ ਵਿਦਿਆਰਥੀ ਸੀਆ ਅਤੇ ਪ੍ਰਭਲੀਨ ਕੌਰ ਨੇ ਵੀ ਆਪਣੇ ਵਿਚਾਰ ਦਿੱਤੇ ।
Powered by Froala Editor
It-Is-Imperative-To-Abolish-Nuclear-Weapons-To-Save-The-World-From-Catastrophe-Dr-Arun-Mitra