ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 36 ਮੁਲਜ਼ਮ ਗ੍ਰਿਫਤਾਰ
May9,2026
| Jagsir Longowal | Sangrur
ਸੰਗਰੂਰ, 9 ਮਈ ,(ਜਗਸੀਰ ਸਿੰਘ)- ਐਸ.ਐਸ.ਪੀ. ਸੰਗਰੂਰ ਡਾ. ਰਵਜੋਤ ਗਰੇਵਾਲ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਅਤੇ “ਪਿੰਡਾਂ ਦੇ ਪਹਿਰੇਦਾਰ” ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 01.05.2026 ਤੋਂ 08.05.2026 ਤਕ ਡਰੱਗ ਦੇ 17 ਮੁਕੱਦਮੇਂ ਦਰਜ ਕਰ ਕੇ 24 ਮੁਲਜ਼ਮਾਂ ਨੂੰ ਕਾਬੂ ਕਰ ਕੇ 157 ਗ੍ਰਾਮ ਹੈਰੋਇਨ, 15 ਨਸ਼ੀਲੇ ਟੀਕੇ ਅਤੇ 85 ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਵਾਈਆਂ ਗਈਆਂ। ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 11 ਮੁਕੱਦਮੇਂ ਦਰਜ ਕਰਕੇ 12 ਮੁਲਜ਼ਮਾਂ ਨੂੰ ਕਾਬੂ ਕਰਕੇ 98.250 ਲੀਟਰ ਸ਼ਰਾਬ ਠੇਕਾ ਦੇਸੀ, 11.250 ਲੀਟਰ ਸ਼ਰਾਬ ਨਜਾਇਜ਼, 18 ਲੀਟਰ ਸ਼ਰਾਬ ਅੰਗਰੇਜ਼ੀ ਅਤੇ 450 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ।
ਇਸ ਤੋਂ ਇਲਾਵਾ ਜੂਆ ਐਕਟ ਤਹਿਤ 01 ਮੁਕੱਦਮਾ ਦਰਜ ਕਰਕੇ 01 ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 830/- ਰੁਪਏ ਬ੍ਰਾਮਦ ਕਰਾਏ ਗਏ। ਇਸ ਅਰਸੇ ਦੌਰਾਨ 02 ਪੀ.ਓਜ਼ (ਭਗੌੜੇ) ਨੂੰ ਗ੍ਰਿਫਤਾਰ ਕੀਤਾ ਗਿਆ। ਥਾਣਾ ਸਿਟੀ ਧੂਰੀ ਦੇ ਏਰੀਆ ਵਿੱਚ ਚੋਰੀ ਦਾ 01 ਮੁਕੱਦਮਾ ਟਰੇਸ ਕਰ ਕੇ 01 ਮੁਲਜ਼ਮ ਗ੍ਰਿਫਤਾਰ ਕਰਕੇ ਉਸ ਪਾਸੋਂ ਕਰੀਬ 16 ਤੋਲੇ ਸੋਨਾ ਬ੍ਰਾਮਦ ਕਰਵਾਇਆ ਗਿਆ। ਥਾਣਾ ਭਵਾਨੀਗੜ੍ਹ ਅਤੇ ਲਹਿਰਾ ਦੇ ਏਰੀਏ ਵਿੱਚ ਚੋਰੀਆਂ/ਲੁੱਟਾਂ-ਖੋਹਾਂ ਕਰਨ ਵਾਲੇ 03 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾ ਪਾਸੋਂ 02 ਮੋਟਰਸਾਈਕਲ ਅਤੇ 1000/- ਰੁਪਏ ਬ੍ਰਾਮਦ ਕਰਵਾਏ ਗਏ। ਥਾਣਾ ਸਿਟੀ ਸੰਗਰੂਰ ਦੇ ਏਰੀਆ ਵਿੱਚ ਲੜਕੇ ਦਾ ਕਤਲ ਕਰਨ ਵਾਲੇ 06 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ।
ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰਾਂ ਨਾਲ ਮੀਟਿੰਗਾਂ/ਸੰਪਰਕ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਅਰਸੇ ਦੌਰਾਨ ਵੱਖ-ਵੱਖ ਗਜ਼ਟਿਡ ਅਫਸਰਾਂ/ਮੁੱਖ ਅਫਸਰਾਂ ਵੱਲੋਂ 23 ਪਿੰਡਾਂ/ਸ਼ਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸ਼ੇ ਦਾ ਧੰਦਾਂ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖਿਲਾਫ ਜੰਗ ਜਾਰੀ ਹੈ।
36-Accused-Arrested-Under-Anti-drug-Campaign