ਯੁੱਧ ਨਸ਼ਿਆਂ ਵਿਰੁੱਧ ; ਫਿਲੌਰ ਦੇ ਪਿੰਡ ਖ਼ਾਨਪੁਰ ਅਤੇ ਮੰਡੀ ’ਚ ਨਸ਼ਾ ਸਮੱਗਲਰਾਂ ਵਲੋਂ ਕੀਤੀਆਂ ਗਈਆਂ ਅਣ-ਅਧਿਕਾਰਤ ਉਸਾਰੀਆਂ ਨੂੰ ਢਾਹਿਆ
Mar2,2025
| Naresh Sharma | Chandigarh/jaladhar
ਜਲੰਧਰ ਦਿਹਾਤੀ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਨੇ ਪੰਚਾਇਤੀ ਜ਼ਮੀਨ ਉਤੇ ਕਬਜ਼ਾ ਕਰਨ ਵਾਲੇ ਨਸ਼ਾ ਤਸਕਰਾਂ 'ਤੇ ਕੀਤੀ ਵੱਡੀ ਕਾਰਵਾਈ
ਪਿੰਡ ਦੇ ਸਰਪੰਚ ਅਤੇ ਸਥਾਨਕ ਵਸਨੀਕਾਂ ਵਲੋਂ ਪੰਜਾਬ ਸਰਕਾਰ ਦੀ ਨਸ਼ਿਆਂ ਖਿਲਾਫ ਕੀਤੀ ਵੱਡੀ ਕਾਰਵਾਈ ਦਾ ਸਵਾਗਤ
ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਸ਼ੁਰੂ ਕੀਤੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਿਆਂ ਦੇ ਖਾਤਮੇ ਅਤੇ ਨਸ਼ਾ ਤਸਕਰਾਂ ਵਲੋਂ ਕੀਤੇ ਗੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਲਈ ਜਲੰਧਰ ਦਿਹਾਤੀ ਪੁਲਿਸ ਵਲੋਂ ਸਥਾਨਕ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਬ ਡਵੀਜ਼ਨ ਫਿਲੌਰ ਦੇ ਪਿੰਡ ਖਾਨਪੁਰ ਅਤੇ ਮੰਡੀ ਦੀ ਪੰਚਾਇਤੀ ਜ਼ਮੀਨ ’ਤੇ ਹੋਈਆਂ ਅਣਅਧਿਕਾਰਤ ਉਸਾਰੀਆਂ ਨੂੰ ਅੱਜ ਢਾਹਿਆ ਗਿਆ। ਇਹ ਗੈਰ ਕਾਨੂੰਨੀ ਉਸਾਰੀਆਂ ਦੋ ਵਿਅਕਤੀ ਜਿਨ੍ਹਾਂ ਦਾ ਨਸ਼ਿਆਂ ਦੇ ਕਾਰੋਬਾਰ ਨਾਲ ਸਬੰਧ ਹੈ, ਵਲੋਂ ਕੀਤੀਆਂ ਗਈਆ ਸਨ, ਜਿਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਢਾਹਿਆ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਜਲੰਧਰ (ਦਿਹਾਤੀ) ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ (ਬੀ.ਡੀ.ਪੀ.ਓ.) ਫਿਲੌਰ ਜਿਸ ਨੂੰ ਇਹਨਾਂ ਗੈਰ ਕਾਨੂੰਨੀ ਉਸਾਰੀਆਂ ਨੂੰ ਢਾਹੁਣ ਲਈ ਪੁਲਿਸ ਸਹਾਇਤਾ ਦੀ ਲੋੜ ਸੀ, ਦੀ ਬੇਨਤੀ ’ਤੇ ਕਰਵਾਈ ਕਰਦਿਆਂ ਢਾਹਿਆ ਗਿਆ ਹੈ। ਇਹ ਕਾਰਵਾਈ ਸਿੱਧੇ ਤੌਰ ’ਤੇ ਜਸਵੀਰ ਸਿਘ ਉਰਫ਼ ਸ਼ੀਰਾ ਪੁੱਤਰ ਦਲਵੀਰ ਉਰਫ਼ ਬੁਰ ਵਾਸੀ ਖਾਨਪੁਰ ਅਤੇ ਭੋਲੀ ਪਤਨੀ ਰਾਮਪਾਲ ਉਰਫ਼ ਰਾਮਾ ਵਾਸੀ ਪਿੰਡ ਮੰਡੀ ਵਿਰੁੱਧ ਕੀਤੀ ਗਈ ਹੈ। ਇਨ੍ਹਾਂ ਦੋਵਾਂ ਵਲੋਂ ਪੰਚਾਇਤੀ ਜ਼ਮੀਨਾਂ ਉਤੇ ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਸੀ।
ਐਸ.ਐਸ.ਪੀ. ਖੱਖ ਨੇ ਦੱਸਿਆ ਕਿ ਰਿਕਾਰਡ ਅਨੁਸਾਰ ਭੋਲੀ ਨਸ਼ਾ ਸਮੱਗਲਰ ਹੈ ਅਤੇ ਐਨ.ਡੀ.ਪੀ.ਐਸ.ਐਕਟ ਤਹਿਤ ਕਈ ਕੇਸਾਂ ਵਿੱਚ ਸ਼ਾਮਿਲ ਹੈ। ਇਸ ਕੋਲੋਂ ਸਾਲ 2005 ਵਿੱਚ 1.190 ਕਿਲੋਗ੍ਰਾਮ ਸਮੈਕ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਸਾਲ 2015 ਵਿੱਚ 2 ਕਿਲੋ ਭੁੱਕੀ ਜ਼ਬਤ ਕੀਤੀ ਗਈ ਅਤੇ ਸਾਲ 2022 ਵਿੱਚ ਵੀ ਭਾਰੀ ਮਾਤਰਾ ਵਿੱਚ ਡਰੱਗ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਜਸਵੀਰ ਸਿੰਘ ਉਰਫ਼ ਸ਼ੀਰਾ ਦਾ ਨਾਮ ਵੀ ਕਈ ਕੇਸਾਂ ਜਿਵੇਂ ਕਿ ਵੱਡੀ ਮਾਤਰਾ ਵਿੱਚ ਚਰਸ ਅਤੇ ਨਸ਼ੇ ਦੇ ਟੀਕੇ ਬਰਾਮਦ ਕਰਨਾ, ਵਿੱਚ ਸ਼ਾਮਿਲ ਹੈ।
ਐਸ.ਐਸ.ਪੀ. ਖੱਖ ਨੇ ਕਿਹਾ ਕਿ ਪੁਲਿਸ ਵਲੋਂ ਮਾਲ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਗੈਰ ਕਾਨੂੰਨੀ ਉਸਾਰੀਆਂ ਨੂੰ ਸੁਚੱਜੇ ਢੰਗ ਨਾਲ ਢਾਹਿਆ ਗਿਆ। ਅਧਿਕਾਰੀਆਂ ਵਲੋਂ ਇਹ ਯਕੀਨੀ ਬਣਾਇਆ ਗਿਆ ਕਿ ਇਹ ਜਮੀਨ ਗਰਾਮ ਪੰਚਾਇਤ ਨਾਲ ਸਬੰਧਿਤ ਹੈ ਅਤੇ ਇਸ ’ਤੇ ਮੁਲਜ਼ਮਾਂ ਵਲੋਂ ਗੈਰ ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਸੀ।
ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਜਲੰਧਰ ਦਿਹਾਤੀ ਪੁਲਿਸ ਵਲੋਂ ਗੈਰ ਕਾਨੂੰਨੀ ਕਬਜ਼ਿਆਂ ਖਿਲਾਫ਼ ਕਾਰਵਾਈ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਜਨਤਕ ਜਮੀਨ ’ਤੇ ਗੈਰ ਕਾਨੂੰਨੀ ਕਬਜ਼ੇ ਕਰਕੇ ਕੋਈ ਵਿਅਕਤੀ ਲਾਭ ਨਾ ਉਠਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਭਰੋਸਾ ਦੁਆਇਆ ਕਿ ਦੋਸ਼ੀਆ ਖਿਲਾਫ਼ ਤੁਰੰਤ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਐਸ.ਐਸ.ਪੀ. ਖੱਖ ਨੇ ਦੱਸਿਆ ਕਿ ਇਹ ਦੋਵੇਂ ਨਸ਼ਾ ਤਸਕਰ ਅਕਸਰ ਹੀ ਪਿੰਡ ਵਾਸੀਆਂ ਨੂੰ ਡਰਾਉਂਦੇ ਧਮਕਾਉਂਦੇ ਵੀ ਰਹਿੰਦੇ ਸਨ, ਜਿਸ ਸਦਕਾ ਸਥਾਨਕ ਲੋਕਾਂ ਵੱਲੋਂ ਪੰਜਾਬ ਸਰਕਾਰ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਪਿੰਡ ਖਾਨਪੁਰ ਦੀ ਸਰਪੰਚ ਪਰਮਜੀਤ ਕੌਰ ਅਤੇ ਸਥਾਨਕ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਖਿਲਾਫ਼ ਕੀਤੀ ਗਈ ਇਸ ਕਾਰਵਾਈ ਦੀ ਭਰਪੂਰ ਪ੍ਰਸੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਲਈ ਕੀਤੇ ਜਾ ਰਹੇ ਇਹਨਾਂ ਉਪਰਾਲਿਆਂ ਦਾ ਉਹ ਸਵਾਗਤ ਕਰਦੇ ਹਨ।
--------------
Powered by Froala Editor
War-Against-Drugs-Unauthorised-Structures-Built-By-Drug-Smugglers-Razed-In-Phillaur