ਖੰਨਾ ਵਿੱਚ ਭਿਆਨਕ ਹਾਦਸਾ: ਆਲੂਆਂ ਨਾਲ ਭਰਿਆ ਟਰਾਲਾ ਅਤੇ ਝੋਨੇ ਦੀ ਟਰੈਕਟਰ-ਟ੍ਰਾਲੀ ਪੁਲ ਤੋਂ ਡਿੱਗੀ, ਅੱਗ ਲੱਗਣ ਨਾਲ ਦਹਿਸ਼ਤ – ਤਿੰਨ ਜਖਮੀ, ਵੱਡਾ ਨੁਕਸਾਨ ਟਲਿਆ
Nov11,2025
| Ravinder Singh Dhillon | Khanna
ਖੰਨਾ ਵਿੱਚ ਅੱਜ ਸਵੇਰੇ ਰਾਸ਼ਟਰੀ ਰਾਜਮਾਰਗ 'ਤੇ ਇਕ ਭਿਆਨਕ ਹਾਦਸਾ ਵਾਪਰਿਆ। ਆਲੂਆਂ ਨਾਲ ਭਰਿਆ ਇਕ ਟਰਾਲਾ ਅਤੇ ਝੋਨੇ ਦੀ ਟਰੈਕਟਰ-ਟ੍ਰਾਲੀ ਪੁਲ ਤੋਂ ਡਿੱਗਣ ਕਾਰਨ ਅੱਗ ਲੱਗ ਗਈ। ਬਚਾਅ ਰਿਹਾ ਕਿ ਡਰਾਈਵਰ ਅਤੇ ਕਲੀਨਰ ਸਮੇਂ ਸਿਰ ਬਾਹਰ ਨਿਕਲ ਗਏ ਤੇ ਆਪਣੀ ਜਾਨ ਬਚਾ ਲਈ। ਹਾਦਸੇ ਵਿੱਚ ਇੱਕ ਕਿਸਾਨ ਵੀ ਜਖਮੀ ਹੋ ਗਿਆ।
ਜਾਣਕਾਰੀ ਅਨੁਸਾਰ, ਫਿਰੋਜ਼ਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਟਰੱਕ ਡਰਾਈਵਰ ਯੂਸਫ਼ ਆਪਣੇ ਕਲੀਨਰ ਹਰਦੀਪ ਸਿੰਘ ਨਾਲ ਜਲੰਧਰ ਤੋਂ ਪੱਛਮੀ ਬੰਗਾਲ ਵੱਲ ਆਲੂ ਲੋਡ ਕਰਕੇ ਲਿਜਾ ਰਿਹਾ ਸੀ। ਸਵੇਰੇ ਖੰਨਾ ਨੇੜੇ ਬਾਹੋਮਾਜਰਾ ਪਿੰਡ ਦੇ ਫਲਾਈਓਵਰ 'ਤੇ ਅਚਾਨਕ ਇਕ ਕਾਰ ਟਰੱਕ ਦੇ ਅੱਗੇ ਆ ਗਈ। ਕਾਰ ਨਾਲ ਟੱਕਰ ਤੋਂ ਬਚਣ ਲਈ ਡਰਾਈਵਰ ਨੇ ਤੇਜ਼ ਬ੍ਰੇਕ ਲਗਾਈ, ਜਿਸ ਕਾਰਨ ਟਰੱਕ ਦਾ ਸੰਤੁਲਨ ਬਿਗੜ ਗਿਆ ਤੇ ਸਿੱਧਾ ਅੱਗੇ ਜਾ ਰਹੀ ਟਰੈਕਟਰ-ਟ੍ਰਾਲੀ ਨਾਲ ਟਕਰਾ ਗਿਆ। ਟੱਕਰ ਨਾਲ ਟਰੈਕਟਰ ਤੇ ਟਰਾਲੀ ਅਤੇ ਟਰਾਲਾ ਪੁਲ ਤੋਂ ਹੇਠਾਂ ਡਿੱਗ ਗਏ। ਟਰਾਲਾ ਵਿਚੋਂ ਡੀਜ਼ਲ ਸੜਕ 'ਤੇ ਡੁੱਲ ਗਿਆ ਤੇ ਉਸਨੇ ਅੱਗ ਫੜ ਲਈ। ਕੁਝ ਹੀ ਪਲਾਂ ਵਿੱਚ ਟਰਾਲਾ ਅੱਗ ਦੀ ਲਪੇਟ 'ਚ ਆ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਸੜਕ ਸੁਰੱਖਿਆ ਦਲ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਵੱਡੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਹਾਦਸੇ ਵਿੱਚ ਸ਼ਾਹਪੁਰ ਪਿੰਡ ਦਾ ਰਹਿਣ ਵਾਲਾ ਕਿਸਾਨ ਰੁਪਿੰਦਰ ਸਿੰਘ, ਜੋ ਆਪਣੀ ਟਰੈਕਟਰ-ਟ੍ਰਾਲੀ ਵਿਚ ਝੋਨਾ ਲੈ ਕੇ ਖੰਨਾ ਮੰਡੀ ਜਾ ਰਿਹਾ ਸੀ, ਜਖਮੀ ਹੋ ਗਿਆ। ਟਰੱਕ ਡਰਾਈਵਰ ਯੂਸਫ਼ ਤੇ ਉਸਦਾ ਕਲੀਨਰ ਹਰਦੀਪ ਸਿੰਘ ਵੀ ਜਖ਼ਮੀ ਹੋਏ। ਜਖਮੀਆਂ ਨੂੰ ਖੰਨਾ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਕਾਰਨ ਕੁਝ ਸਮੇਂ ਲਈ ਹਾਈਵੇ 'ਤੇ ਟਰੈਫਿਕ ਪ੍ਰਭਾਵਿਤ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਪ੍ਰਾਰੰਭਿਕ ਜਾਂਚ ਅਨੁਸਾਰ ਹਾਦਸਾ ਕਾਰ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਖੁਸ਼ਕਿਸਮਤੀ ਨਾਲ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਬਾਕੀ ਜਾਂਚ ਕੀਤੀ ਜਾ ਰਹੀ ਹੈ ਕਿ ਟਰਾਲਾ ਡਰਾਈਵਰ ਦਾ ਕੀ ਕਸੂਰ ਰਿਹਾ।
Powered by Froala Editor
Accident-News-