ਪੰਜਾਬ ਬੰਦ ਦੌਰਾਨ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਮੁਸਤੈਦੀ ਦੀ ਚਾਰੇ ਪਾਸੇ ਸ਼ਲਾਘਾ,ਖੁਦ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਇਆ
Oct15,2026
| Ravinder Singh Dhillon | Khanna
ਹਾਈਵੇ ਜਾਮ ਹੋਣ ਤੋਂ ਪਹਿਲਾਂ ਸੰਭਾਲੇ ਹਾਲਾਤ, ਅਮਨ-ਸ਼ਾਂਤੀ ਰਹੀ ਬਰਕਰਾਰ
ਖੰਨਾ 15 ਅਕਤੂਬਰ (ਰਵਿੰਦਰ ਢਿੱਲੋਂ)-ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਵਿਰੋਧ ਵਿੱਚ ਪੰਜਾਬ ਬੰਦ ਦੌਰਾਨ ਖੰਨਾ ਵਿੱਚ ਪੁਲਿਸ ਪ੍ਰਸ਼ਾਸਨ ਦੀ ਮੁਸਤੈਦੀ ਦੇਖਣ ਨੂੰ ਮਿਲੀ। ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਪੁਲਿਸ ਨੇ ਸਵੇਰ ਤੋਂ ਹੀ ਸੁਰੱਖਿਆ ਪ੍ਰਬੰਧ ਮਜ਼ਬੂਤ ਰੱਖੇ। ਸ਼ਹਿਰ ਦੇ ਬਾਜ਼ਾਰਾਂ ਵਿੱਚ ਬੰਦ ਦਾ ਅਸਰ ਦਿਖਾਈ ਦਿੱਤਾ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਪੁਲਿਸ ਦੀ ਚੌਕਸੀ ਅਤੇ ਐਸਐਸਪੀ ਦੀ ਸਮੇਂ ਸਿਰ ਦਖ਼ਲਅੰਦਾਜ਼ੀ ਕਾਰਨ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ’ਤੇ ਜਾਮ ਲੱਗਣ ਦੀ ਸਥਿਤੀ ਵੀ ਟਲ ਗਈ।
ਸਵੇਰੇ ਕਰੀਬ 9 ਵਜੇ ਗੁਰੂ ਅਮਰਦਾਸ ਮਾਰਕੀਟ ਨੇੜੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਵੱਲੋਂ ਪਹਿਲਾਂ ਹੀ ਇੱਥੇ ਫੋਰਸ ਤਾਇਨਾਤ ਕੀਤੀ ਗਈ ਸੀ। ਇਸੇ ਦੌਰਾਨ ਕੁਝ ਪ੍ਰਦਰਸ਼ਨਕਾਰੀ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ’ਤੇ ਪਹੁੰਚ ਕੇ ਜਾਮ ਲਗਾਉਣ ਦੀ ਕੋਸ਼ਿਸ਼ ਕਰਨ ਲੱਗੇ।
ਮੌਕੇ ’ਤੇ ਮੌਜੂਦ ਐਸਐਸਪੀ ਦੇ ਰੀਡਰ ਸਬ-ਇੰਸਪੈਕਟਰ ਰਾਓ ਵਰਿੰਦਰ ਸਿੰਘ ਨੇ ਤੁਰੰਤ ਸਥਿਤੀ ਨੂੰ ਭਾਂਪਦਿਆਂ ਪੁਲਿਸ ਫੋਰਸ ਨੂੰ ਸਰਗਰਮ ਕੀਤਾ। ਦੇਖਦੇ ਹੀ ਦੇਖਦੇ ਪੁਲਿਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਸੀਨੀਅਰ ਅਧਿਕਾਰੀ ਵੀ ਉੱਥੇ ਮੌਜੂਦ ਸਨ। ਇਸ ਦੌਰਾਨ ਐਸਐਸਪੀ ਡਾ. ਦਰਪਣ ਆਹਲੂਵਾਲੀਆ ਖੁਦ ਮੌਕੇ ’ਤੇ ਪਹੁੰਚੇ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ।
ਐਸਐਸਪੀ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਗਟਾਉਣ ਦੀ ਅਪੀਲ ਕੀਤੀ। ਉਨ੍ਹਾਂ ਸਮਝਾਇਆ ਕਿ ਕੌਮੀ ਮਾਰਗ ’ਤੇ ਰੋਜ਼ਾਨਾ ਹਜ਼ਾਰਾਂ ਵਾਹਨ ਲੰਘਦੇ ਹਨ ਅਤੇ ਜਾਮ ਲੱਗਣ ਨਾਲ ਆਮ ਲੋਕਾਂ, ਮਰੀਜ਼ਾਂ ਅਤੇ ਹੋਰ ਰਾਹਗੀਰਾਂ ਨੂੰ ਮੁਸ਼ਕਲ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਕਾਨੂੰਨ-ਵਿਵਸਥਾ ਬਣਾਈ ਰੱਖਣੀ ਅਤੇ ਲੋਕਾਂ ਦੀ ਆਵਾਜਾਈ ਨੂੰ ਪ੍ਰਭਾਵਿਤ ਨਾ ਹੋਣ ਦੇਣਾ ਵੀ ਜ਼ਰੂਰੀ ਹੈ। ਇਸ ਦੌਰਾਨ ਐਸਪੀ (ਐਚ) ਹਰਪਿੰਦਰ ਕੌਰ ਨੇ ਵੀ ਅੱਗੇ ਹੋ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਤੇ ਉਹਨਾਂ ਦੀ ਭੂਮਿਕਾ ਵੀ ਸਕਾਰਾਤਮਕ ਰਹੀ। ਦੋਵੇਂ ਅਫਸਰਾਂ ਦੀ ਅਪੀਲ ਤੋਂ ਬਾਅਦ ਪ੍ਰਦਰਸ਼ਨਕਾਰੀ ਕੌਮੀ ਮਾਰਗ ਤੋਂ ਹਟ ਗਏ ਅਤੇ ਬਾਅਦ ਵਿੱਚ ਬਾਜ਼ਾਰਾਂ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਬੰਦ ਦੇ ਸਮਰਥਨ ਦੀ ਅਪੀਲ ਕਰਨ ਲੱਗੇ।
ਪੰਜਾਬ ਬੰਦ ਦੌਰਾਨ ਐਸਐਸਪੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਪੁਲਿਸ ਫੋਰਸ ਤਾਇਨਾਤ ਰਹੀ। ਪੁਲਿਸ ਟੀਮਾਂ ਨੇ ਲਗਾਤਾਰ ਹਾਲਾਤ ’ਤੇ ਨਜ਼ਰ ਰੱਖੀ। ਸਮੇਂ ਸਿਰ ਕਾਰਵਾਈ, ਮੌਕੇ ’ਤੇ ਪਹੁੰਚ ਕੇ ਗੱਲਬਾਤ ਅਤੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਅਪੀਲ ਨੇ ਸਥਿਤੀ ਨੂੰ ਸ਼ਾਂਤੀਪੂਰਨ ਬਣਾਈ ਰੱਖਣ ਵਿੱਚ ਭੂਮਿਕਾ ਨਿਭਾਈ।
-khannapolice-drdarpanahluwalia-punjabbandh-lawandorder-jagratilahar