ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ. ਨਗਰ ਸ਼੍ਰੀ ਹਰਮਨਦੀਪ ਸਿੰਘ ਹੰਸ (ਆਈ.ਪੀ.ਐਸ.) ਅਤੇ ਕਪਤਾਨ ਪੁਲਿਸ ਦਿਹਾਤੀ ਐਸ.ਏ.ਐਸ. ਨਗਰ ਸ਼੍ਰੀ ਮਨਪ੍ਰੀਤ ਸਿੰਘ (ਪੀ.ਪੀ.ਐਸ.) ਦੀਆਂ ਹਦਾਇਤਾਂ ਅਨੁਸਾਰ ਉਪ ਕਪਤਾਨ ਪੁਲਿਸ
ਖਰੜ-1 ਸ਼੍ਰੀ ਇਸ਼ਾਨ ਸਿੰਗਲਾ (ਪੀ.ਪੀ.ਐਸ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 16 ਜੂਨ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਬੱਸ ਸਟੈਂਡ ਖਰੜ ਨੇੜੇ ਸਥਿਤ ਬੀ.ਐਸ.ਐਨ.ਐਲ. ਐਕਸਚੇਂਜ ਦੇ ਟਾਵਰ 'ਤੇ ਇੱਕ ਵਿਅਕਤੀ ਚੜ੍ਹਿਆ ਹੋਇਆ ਹੈ।
ਸੂਚਨਾ ਮਿਲਣ ਉਪਰੰਤ ਪੁਲਿਸ ਪਾਰਟੀ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਮੁਸ਼ਕਲ ਯਤਨਾਂ ਨਾਲ ਟਾਵਰ ਉੱਤੇ ਚੜ੍ਹੇ ਸੋਨੀ ਨਾਮਕ ਵਿਅਕਤੀ ਨੂੰ ਸੁਰੱਖਿਅਤ ਢੰਗ ਨਾਲ ਹੇਠਾਂ ਉਤਾਰ ਲਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਵਿਅਕਤੀ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਟਾਵਰ 'ਤੇ ਚੜ੍ਹ ਕੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਗਿਆ।
ਇਸ ਸਬੰਧੀ ਥਾਣਾ ਸਿਟੀ ਖਰੜ ਵਿਖੇ ਐਫ.ਆਈ.ਆਰ. ਨੰਬਰ 185 ਮਿਤੀ 16.06.2026 ਅਧੀਨ ਧਾਰਾ 329(3), 194(2), 270 ਬੀ.ਐਨ.ਐਸ. ਅਤੇ ਧਾਰਾ 68 ਪੰਜਾਬ ਪੁਲਿਸ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।