· ਪੰਜਾਬ ਦੀਆਂ ਮੰਡੀਆਂ ਚ 124 ਲੱਖ ਮੀਟਰਕ ਟਨ ਕਣਕ ਆਉਂਣ ਦਾ ਟੀਚਾ -ਕੈਬਨਿਟ ਮੰਤਰੀ
· ਸੂਬੇ ਭਰ ਦੀਆਂ 1865 ਮੰਡੀਆਂ ਵਿੱਚ 60 ਲੱਖ ਮੀਟਰਕ ਟਨ ਤੋਂ ਵਧੇਰੇ ਕਣਕ ਦੀ ਆਮਦ, 54 ਲੱਖ ਮੀਟਰਕ ਟਨ ਕਣਕ ਦੀ ਹੋਈ ਖਰੀਦ , ਕਿਸਾਨਾਂ ਦੇ ਖਾਤੇ ਵਿੱਚ ਜਮ੍ਹਾਂ ਹੋਏ 7986.15 ਕਰੋੜ ਰੁਪਏ
· ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਨੇ ਮਜ਼ਦੂਰਾ,ਆੜ੍ਹਤੀਆਂ ਅਤੇ ਕਿਸਾਨਾਂ ਨਾਲ ਕੀਤੀ ਵਿਸ਼ੇਸ਼ ਤੌਰ ਤੇ ਗੱਲਬਾਤ
· ਕਿਹਾ! ਹਰੇਕ ਕਿਸਾਨ ਦੀ ਫਸਲ ਦੇ ਨੁਕਸਾਨ ਦੀ ਕੀਤੀ ਜਾਵੇਗੀ ਭਰਪਾਈ
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਨੂੰ ਅਨਾਜ ਮੰਡੀ ਮਾਲੇਰਕੋਟਲਾ ਵਿਖੇ ਕਣਕ ਦੀ ਚੱਲ ਰਹੀ ਖਰੀਦ ਦਾ ਜਾਇਜ਼ਾ ਲੈਂਦਿਆ ਕਿਹਾ ਕਿ ਸੂਬੇ ਦੀਆਂ 1865 ਮੰਡੀਆਂ ਵਿੱਚ ਹੁਣ 60 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ 54 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ ਅਤੇ ਕਿਸਾਨਾਂ ਦੇ ਖਾਤਿਆਂ ਵਿੱਚ 7986.15 ਕਰੋੜ ਰੁਪਏ ਦੀ ਅਦਾਇਗੀ ਹੋ ਚੁੱਕੀ ਹੈ। ਹੁਣ ਤੱਕ 2 ਲੱਖ 50 ਹਜਾਰ ਕਿਸਾਨ ਮੰਡੀਆਂ ਵਿੱਚ ਆ ਚੁੱਕੇ ਹਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਸ ਮੌਕੇ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਕਰੀਬ 8 ਲੱਖ ਕਿਸਾਨਾਂ ਦੀ ਕਣਕ ਦੀ ਜਿਣਸ ਦਾ ਇੱਕ-ਇੱਕ ਦਾਣਾ 2425 ਰੁਪਏ ਦੀ ਐਮ.ਐਸ.ਪੀ. ‘ਤੇ ਖ਼ਰੀਦ ਕਰੇਗੀ।ਉਹਨਾਂ ਨੇ ਚੱਲ ਰਹੀ ਖਰੀਦ ਦਾ ਨਿਰੀਖਣ ਕਰਨ ਲਈ ਸੂਬੇ ਦੀਆਂ ਮੰਡੀਆਂ ਦਾ ਦੌਰਾ ਕਰਦਿਆਂ ਪਾਇਆ ਕਿ ਫਸਲ ਦੀ ਖਰੀਦ ਸੁਚਾਰੂ ਢੰਗ ਨਾਲ ਹੋ ਰਹੀ ਹੈ ਕਿਉਂਕਿ ਸੂਬਾ ਸਰਕਾਰ ਨੇ ਵਿਸਤ੍ਰਿਤ ਪ੍ਰਬੰਧ ਯਕੀਨੀ ਬਣਾਏ ਹਨ।
ਕੈਬਨਿਟ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਬਿਲਕੁਲ ਚੜ੍ਹਦੀਕਲਾ ‘ਚ ਆਪਣੀ ਫ਼ਸਲ ਮੰਡੀਆਂ ਵਿੱਚ ਲੈ ਕੇ ਆਉਣ ਅਤੇ ਪੰਜਾਬ ਸਰਕਾਰ ਇੱਕ-ਇੱਕ ਦਾਣਾ ਖ੍ਰੀਦਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਸਮੇਤ ਮਜ਼ਦੂਰਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ, ਜਿਸ ਲਈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਨਾਲ-ਨਾਲ ਸਮੁੱਚਾ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਏਗਾ।
ਕਟਾਰੂਚੱਕ ਨੇ ਕਿਹਾ ਹੈ ਕਿ ਸੂਬੇ ਵਿੱਚ ਇਸ ਸੀਜ਼ਨ ਦੌਰਾਨ ਕਣਕ ਦੀ ਬੰਪਰ ਫਸਲ ਹੋਈ ਹੈ। ਇਸ ਵਾਰ ਪੰਜਾਬ ਕੇਂਦਰੀ ਪੂਲ ਵਿੱਚ 124 ਲੱਖ ਮੀਟਰਕ ਟਨ ਕਣਕ ਦਾ ਯੋਗਦਾਨ ਪਾਵੇਗਾ। ਸੂਬਾ ਇਹ ਟੀਚਾ ਨਿਰਵਿਘਨ ਪ੍ਰਾਪਤ ਕਰਨ ਲਈ ਆਸਵੰਦ ਹੈ। ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਹੀ ਡਿਪਟੀ ਕਮਿਸ਼ਨਰਾਂ ਨੂੰ ਹਾਲ ਹੀ ਵਿੱਚ ਆਈ ਹਨੇਰੀ, ਸ਼ਾਰਟ ਸਰਕਟ ਅਤੇ ਗੜੇਮਾਰੀ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ। ਕੈਬਨਿਟ ਮੰਤਰੀ ਨੇ ਭਰੋਸਾ ਦਿਵਾਇਆ ਕਿ ਕਿਸਾਨਾਂ ਦੇ ਹਰ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਕਿਸਾਨਾਂ ਨੂੰ ਭੁਗਤਾਨ ਦਾ ਹਵਾਲਾ ਦਿੰਦੇ ਹੋਏ, ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਰਾਜ ਸਰਕਾਰ ਖਰੀਦ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਭੁਗਤਾਨ ਕਰ ਰਹੀ ਹੈ ਅਤੇ ਫਸਲ ਦੀ ਚੁਕਾਈ ਵਿੱਚ ਕੋਈ ਦੇਰੀ ਨਹੀਂ ਹੋ ਰਹੀ। ਇਸ ਮੌਕੇ ਪਿੰਡ ਬੁਰਜ ਦੇ ਕਿਸਾਨ ਕਰਮਜੀਤ ਸਿੰਘ ਨੇ ਆਪਣੀ ਜੀਣਸ ਦੀ ਅਦਾਇਗੀ ਦਾ ਮੋਬਾਇਲ ਤੇ ਸਕਰੀਨ ਸ਼ਾਟ ਵੀ ਦਖਾਇਆ ।
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮਜ਼ਦੂਰਾ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਧਰਤੀ ਉਂਤੇ ਅਸਲ ਦੇਵਤਾ ਮਜ਼ਦੂਰ ਹਨ ਜੋ ਕਿ ਇੰਨੀ ਮਿਹਨਤ ਮੁਸ਼ੱਕਤ ਨਾਲ ਆਪਣਾ ਪਰਿਵਾਰ ਪਾਲਦੇ ਹਨ। ਉਨ੍ਹਾਂ ਮਜ਼ਦੂਰਾਂ ਦਾ ਫਸਲਾਂ ਦੇ ਮੰਡੀਕਰਨ ਵਿੱਚ ਸਹਿਯੋਗ ਲਈ ਧੰਨਵਾਦ ਵੀ ਕੀਤਾ। ਪੰਜਾਬ ਸਰਕਾਰ ਵੱਲੋਂ ਲੋਡਿੰਗ ਵਾਲੇ ਮਜ਼ਦੂਰਾਂ ਲਈ 10 ਹਜ਼ਾਰ ਕਰੋੜ ਰੁਪਏ ਇਜ਼ਾਫਾ ਕੀਤਾ ਗਿਆ ਹੈ। ਮਜ਼ਦੂਰਾਂ ਦੇ ਰੇਟ ਰੀਵਾਈਜ਼ ਕੀਤੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਇਨ੍ਹਾਂ ਦੇ ਨਾਲ ਖੜੀ ਹੈ ਅਤੇ ਸੂਬਾ ਸਰਕਾਰ ਨੇ ਇਨ੍ਹਾਂ ਦਾ ਮਿਹਨਤਤਾਨਾ ਸਿਰਫ 1 ਸਾਲ ਵਿੱਚ ਹੀ 2 ਵਾਰ ਵਧਾਇਆ ਹੈ, ਉਨ੍ਹਾਂ ਕਿਹਾ ਕਿ ਪਹਿਲਾ 1 ਰੁਪਏ 80 ਤੋਂ ਵਧਾ ਕੇ 2 ਰੁਪਏ 21 ਪੈਸੇ ਕੀਤਾ ਤੇ ਵੱਧਦੀ ਮਹਿੰਗਾਈ ਤੇ ਆੜ੍ਹਤੀਆਂ ਦੀ ਮੰਗ ਨੂੰ ਮੱਦੇਨਜ਼ਰ ਰੱਖਦੇ ਹੋਏ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇ ਦਲੇਰਾਨਾ ਫੈਸਲਾ ਲਿਆ ਤੇ 43 ਪੈਸੇ ਦਾ ਹੋਰ ਵਾਧਾ ਕਰਦੇ ਹੋਏ ਇਨ੍ਹਾਂ ਦਾ ਰੇਟ 2 ਰੁਪਏ 64 ਪੈਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਧੇ ਨਾਲ ਲਗਭਗ 10 ਕਰੋੜ ਰੁਪਏ ਦਾ ਲਾਭ ਇਨ੍ਹਾਂ ਮਜ਼ਦੂਰ ਭਾਈਚਾਰੇ ਨੂੰ ਹੋਵੇਗਾ।
ਇਸ ਮੌਕੇ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ,ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ,ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ, ਐਸ.ਐਸ.ਪੀ.ਗਗਨ ਅਜੀਤ ਸਿੰਘ, ਐਸ.ਪੀ ਸਤਪਾਲ ਸ਼ਰਮਾ, ਐਸ.ਡੀ.ਐਮ. ਹਰਬੰਸ ਸਿੰਘ, ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ,ਵਿਧਾਇਕ ਮਾਲੇਰਕੋਟਲਾ ਦੀ ਧਰਮਪਤਨੀ ਫਰਿਆਲ ਰਹਿਮਾਨ,ਚੇਅਰਮੈਨ ਮਾਰਕੀਟ ਕਮੇਟੀ ਮਾਲੇਰਕੋਟਲਾ ਜਾਫ਼ਰ ਅਲੀ, ਚੇਅਰਮੈਨ ਮਾਰਕੀਟ ਕਮੇਟੀ ਸੰਦੋੜ ਕਰਮਜੀਤ ਸਿੰਘ ਕੁਠਾਲਾ,ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਡੇਜੀ ਖੋਸ਼ਲਾ, ਸਕੱਤਰ ਮਾਰਕੀਟ ਕਮੇਟੀ ਹਰਪ੍ਰੀਤ ਸਿੰਘ,ਯਾਸਰ ਅਰਫਾਤ, ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਤਰਸ਼ੇਮ ਸਿੰਘ ਭੂਦਨ, ਡੀ.ਐਸ.ਪੀ. ਕੁਲਬੀਰ ਸਿੰਘ ਵੀ ਮੌਜੂਦ ਸਨ ।
Powered by Froala Editor
Lal-Chand-Kataruchak-Cabinet-Minister-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)