ਚੰਡੀਗੜ੍ਹ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰੁਣਵੀਰ ਵਸ਼ਿਸ਼ਟ ਦੀ ਅਦਾਲਤ ਨੇ ਕਤਲ ਦੇ ਦੋਸ਼ੀ ਗੁਰੂਦੱਤ ਮਿਸ਼ਰਾ (37) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਇਸ ਕੇਸ ਵਿਚ ਅਦਾਲਤ ਨੇ ਮੁੱਖ ਤੌਰ 'ਤੇ ਹਾਲਾਤੀ ਸਬੂਤਾਂ 'ਤੇ ਭਰੋਸਾ ਕੀਤਾ ਹੈ, ਕਿਉਂਕਿ ਮੁੱਖ ਗਵਾਹ ਨੇ ਆਪਣੀ ਗਵਾਹੀ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਸੀ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਚਸ਼ਮਦੀਦ ਗਵਾਹਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ, ਪਰ ਵਿਗਿਆਨਕ ਅਤੇ ਹਾਲਾਤੀ ਸਬੂਤ ਕਦੇ ਵੀ ਝੂਠ ਨਹੀਂ ਬੋਲਦੇ। ਮਾਮਲੇ 'ਚ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ 20 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਸੀ। ਵਿਸਥਾਰਤ ਫੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਅੱਜ ਦੇ ਵਿਗਿਆਨਕ ਯੁੱਗ ਵਿੱਚ ਸਬੂਤਾਂ ਦੀ ਪ੍ਰਮਾਣਿਕਤਾ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਵਿਗਿਆਨ ਅਤੇ ਹਾਲਾਤੀ ਸਬੂਤ ਕਿਸੇ ਵੀ ਗਵਾਹ ਨਾਲੋਂ ਜ਼ਿਆਦਾ ਭਰੋਸੇਯੋਗ ਸਾਬਤ ਹੋ ਸਕਦੇ ਹਨ। ਅਦਾਲਤ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਦਾਲਤਾਂ ਨੂੰ ਵੀ ਵਿਗਿਆਨਕ ਸਬੂਤਾਂ ਨੂੰ ਮਹੱਤਵ ਦੇਣਾ ਸਿੱਖਣਾ ਚਾਹੀਦਾ ਹੈ ਕਿਉਂਕਿ ਇਹ ਸਬੂਤ ਬਾਹਰੀ ਪ੍ਰਭਾਵਾਂ ਅਤੇ ਕਮਜ਼ੋਰੀਆਂ ਤੋਂ ਮੁਕਤ ਹੁੰਦੇ ਹਨ।
ਇਹ ਮਾਮਲਾ 13 ਦਸੰਬਰ 2022 ਦੀ ਰਾਤ ਦਾ ਹੈ, ਜਦੋਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੋਲਟਰੀ ਫਾਰਮ ਚੌਂਕ ਨੇੜੇ ਦੋ ਨੌਜਵਾਨਾਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਚਾਕੂ ਨਾਲ ਹਮਲਾ ਹੋਇਆ ਹੈ। ਜ਼ਖ਼ਮੀ ਰਿਤੇਸ਼ ਨੇ ਦੱਸਿਆ ਕਿ ਉਹ ਆਪਣੇ ਦੋਸਤ ਨਾਲ ਆਟੋ ਵਿੱਚ ਹੱਲੋਮਾਜਰਾ ਵਾਪਸ ਆ ਰਿਹਾ ਸੀ, ਜਦੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਨਾਲ ਉਸ ਦਾ ਝਗੜਾ ਹੋ ਗਿਆ। ਮੁਲਜ਼ਮਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਪੋਲਟਰੀ ਫਾਰਮ ਚੌਕ ’ਤੇ ਰੋਕ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਚਾਕੂ ਦੇ ਹਮਲੇ ਵਿਚ ਰਿਤੇਸ਼ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ ਅਤੇ ਉਸਨੂੰ ਤੁਰੰਤ ਸੈਕਟਰ-32 ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ 22 ਦਸੰਬਰ 2022 ਨੂੰ ਉਸਦੀ ਮੌਤ ਹੋ ਗਈ ਸੀ। ਪੁਲਿਸ ਜਾਂਚ 'ਚ ਪਤਾ ਲੱਗਾ ਹੈ ਕਿ ਘਟਨਾ ਦਾ ਕਾਰਨ ਮਾਮੂਲੀ ਤਕਰਾਰ ਸੀ, ਜੋ ਹਿੰਸਕ ਹੋ ਗਿਆ ਅਤੇ ਰਿਤੇਸ਼ ਦੀ ਜਾਨ ਚਲੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ, ਜਿਸ ਦੇ ਆਧਾਰ ’ਤੇ ਅਦਾਲਤ ਨੇ ਇਹ ਸਖ਼ਤ ਫ਼ੈਸਲਾ ਸੁਣਾਇਆ ਹੈ।