— ਡੀਸੀ ਬਠਿੰਡਾ ਨੇ ਚਾਰ ਮੈਂਬਰੀ ਜਾਂਚ ਕਮੇਟੀ ਕੀਤੀ ਗਠਿਤ, 20 ਫਰਵਰੀ ਤਕ ਰਿਪੋਰਟ ਸੌਂਪਣ ਦੇ ਆਦੇਸ਼
— 17 ਜਨਵਰੀ ਨੂੰ ਰਾਸ਼ਟਰੀ ਮਾਰਗ ‘ਤੇ ਕਾਰ ਡਿਵਾਈਡਰ ਨਾਲ ਟਕਰਾਉਣ ਕਾਰਨ ਗੁਜਰਾਤ ਦੇ ਪੰਜ ਲੋਕਾਂ ਦੀ ਹੋਈ ਸੀ ਮੌਤ
ਕੈਪਸ਼ਨ: ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇ ’ਤੇ ਹੋਏ ਸੜਕ ਹਾਦਸੇ ਵਿਚ ਨੁਕਸਾਨੀ ਗੱਡੀ ਦੀ ਫਾਇਲ ਤਸਵੀਰ
ਬਠਿੰਡਾ ਜ਼ਿਲ੍ਹੇ ਵਿੱਚ ਡੱਬਵਾਲੀ ਰੋਡ ‘ਤੇ 17 ਜਨਵਰੀ 2026 ਨੂੰ ਵਾਪਰੇ ਭਿਆਨਕ ਸੜਕ ਹਾਦਸੇ ਦਾ ਸੁਪਰੀਮ ਕੋਰਟ ਕਮੇਟੀ ਰੋਡ ਸੇਫਟੀ ਕਮੇਟੀ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ। ਇਸ ਹਾਦਸੇ ਵਿੱਚ ਗੁਜਰਾਤ ਦੀ ਮਹਿਲਾ ਕਾਂਸਟੇਲਬ ਸਮੇਤ ਪੰਜ ਨਾਗਰਿਕਾਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ ਸੀ।
ਹਾਦਸੇ ਦੀ ਗੰਭੀਰਤਾ ਨੂੰ ਦੇਖਦਿਆਂ ਸੁਪਰੀਮ ਕੋਰਟ ਦੀ ਰੋਡ ਸੇਫਟੀ ਕਮੇਟੀ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਬਾਰੇ ਵਿਸਥਾਰਪੂਰਵਕ ਜਾਂਚ ਰਿਪੋਰਟ ਤਲਬ ਕੀਤੀ ਹੈ। ਕਮੇਟੀ ਦੇ ਨਿਰਦੇਸ਼ਾਂ ਤੋਂ ਬਾਅਦ ਡੀਸੀ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਬਠਿੰਡਾ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਚਾਰ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਹੜੀ ਕਿ ਬਠਿੰਡਾ ਡੱਬਵਾਲੀ ਰੋਡ ’ਤੇ ਵਾਪਰੇ ਸੜਕ ਹਾਦਸੇ ਦੀ ਬਾਰੀਕੀ ਨਾਲ ਜਾਂਚ ਕਰਕੇ ਆਪਣੀ ਰਿਪੋਰਟ ਪੇਸ਼ ਕਰੇਗੀ। ਡੀਸੀ ਬਠਿੰਡਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਸ ਜਾਂਚ ਕਮੇਟੀ ਦੇ ਚੇਅਰਮੈਨ ਰੀਜਨਲ ਟਰਾਂਸਪੋਰਟ ਅਧਿਕਾਰੀ (ਆਰਟੀਓ.) ਬਠਿੰਡਾ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ ਨਿਰਮਾਣ ਮੰਡਲ ਨੰਬਰ-1, ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਬਠਿੰਡਾ, ਡੀਐਸਪੀ ਟ੍ਰੈਫਿਕ ਬਠਿੰਡਾ ਅਤੇ ਮੋਟਰ ਵਾਹਨ ਇੰਸਪੈਕਟਰ ਬਠਿੰਡਾ ਨੂੰ ਕਮੇਟੀ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਇਹ ਜਾਂਚ ਕਮੇਟੀ ਹਾਦਸੇ ਨਾਲ ਜੁੜੇ ਹਰ ਪੱਖ ਦੀ ਡੂੰਘਾਈ ਨਾਲ ਜਾਂਚ ਕਰੇਗੀ ਅਤੇ ਆਪਣੀ ਵਿਸਥਾਰਪੂਰਵਕ ਰਿਪੋਰਟ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸੌਂਪੇਗੀ। ਸੁਪਰੀਮ ਕੋਰਟ ਦੀ ਰੋਡ ਸੇਫਟੀ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ ਇਸ ਜਾਂਚ ਦੌਰਾਨ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ, ਓਵਰਸਪੀਡਿੰਗ, ਟ੍ਰੈਫਿਕ ਨਿਯੰਤਰਣ ਪ੍ਰਬੰਧ ਅਤੇ ਸੜਕ ਇੰਜੀਨੀਅਰਿੰਗ ਵਿੱਚ ਮੌਜੂਦ ਖਾਮੀਆਂ ਦੀ ਖਾਸ ਤੌਰ ‘ਤੇ ਜਾਂਚ ਕੀਤੀ ਜਾਵੇ। ਕਮੇਟੀ ਨੇ ਇਹ ਵੀ ਆਦੇਸ਼ ਦਿੱਤੇ ਹਨ ਕਿ ਭਵਿੱਖ ਵਿੱਚ ਅਜਿਹੇ ਹਾਦਸੇ ਨਾਂ ਵਾਪਰਣ, ਇਸ ਲਈ ਠੋਸ ਅਤੇ ਵਿਹਾਰਕ ਕਦਮ ਚੁੱਕੇ ਜਾਣ। ਨਾਲ ਹੀ ਮਨੁੱਖੀ ਭੁੱਲ, ਵਾਹਨ ਦੀ ਤਕਨੀਕੀ ਹਾਲਤ, ਸੜਕ ਦੀ ਬਣਾਵਟ ਅਤੇ ਟ੍ਰੈਫਿਕ ਸਾਈਨਬੋਰਡ ਆਦਿ ਪੱਖਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਸੁਪਰੀਮ ਕੋਰਟ ਦੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਇਸ ਹਾਦਸੇ ਸਬੰਧੀ ਤਿਆਰ ਕੀਤੀ ਗਈ ਵਿਸਥਾਰਪੂਰਵਕ ਰਿਪੋਰਟ 20 ਫਰਵਰੀ 2026 ਤਕ ਹਰ ਹਾਲਤ ਵਿੱਚ ਜਮ੍ਹਾਂ ਕਰਵਾਈ ਜਾਵੇ। ਇਹ ਰਿਪੋਰਟ ਲੀਡ ਏਜੰਸੀ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਨੂੰ ਈ-ਮੇਲ ਅਤੇ ਹਾਰਡ ਕਾਪੀ ਦੋਵਾਂ ਰੂਪਾਂ ਵਿੱਚ ਭੇਜਣੀ ਲਾਜ਼ਮੀ ਹੋਵੇਗੀ। ਜ਼ਿਕਰਯੋਗ ਹੈ ਕਿ ਹਾਦਸੇ ਵਿੱਚ ਮਾਰੇ ਗਏ ਸਾਰੇ ਵਿਅਕਤੀ ਗੁਜਰਾਤ ਦੇ ਵਸਨੀਕ ਸਨ, ਜੋ ਸ਼ਿਮਲਾ ਦੀ ਯਾਤਰਾ ਤੋਂ ਬਾਅਦ ਕਾਰ ਰਾਹੀਂ ਗੁਜਰਾਤ ਵਾਪਸ ਜਾ ਰਹੇ ਸਨ। ਬਠਿੰਡਾ ਡੱਬਵਾਲੀ ਰਾਸ਼ਟਰੀ ਮਾਰਗ ’ਤੇ ਉਨ੍ਹਾਂ ਦੀ ਕਾਰ ਅਚਾਨਕ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਪੰਜਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।