ਚੰਡੀਗੜ੍ਹ ਵਿੱਚ ਗੋਲੀਬਾਰੀ: ਹੋਟਲ ਮਾਲਕ ਦੇ ਘਰ 'ਤੇ ਅੰਨ੍ਹੇਵਾਹ ਫਾਇਰਿੰਗ, ਥਾਰ ਕਾਰ ਦਾ ਸ਼ੀਸ਼ਾ ਟੁੱਟਿਆ
Nov5,2025
| Gurwinder Singh | Chandigarh
ਚੰਡੀਗੜ੍ਹ ਵਿੱਚ ਅੱਜ ਬੁੱਧਵਾਰ ਸਵੇਰੇ ਇੱਕ ਵੱਡੀ ਵਾਰਦਾਤ ਸਾਹਮਣੇ ਆਈ, ਜਿੱਥੇ ਇੱਕ ਹੋਟਲ ਮਾਲਕ ਦੀ ਕੋਠੀ ਉੱਤੇ ਤਾਬੜਤੋੜ ਫਾਇਰਿੰਗ ਕੀਤੀ ਗਈ। ਸੈਕਟਰ 38C ਸਥਿਤ ਕੋਠੀ ਨੰਬਰ 2176 ਉੱਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਗੋਲੀਬਾਰੀ ਦੌਰਾਨ ਘਰ ਦੇ ਬਾਹਰ ਖੜ੍ਹੀ ਇੱਕ ਥਾਰ ਕਾਰ ਦਾ ਸ਼ੀਸ਼ਾ ਟੁੱਟ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਈ ਖਾਲੀ ਕਾਰਤੂਸ ਬਰਾਮਦ ਕੀਤੇ ਹਨ। ਵਾਰਦਾਤ ਤੋਂ ਬਾਅਦ ਪੁਲਿਸ ਨੇ ਤੁਰੰਤ ਸ਼ਹਿਰ ਵਿੱਚ ਨਾਕੇਬੰਦੀ ਕਰ ਦਿੱਤੀ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
"ਰੀਜੇਂਟਾ ਹੋਟਲ ਦੇ ਮਾਲਕ ਦਾ ਘਰ"
ਪੁਲਿਸ ਅਨੁਸਾਰ, ਇਹ ਕੋਠੀ ਮਨਜੀਤ ਸਿੰਘ ਨਾਮ ਦੇ ਵਿਅਕਤੀ ਦੀ ਹੈ, ਜੋ ਮੋਹਾਲੀ ਵਿੱਚ ਰੀਜੇਂਟਾ ਹੋਟਲ ਦੇ ਮਾਲਕ ਹਨ। ਮਨਜੀਤ ਸਿੰਘ ਸਥਾਨਕ ਕੌਂਸਲਰ ਹਰਦੀਪ ਸਿੰਘ ਦੇ ਰਿਸ਼ਤੇਦਾਰ ਵੀ ਹਨ, ਜੋ ਘਟਨਾ ਦੀ ਖ਼ਬਰ ਸੁਣਦਿਆਂ ਹੀ ਕੋਠੀ ਵਿਖੇ ਪਹੁੰਚ ਗਏ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਦਮਾਸ਼ਾਂ ਨੇ ਕਰੀਬ ਚਾਰ ਰਾਊਂਡ ਫਾਇਰਿੰਗ ਕੀਤੀ ਹੈ। ਪੁਲਿਸ ਨੇ ਕੋਠੀ ਵਿੱਚ ਰਹਿ ਰਹੇ ਪਰਿਵਾਰ ਦੇ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਵਾਰਦਾਤ ਦੇ ਪਿੱਛੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
"ਫ਼ਿਰੌਤੀ ਅਤੇ ਰੰਜਿਸ਼ ਦੇ ਐਂਗਲ ਤੋਂ ਜਾਂਚ"
ਫਾਇਰਿੰਗ ਤੋਂ ਬਾਅਦ ਬਦਮਾਸ਼ਾਂ ਦੀ ਅਜੇ ਤੱਕ ਕੋਈ ਪਹਿਚਾਣ ਜਾਂ ਪੁਖ਼ਤਾ ਸੁਰਾਗ ਪੁਲਿਸ ਦੇ ਹੱਥ ਨਹੀਂ ਲੱਗ ਸਕਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਨੂੰ ਫ਼ਿਰੌਤੀ ਅਤੇ ਪੁਰਾਣੀ ਰੰਜਿਸ਼ ਸਮੇਤ ਕਈ ਐਂਗਲਾਂ ਤੋਂ ਜਾਂਚਿਆ ਜਾ ਰਿਹਾ ਹੈ। ਪੁਲਿਸ ਨੇ ਇਲਾਕੇ ਦੇ ਸਾਰੇ ਐਂਟਰੀ ਤੇ ਐਗਜ਼ਿਟ ਪੁਆਇੰਟਸ 'ਤੇ ਸਖ਼ਤ ਨਾਕਾਬੰਦੀ ਕਰ ਦਿੱਤੀ ਹੈ। ਹਮਲਾਵਰਾਂ ਦੇ ਆਉਣ-ਜਾਣ ਵਾਲੇ ਰਸਤਿਆਂ ਦਾ ਪਤਾ ਲਗਾਉਣ ਲਈ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਇਹ ਸਾਫ਼ ਨਹੀਂ ਹੋ ਪਾਇਆ ਹੈ ਕਿ ਗੋਲੀਬਾਰੀ ਦਾ ਮਕਸਦ ਸਿਰਫ਼ ਡਰਾਉਣਾ- ਧਮਕਾਉਣਾ ਸੀ ਜਾਂ ਇਸ ਪਿੱਛੇ ਕੋਈ ਵੱਡਾ ਕਾਰਨ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਦਮਾਸ਼ਾਂ ਦੀ ਭਾਲ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਸ਼ਹਿਰ ਦੇ ਪਾਸ਼ ਇਲਾਕੇ ਵਿੱਚ ਹੋਈ ਇਸ ਵਾਰਦਾਤ ਨੇ ਕਾਨੂੰਨ ਵਿਵਸਥਾ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
Powered by Froala Editor
Crime-News-Chandigarh-Police