ਚੰਡੀਗੜ੍ਹ 13 ਸਤੰਬਰ
ਗੁਰਵਿੰਦਰ ਸਿੰਘ
ਚੰਡੀਗੜ੍ਹ ਗ੍ਰਨੇਡ ਮਾਮਲੇ ਦੇ ਮੁੱਖ ਮੁਲਜ਼ਮ ਰੋਹਨ ਮਸੀਹ ਨੂੰ ਅੰਮ੍ਰਿਤਸਰ ਅਦਾਲਤ ਨੇ 18 ਸਤੰਬਰ ਤੱਕ ਰਿਮਾਂਡ ਉੱਤੇ ਭੇਜ ਦਿੱਤਾ ਹੈ। ਮੁਲਜ਼ਮ ਰੋਹਨ ਮਸੀਹ ਨੇ ਆਪਣੀ ਮੁੱਖ ਭੂਮਿਕਾ ਦੀ ਗੱਲ ਕਬੂਲੀ ਹੈ।
"ਡੀਜੀਪੀ ਨੇ ਕੀਤੇ ਵੱਡੇ ਖੁਲਾਸੇ"
ਚੰਡੀਗੜ੍ਹ ਬੰਬ ਧਮਾਕੇ ਨੂੰ ਲੈ ਕੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦਾ ਮਾਸਟਰ ਮਾਈਂਡ ਪਾਕਿਸਤਾਨ ਵਿੱਚ ਬੈਠਾ ਹਰਵਿੰਦਰ ਰਿੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਰਵਿੰਦਰ ਰਿੰਦਾ ਨੇ ਹੈਪੀ ਪਸ਼ੀਆ ਜ਼ਰੀਏ ਹਮਲਾ ਕਰਵਾਇਆ ਸੀ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਦੇ ਨਾਲ ਮਿਲ ਕੇ ਵੱਡੀ ਕਾਰਵਾਈ ਕਰਦਿਆਂ ਹੋਇਆ, ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਰੋਹਨ ਮਸੀਹ ਵਾਸੀ ਪਿੰਡ ਪਾਸੀਆ, ਥਾਣਾ ਰਾਮਦਾਸ, ਅੰਮ੍ਰਿਤਸਰ ਦਿਹਾਤੀ ਨੂੰ ਉਕਤ ਬਲਾਸਟ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਹੈ, ਜਿਸ ਦੇ ਕਬਜ਼ੇ ਵਿੱਚੋਂ ਇੱਕ 9 ਐਮਐਮ ਗਲਾਕ ਪਿਸਤੌਲ ਸਮੇਤ ਅਸਲਾ ਬਰਾਮਦ ਹੋਇਆ। ਡੀਜੀਪੀ ਨੇ ਦਾਅਵਾ ਕਰਦਿਆਂ ਦੱਸਿਆ ਕਿ, ਮੁੱਢਲੇ ਖੁਲਾਸੇ ਵਿੱਚ, ਰੋਹਨ ਨੇ 11 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋਏ ਗ੍ਰਨੇਡ ਧਮਾਕੇ ਵਿੱਚ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ISI ਦੀਆਂ ਹਦਾਇਤਾਂ 'ਤੇ ਕਾਰਵਾਈ ਕੀਤੀ ਗਈ ਸੀ, ਬੱਬਰ ਖਾਲਸਾ ਇੰਟਰਨੈਸ਼ਨਲ ਦਾ ਪਾਕਿਸਤਾਨ ਅਧਾਰਤ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਅਮਰੀਕਾ ਅਧਾਰਤ ਹੈਪੀ ਪਾਸੀਆ ਦੇ ਨਾਲ ਮਾਸਟਰਮਾਈਂਡ ਹੈ।