ਮੋਹਾਲੀ ਪੁਲਿਸ ਵੱਲੋਂ ਅਸਲੇ ਸਮੇਤ ਇੱਕ ਵਿਅਕਤੀ ਕਾਬੂ
Apr16,2026
| Gurvinder Singh Mohali | Mohali
ਮੋਹਾਲੀ ਫੇਜ਼ 8 ਪੁਲੀਸ ਨੇ ਇੱਕ ਵਿਅਕਤੀ ਨੂੰ ਦੇਸੀ ਪਿਸਟਲ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਇਸ ਵਿਅਕਤੀ ਨੂੰ ਐਸ ਐਸ ਪੀ ਹਰਮਨਦੀਪ ਹਾਂਸ ਦੀਆਂ ਹਿਦਾਇਤਾਂ ਤੇ ਸਮਾਜਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪੁਲੀਸ ਟੀਮ ਨੇਚਰ ਪਾਰਕ ਨੇੜੇ ਮੌਜੂਦ ਸੀ ਜਦੋਂ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਕਿ ਪ੍ਰੀਤਇੰਦਰ ਸਿੰਘ ਵਾਸੀ ਪਿੰਕ ਰੋਜ ਸੁਸਾਇਟੀ 49-ਡੀ ਚੰਡੀਗੜ ਕੋਲ ਇੱਕ ਨਜਾਇਜ ਪਿਸਟਲ ਹੈ ਅਤੇ ਉਹ ਇਹ ਨਜਾਇਜ ਪਿਸਟਲ ਲੈ ਕੇ ਵਾਈ. ਪੀ. ਐਸ. ਚੌਕ ਵੱਲ ਨੂੰ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਐਸ.ਆਈ ਗਗਨਦੀਪ ਸਿੰਘ ਅਤੇ ਪੁਲੀਸ ਪਾਰਟੀ ਵਲੋਂ ਨੇਚਰ ਪਾਰਕ ਵਲੋਂ ਵਾਈ. ਪੀ. ਐਸ. ਚੌਂਕ ਵੱਲ ਆ ਰਹੇ ਇੱਕ ਸਿੱਖ ਸਰਦਾਰ ਨੌਜਵਾਨ (ਜੋ ਅੱਗੇ ਖੜੀ ਪੁਲੀਸ ਪਾਰਟੀ ਨੂੰ ਦੇਖ ਕੇ ਇਕਦਮ ਪਿੱਛੇ ਵੱਲ ਨੂੰ ਮੁੜਨ ਲੱਗਾ ਸੀ) ਨੂੰ ਆਵਾਜ਼ ਮਾਰ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸਦੀ ਤਲਾਸ਼ੀ ਲਈ ਤਾਂ ਉਸਦੀ ਪੈਂਟ ਦੇ ਡੱਬ ਵਿੱਚੋਂ ਇੱਕ ਦੇਸੀ ਪਿਸਟਲ .32 ਬੋਰ (ਰੰਗ ਸਿਲਵਰ) ਜਿਸ ਉੱਪਰ ਅੰਗਰੇਜੀ ਵਿੱਚ ਯੂ ਐਸ ਏ ਲਿਖਿਆ ਹੋਇਆ ਹੈ ਸਮੇਤ ਖਾਲੀ ਮੈਗਜ਼ੀਨ ਬਰਾਮਦ ਹੋਇਆ ਜਿਸ ਸਬੰਧੀ ਉਹ ਵਿਅਕਤੀ ਕੋਈ ਲਾਇਸੰਸ ਪਰਮਿਟ ਪੇਸ਼ ਨਹੀਂ ਕਰ ਸਕਿਆ। ਪੁਲੀਸ ਵਲੋਂ ਨੌਜਵਾਨ ਦਾ ਨਾਮ ਪਤਾ ਪੁੱਛੇ ਜਾਣ ਤੇ ਉਸਨੇ ਆਪਣਾ ਨਾਮ ਪ੍ਰੀਤਇੰਦਰ ਸਿੰਘ ਵਾਸੀ ਪਿੰਕ ਰੋਜ ਸੁਸਾਇਟੀ 49-ਡੀ ਚੰਡੀਗੜ ਦੱਸਿਆ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਸ ਸੰਬੰਧੀ ਥਾਣਾ ਫੇਜ-8 ਮੋਹਾਲੀ ਵਿਖੇ ਆਰਮਜ ਐਕਟ ਦੀ ਧਾਰਾ 25 ਅਧੀਨ ਮਾਮਲਾ ਦਰਜ ਕਰਕੇ ਪ੍ਰੀਤਇੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਵਲੋਂ ਉਸਦਾ ਪੁਲੀਸ ਰਿਮਾਡ ਹਾਸਿਲ ਕੀਤਾ ਗਿਆ ਹੈ ਅਤੇ ਉਸਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
Mohali-Police-Arrested-Acused