ਸੂਬਾ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਫੇਜ਼-2 ਤਹਿਤ ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਲਗਾਤਾਰ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਜ਼ਿਲ੍ਹੇ ਭਰ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ। ਇਹ ਜਾਣਕਾਰੀ ਡਾ. ਜਯੋਤੀ ਯਾਦਵ ਬੈਂਸ ਸੀਨੀਅਰ ਕਪਤਾਨ ਪੁਲਿਸ, ਬਠਿੰਡਾ ਨੇ ਸਾਂਝੀ ਕੀਤੀ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸਬ-ਡਵੀਜਨ ਸਿਟੀ-2 ਬਠਿੰਡਾ ਦੇ ਥਾਣਾ ਸਿਵਲ ਲਾਈਨ ਬਠਿੰਡਾ ਦੇ ਏਰੀਏ ਅਧੀਨ ਬਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਹਾਕਮ ਸਿੰਘ ਵਾਸੀ ਠੇਕੇ ਵਾਲਾ ਚੌਂਕ ਪੱਕਾ ਧੋਬੀਆਣਾ ਬਸਤੀ ਬਠਿੰਡਾ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਇਮਾਰਤ ਬਣਾਈ ਗਈ ਸੀ। ਇਸ ਸਬੰਧੀ ਸਮਰੱਥ ਅਥਾਰਟੀ ਡਿਪਟੀ ਕਮਿਸ਼ਨਰ ਕਮ ਮੈਜਿਸਟਰੇਟ ਵੱਲੋਂ ਢਾਉਣ ਮੌਕੇ ਪੁਲਿਸ ਸੁਰੱਖਿਆ ਪ੍ਰਬੰਧ ਕਰਨ ਲਈ ਹਦਾਇਤਾਂ ਪ੍ਰਾਪਤ ਹੋਈਆਂ ਸਨ। ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕਰਦਿਆਂ ਇਸ ਇਮਾਰਤ ਨੂੰ ਢਾਹ ਦਿੱਤਾ ਗਿਆ।
ਸਿਵਲ ਪ੍ਰਸ਼ਾਸਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਮਾਰਤ ਬਲਵਿੰਦਰ ਸਿੰਘ ਉਰਫ ਕਾਕਾ ਪੁੱਤਰ ਹਾਕਮ ਸਿੰਘ ਵਾਸੀ ਠੇਕੇ ਵਾਲਾ ਚੌਂਕ ਪੱਕਾ ਧੋਬੀਆਣਾ ਬਸਤੀ ਬਠਿੰਡਾ ਵੱਲੋਂ ਉਸਾਰੀ ਗਈ ਸੀ। ਇਹਨਾਂ ਨੂੰ ਕਈ ਵਾਰ ਨੋਟਿਸ ਵੀ ਦਿੱਤੇ ਗਏ ਸਨ, ਪ੍ਰੰਤੂ ਕਬਜਾਕਾਰੀਆਂ ਵੱਲੋਂ ਇਸ ਜਗ੍ਹਾ ਨੂੰ ਪਾਲੀ ਨਾ ਕਰਨ ਕਰਕੇ ਇੱਥੇ ਬੁਲਕੇਜਰ ਕਾਰਵਾਈ ਕੀਤੀ ਗਈ ਹੈ।
ਇਸ ਮੌਕੇ ਦੱਸਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਮਿਸ਼ਨ "ਯੁੱਧ ਨਸ਼ਿਆਂ ਵਿਰੁੱਧ" ਦੇ ਤਹਿਤ ਜਿਲ੍ਹੇ ਵਿੱਚ ਵਿਆਪਕ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਤੇ ਨਸ਼ੇ ਅਤੇ ਹੋਰ ਸੰਗੀਨ ਜੁਰਮਾਂ ਤਹਿਤ ਇੱਕ ਮੁੱਕਦਮਾ ਦਰਜ ਹੈ। ਸਿਵਲ ਪ੍ਰਸ਼ਾਸ਼ਨ ਵੱਲੋਂ ਬਠਿੰਡਾ ਪੁਲਿਸ ਦੇ ਸਹਿਯੋਗ ਨਾਲ ਹੁਣ ਤੱਕ 14 ਗੈਰ ਕਾਨੂੰਨੀ ਢੰਗ ਨਾਲ ਬਣਾਈਆਂ ਇਮਾਰਤਾਂ ਨੂੰ ਢਾਹਿਆ ਗਿਆ ਹੈ।
ਬਠਿੰਡਾ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਕਾਰਵਾਈ ਕਰਦੇ ਹੋਏ 1 ਮਾਰਚ 2025 ਤੋਂ 1899 ਮੁਕੱਦਮੇ ਦਰਜ ਕਰਕੇ 2802 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੋਸ਼ੀਆਂ ਵਿੱਚ 76 ਵੱਡੀਆਂ ਮੱਛੀਆਂ ਵੀ ਸ਼ਾਮਿਲ ਹਨ। ਇਸਦੇ ਨਾਲ ਹੀ ਸਾਲ 2023 ਤੋਂ ਹੁਣ ਤੱਕ ਨਸ਼ਾ ਤਸਕਰਾਂ ਦੀ 14 ਕਰੋੜ ਦੇ ਕਰੀਬ ਦੀ ਜਾਇਦਾਦ ਫਰੀਜ ਕਰਵਾਈ ਗਈ ਹੈ।
ਬਠਿੰਡਾ ਪੁਲਿਸ ਵਲੋਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਕੋਹੜ ਨੂੰ ਜੜੋਂ ਖਤਮ ਕਰਨ ਲਈ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ, ਜੇਕਰ ਕਿਸੇ ਦੇ ਏਰੀਏ ਵਿੱਚ ਜਾਂ ਆਸ-ਪਾਸ ਕੋਈ ਨਸ਼ੇ ਦਾ ਗੈਰ-ਕਾਨੂੰਨੀ ਤੌਰ ਤੇ ਧੰਦਾ ਕਰਦਾ ਹੈ ਤਾਂ ਪੰਜਾਬ ਸਰਕਾਰ ਦੀ ਐਂਟੀ ਡਰੱਗ ਹੈਲਪਲਾਈਨ ਨੰਬਰ 97791-00200 ਜਾਂ ਬਠਿੰਡਾ ਪੁਲਿਸ ਦੀ ਐਂਟੀ ਡਰੱਗ ਹੈਲਪਲਾਈਨ ਨੰਬਰ 91155-02252 ਤੇ ਜਾਣਕਾਰੀ ਸਾਂਝੀ ਕਰ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਰੱਖੀ ਜਾਵੇਗੀ।