ਸੀਨੀਅਰ ਕਪਤਾਨ ਪੁਲਿਸ ਗਗਨ ਅਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲਾ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸੱਤਪਾਲ ਸ਼ਰਮਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਐਸ.ਪੀ (ਇਨਵੈਸਟੀਗੇਸ਼ਨ) ਸਤੀਸ਼ ਕੁਮਾਰ ਦੀ ਅਗਵਾਈ ਹੇਠ ਸੀ.ਆਈ.ਏ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਅਤੇ ਮੁੱਖ ਅਫ਼ਸਰ ਥਾਣਾ ਸਾਈਰ ਇੰਸਪੈਕਟਰ ਮਨਜੋਤ ਸਿੰਘ ਵੱਲੋਂ ਮੁਕੱਦਮਾ ਨੰਬਰ 292 ਮਿਤੀ 17.10.2025 ਅ/ਧ 305 ਬੀ.ਐਨ.ਐਸ ਥਾਣਾ ਅਮਰਗੜ੍ਹ ਵਿੱਚ ਦਰਜ ਮਾਮਲੇ ਤੇ ਜਾਂਚ ਕਰਦਿਆਂ ਅਣਪਛਾਤੇ ਦੋਸ਼ੀਆਂ ਦੀ ਭਾਲ ਕਰਕੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਐਸ.ਪੀ (ਡੀ) ਨੇ ਕਿਹਾ ਕਿ ਸਾਲ 2025 ਅਕਤੂਬਰ ਮਹੀਨੇ ਵਿੱਚ ਪਿੰਡ ਮੁਹਾਲੀ, ਨੇੜੇ ਪਿੰਡ ਬਾਗੜੀਆਂ ਵਿਖੇ ਏਅਰਟੈਲ ਦੇ ਟਾਵਰ ਵਿੱਚੋਂ ਬੀ.ਟੀ.ਐਸ ਕਾਰਡਾਂ ਦੀ ਚੋਰੀ ਹੋਈ ਸੀ, ਜਿਸ ਸਬੰਧੀ ਉਕਤ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ਦੀ ਜਾਂਚ ਦੌਰਾਨ ਦੋਸ਼ੀ ਅਖਲੇਸ਼ ਉਰਫ਼ ਅਖਿਲ ਅਤੇ ਸਚਿਨ ਵਾਸੀ ਪੰਜੋਖਰਾ, ਜ਼ਿਲ੍ਹਾ ਅੰਬਾਲਾ (ਹਰਿਆਣਾ) ਨੂੰ ਨਾਮਜ਼ਦ ਕਰਕੇ 30 ਜਨਵਰੀ 2026 ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੁੱਛਗਿੱਛ ਦੌਰਾਨ ਪਤਾ ਲਗਾਇਆ ਗਿਆ ਕਿ ਦੋਸ਼ੀ ਸਮਸ਼ੇਰ ਸਿੰਘ ਉਰਫ਼ ਸ਼ੇਰਾ, ਪੰਕਜ, ਸਮੀਰ ਮਲਿਕ ਅਤੇ ਨਾਫਿਸ ਵੀ ਇਸ ਗਿਰੋਹ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐਸ.ਪੀ ਸੱਤਪਾਲ ਸ਼ਰਮਾਂ ਨੇ ਦੱਸਿਆ ਕਿ ਇਹ ਦੋਸ਼ੀ ਰਾਤ ਸਮੇਂ ਵੱਖ-ਵੱਖ ਜ਼ਿਲਿਆਂ ਮੋਹਾਲੀ ਰੋਪੜ ਪਟਿਆਲਾ ਅਤੇ ਸੰਗਰੂਰ ਆਦਿ ਥਾਵਾਂ ਤੋਂ ਮੋਬਾਈਲ ਟਾਵਰਾਂ ਦੇ ਬੀ.ਟੀ.ਐਸ ਕਾਰਡ ਚੋਰੀ ਕਰਦੇ ਹਨ ਅਤੇ ਉਨ੍ਹਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵੇਚਦੇ ਸਨ।