ਪੰਜਾਬ ਦਾ ਪਹਿਲਾ ਘੋੜਸਵਾਰੀ ਉਤਸਵ ਜਾਹੋ ਜਲਾਲ ਨਾਲ ਪਿੰਡ ਕਰੌਰਾਂ ਵਿਖੇ ਆਰੰਭ ** ਕਿਹਾ, ਪੰਜਾਬ ਦੇ ਅਮੀਰ ਸਭਿਆਚਾਰ ਅਤੇ ਵਿਰਾਸਤ ਦਾ ਕੋਈ ਮੁਕਾਬਲਾ ਨਹੀਂ ** ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸੂਬੇ ਵਿੱਚ ਵਿਰਾਸਤੀ ਤੇ ਰਵਾਇਤੀ ਮੇਲੇ ਲਾਏ ਜਾ ਰਹੇ ਹਨ** ਪੰਜਾਬ ਚੋਂ ਨਸ਼ਿਆਂ ਨੂੰ ਖ਼ਤਮ ਕਰ ਖੇਡਾਂ ਤੇ ਮੇਲਿਆਂ ਦਾ ਪੰਜਾਬ ਬਣਾਉਣ ਦਾ ਅਹਿਦ ਦੁਹਰਾਇਆ ** ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਸੂਬੇ ਚ ਪਹਿਲੀ ਵਾਰ ਕਰਵਾਏ ਜਾ ਰਹੇ ਘੋੜਸਵਾਰੀ ਉਤਸਵ ਦੀ ਅੱਜ ਪੂਰੇ ਜਾਹੋ ਜਲਾਲ ਨਾਲ ਪਿੰਡ ਕਰੌਰਾਂ ਵਿਖੇ ਆਰੰਭਤਾ ਹੋਈ। ਸਮਾਗਮ ਦੌਰਾਨ ਸ਼ਾਮ ਨੂੰ ਪੁੱਜੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਰੰਗਲੇ ਪੰਜਾਬ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੰਜਾਬ ਦੀ ਰਵਾਇਤੀ ਸ਼ਾਨ ਅਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਕਿਸੇ ਸਰਕਾਰ ਵੱਲੋਂ ਮੇਲਿਆਂ ਅਤੇ ਉਤਸਵਾਂ ਦੇ ਰੂਪ ਵਿੱਚ ਵੱਡੇ ਪੱਧਰ ਤੇ ਉਭਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਚੋਂ ਨਸ਼ਿਆਂ ਦਾ ਖਾਤਮਾ ਕਰ ਇਸ ਨੂੰ ਖੇਡਾਂ ਤੇ ਮੇਲਿਆਂ ਦਾ ਪੰਜਾਬ ਬਣਾਉਣ ਲਈ ਜੀਅ ਤੋੜ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਜੜ੍ਹੋਂ ਪੁੱਟਣ, ਪੀੜਤ ਨੌਜੁਆਨਾਂ ਦੇ ਮੁੜ ਵਸੇਬੇ ਅਤੇ ਨਸ਼ਾ ਸਮਗਲਰਾਂ ਨੂੰ ਸਲਾਖਾਂ ਪਿੱਛੇ ਡੱਕ ਕੇ, ਪੰਜਾਬ ਦੀ ਪੁਰਾਣੀ ਸ਼ਾਨ ਅਤੇ ਸੱਭਿਆਚਾਰ ਨੂੰ ਸੁਰਜੀਤ ਕਰਨ ਦੀ ਵਚਨਬੱਧਤਾ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਪਾਸੋਂ ਪੰਜਾਬ ਦੀ ਜੁਆਨੀ ਨੂੰ ਬਚਾਉਣ ਲਈ ਸ਼ੁਰੂ ਕੀਤੀ ਇਸ ਮੁਹਿੰਮ ਲਈ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਆਖਿਆ ਕਿ ਦੋ ਦਿਨ ਚੱਲਣ ਵਾਲਾ ਇਹ ਘੋੜਸਵਾਰੀ ਉਤਸਵ ਪੰਜਾਬ ਅਤੇ ਆਲੇ ਦੁਆਲੇ ਦੇ ਰਾਜਾਂ ਹਰਿਆਣਾ, ਰਾਜਸਥਾਨ ਅਤੇ ਪੰਜਾਬ ਪੁਲਿਸ, ਆਈ ਟੀ ਬੀ ਪੀ, ਪੈਰਾ ਮਿਲਟਰੀ ਅਤੇ ਹਰਿਆਣਾ ਪੁਲਿਸ ਦੇ ਅਤੇ ਪ੍ਰਾਈਵੇਟ ਸਟੱਡ ਫਾਰਮਾਂ ਦੇ ਕਰੀਬ 250 ਮਾਰਵਾੜੀ ਅਤੇ ਨੁੱਕਰਾ ਨਸਲ ਦੇ ਘੋੜਿਆਂ ਦੀ ਸ਼ਮੂਲੀਅਤ ਨਾਲ ਸ਼ੁਰ ਹੋਇਆ ਹੈ। ਅੱਜ ਕਰਵਾਏ ਗਏ ਮੁਕਾਬਲਿਆਂ ਅਤੇ ਪ੍ਰੋਗਰਾਮਾਂ ਵਿੱਚ ਟੀਮ ਲਾਂਸ ਟੈਂਟ ਪੈਗਿੰਗ, ਸਿਕਸ ਬਾਰ ਜੰਪਿੰਗ, ਸਵੋਰਡ ਇੰਡੀਵਿਜੁਅਲ ਟੈਂਟ ਪੈਗਿੰਗ, ਹਾਰਸ ਡਾਂਸ ਮੁਕਾਬਲਾ, ਫੈਸ਼ਨ ਸ਼ੋਅ, ਡਰੈਸੇਜ ਪ੍ਰੀਲੀਮਿਨਰੀ, ਓਪਨ ਹੈਕਸ, ਫਰੀਅਰ ਟੈਸਟ, ਮਿਲਕ ਟੀਥ ਫਿਲੀ ਰਿੰਗ, ਹਾਰਸ ਡਿਸਪਲੇ, ਮਿਲਕ ਟੀਥ ਕੋਲਟ ਰਿੰਗ ਅਤੇ ਫੈਸ਼ਨ ਸ਼ੋਅ ਪਹਿਲੇ ਦਿਨ ਦਾ ਆਕਰਸ਼ਣ ਰਹੇ। ਕਲ੍ਹ ਲਾਂਸ ਵਿਅਕਤੀਗਤ ਟੈਂਟ ਪੈਗਿੰਗ, ਸ਼ੋਅ ਜੰਪਿੰਗ ਡਰਬੀ, ਸਵੋਰਡ ਟੀਮ ਟੈਂਟ ਪੈਗਿੰਗ, ਫੈਂਸੀ ਡਰੈੱਸ, ਫਾਈਨਲ ਰਨ ਸਵੋਰਡ ਟੀਮ, ਮੈਡਲੇ ਰਿਲੇ, ਮੈਡਲ ਸਮਾਰੋਹ, ਡਰੈਸੇਜ ਐਲੀਮੈਂਟਰੀ, ਸ਼ੋਅ ਜੰਪਿੰਗ ਗਰੁੱਪ 1-2-3, ਪੋਲ ਬੈਂਡਿੰਗ ਰੇਸ, ਬਾਲ ਅਤੇ ਬਕੇਟ ਡਿਸਪਲੇਅ, ਸਟਾਲੀਅਨ ਨੁਕਰਾ ਰਿੰਗ, ਘੋੜੀ ਮਾਰਵਾੜੀ ਰਿੰਗ, ਹਾਰਸ ਡਿਸਪਲੇ, ਸਟਾਲੀਅਨ ਮਾਰਵਾੜੀ ਰਿੰਗ, ਕਰਵਾਏ ਜਾਣਗੇ। ਇਸੇ ਤਰ੍ਹਾਂ ਅੱਜ ਸੰਗੀਤਕ ਸ਼ਾਮ ਦੌਰਾਨ ਮੀਤ ਕੌਰ ਨੇ ਆਪਣੇ ਗੀਤਾਂ ਰਾਹੀਂ ਰੰਗ ਬੰਨ੍ਹਿਆ ਜਦਕਿ ਐਤਵਾਰ ਨੂੰ ਗਾਇਕ ਦਿਲਪ੍ਰੀਤ ਢਿੱਲੋਂ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਮੌਕੇ ਆਖਿਆ ਕਿ ਘੋੜ ਸਵਾਰੀ ਉਤਸਵ ਦੀ ਵਿਲੱਖਣਤਾ ਇਹ ਹੈ ਕਿ ਇਸ ਨਾਲ ਸਾਨੂੰ ਇੱਕ ਬੜੀ ਰੋਮਾਂਚਕ ਖੇਡ ਦੇ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਇਹ ਪਹਿਲੀ ਕੋਸ਼ਿਸ਼ ਬੜੀ ਕਾਮਯਾਬ ਰਹੀ ਹੈ। ਪਹਿਲੇ ਦਿਨ ਵਿਸ਼ੇਸ਼ ਤੌਰ ਤੇ ਪੁੱਜੇ ਐੱਮ ਐਲ ਏਜ਼ ਡਾ. ਚਰਨਜੀਤ ਸਿੰਘ ਚੰਨੀ ਤੇ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਵਿਰਾਸਤੀ ਖੇਡਾਂ ਨੂੰ ਉਭਾਰਨ ਦੀ ਇਹ ਸ਼ਾਨਦਾਰ ਪਹਿਲਕਦਮੀ ਹੈ। ਘੋੜ ਸਵਾਰੀ ਉਤਸਵ ਦੌਰਾਨ ਪੰਜਾਬ ਟ੍ਰੇਡਰਜ਼ ਕਮਿਸ਼ਨ ਮੈਂਬਰ ਵਿਨੀਤ ਵਰਮਾ, ਆਪ ਦੇ ਬੁਲਾਰੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਤੋਂ ਇਲਾਵਾ ਏ ਡੀ ਸੀ ਸੋਨਮ ਚੌਧਰੀ, ਐੱਸ ਡੀ ਐਮ ਖਰੜ ਗੁਰਮਿੰਦਰ ਸਿੰਘ, ਮੁੱਖ ਮੰਤਰੀ ਦੇ ਫੀਲਡ ਅਫ਼ਸਰ ਦੀਪੰਕਰ ਗਰਗ ਅਤੇ ਵੱਡੀ ਗਿਣਤੀ ਵਿੱਚ ਘੋੜਾ ਪਾਲਕ ਤੇ ਪ੍ਰੇਮੀ ਮੌਜੂਦ ਸਨ।
Tarunpreet-Singh-Sond-Cabinet-Minister-Punjab-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)