ਬਿਨਾਂ ਬਿੱਲ ਕੱਟੇ ਗ੍ਰਾਹਕਾਂ ਨੂੰ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ 'ਤੇ ਕਾਰਵਾਈ ਕਰੇਗਾ ਜੀ.ਐੱਸ.ਟੀ. ਵਿਭਾਗ*
Oct5,2024
| Parvinder Jit Singh | Bathinda
*143 ਬਿੱਲਾਂ ਦੀ ਜਾਂਚ, 3 ਕੇਸਾਂ 'ਚ ਡਿਫਾਲਟਰ ਦੁਕਾਨਦਾਰਾਂ ਨੂੰ 60 ਹਜ਼ਾਰ ਰੁਪਏ ਦਾ ਜੁਰਮਾਨਾ*
ਬਠਿੰਡਾ, 5 ਅਕਤੂਬਰ :(ਪਰਵਿੰਦਰ ਜੀਤ ਸਿੰਘ)ਤਿਉਹਾਰ ਸੀਜ਼ਨ 'ਚ ਹੋਣ ਵਾਲੀ ਵੱਡੀ ਟੈਕਸ ਚੋਰੀ ਰੋਕਣ ਅਤੇ ਜੀ.ਐੱਸ.ਟੀ. ਕੁਲੈਕਸ਼ਨ ਵਧਾਉਣ ਦੇ ਉਦੇਸ਼ ਨਾਲ ਜੀ.ਐੱਸ.ਟੀ. ਵਿਭਾਗ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਦੇ ਅਨੁਸਾਰ, ਡਿਪਟੀ ਕਮਿਸ਼ਨਰ ਸਟੇਟ ਟੈਕਸ (ਫਰੀਦਕੋਟ ਡਿਵੀਜ਼ਨ) ਸ਼ਾਲਿਨ ਵਾਲੀਆ ਦੀ ਰਹਿਨੁਮਾਈ ਹੇਠ ਵਿਸ਼ੇਸ਼ ਅਭਿਆਨ ਤਹਿਤ ਪ੍ਰਭਦੀਪ ਕੌਰ, ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ, ਬਠਿੰਡਾ ਤੇ ਜਤਿੰਦਰ ਬਾਂਸਲ ਸਟੇਟ ਟੈਕਸ ਅਫਸਰ ਅਤੇ ਸਟਾਫ ਨਾਲ ਦੁਕਾਨਾਂ, ਸ਼ੋ ਰੂਮ, ਬੇਕਰੀ, ਕੱਪੜਿਆਂ ਦੀਆਂ ਦੁਕਾਨਾਂ ਅਤੇ ਜਨਰਲ ਸਟੋਰ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਗੱਡੀਆਂ ਦੀ ਵੀ ਚੈਕਿੰਗ ਕੀਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕੀ ਇਨ੍ਹਾਂ ਤੋਂ ਪੂਰਾ ਟੈਕਸ ਜਮਾਂ ਹੋ ਰਿਹਾ ਹੈ। ਇਸ ਮੌਕੇ ਉਨਾਂ ਵੱਲੋਂ ਨਾ ਸਿਰਫ ਦੁਕਾਨਾਂ ਤੋਂ ਸਮਾਨ ਖਰੀਦ ਕੇ ਬਾਹਰ ਆ ਰਹੇ ਗ੍ਰਾਹਕਾਂ ਦੇ ਬਿੱਲ ਚੈੱਕ ਕੀਤੇ ਬਲਕਿ ਬਿੱਲ ਨਾ ਕੱਟਣ ਵਾਲੇ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਵੀ ਦਿੱਤੀ। ਚੈਕਿੰਗ ਦੌਰਾਨ ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ ਵੱਲੋਂ ਮੌਕੇ 'ਤੇ ਦੋ ਡਿਫਾਲਟਰ ਦੁਕਾਨਦਾਰਾਂ ਨੂੰ 40 ਹਜ਼ਾਰ ਰੁਪਏ ਦੇ ਜੁਰਮਾਨੇ ਦੇ ਨੋਟਿਸ ਵੀ ਜਾਰੀ ਕੀਤੇ। ਇਸ ਦੇ ਨਾਲ ਹੀ ਉਹਨਾਂ ਵੱਲੋਂ ਬਿੱਲ ਲੈ ਕੇ ਆ ਰਹੇ ਗ੍ਰਾਹਕਾਂ ਨੂੰ ਐਪਰੀਸ਼ੀਏਟ ਕੀਤਾ ਅਤੇ ਦੁਕਾਨਦਾਰਾਂ ਤੋਂ ਖਰੀਦੇ ਗਏ ਸਮਾਨ ਦਾ ਬਿੱਲ ਮੰਗਣ ਲਈ ਉਤਸਾਹਿਤ ਕਰਦੇ ਹੋਏ ਦੱਸਿਆ ਕਿ ਵਿਭਾਗ ਵੱਲੋਂ ਮੇਰਾ ਬਿਲ ਐਪ ਚਲਾਇਆ ਗਿਆ ਹੈ, ਜਿਸ ਵਿੱਚ ਬਿੱਲ ਅਪਲੋਡ ਕਰਕੇ ਉਹ ਇਨਾਮ ਵੀ ਜਿੱਤ ਸਕਦੇ ਹਨ। ਇਸ ਮੌਕੇ ਅਧਿਕਾਰੀਆਂ ਨੇ ਕਾਰੋਬਾਰੀਆਂ ਨੂੰ ਸਮੇਂ 'ਤੇ ਸਹੀ ਟੈਕਸ ਅਦਾ ਕਰਨ ਦੀ ਵੀ ਅਪੀਲ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ 'ਤੇ ਸਖਤੀ ਕੀਤੀ ਜਾਏਗੀ। ਇਸ ਮੌਕੇ ਟੀਮ ਦੁਆਰਾ ਵੱਖ-ਵੱਖ ਜਗ੍ਹਾ 'ਤੇ ਕੁੱਲ 143 ਬਿੱਲਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 93 ਬਿੱਲਾਂ ਨੂੰ ਅੰਥੈਟਿਕੇਟ ਕੀਤਾ ਗਿਆ ਅਤੇ ਮੌਕੇ 'ਤੇ ਤਿੰਨ ਡਿਫਾਲਟਰ ਦੁਕਾਨਦਾਰਾਂ ਨੂੰ 60 ਹਜ਼ਾਰ ਰੁਪਏ ਦੇ ਜੁਰਮਾਨੇ ਦੇ ਨੋਟਿਸ ਵੀ ਜਾਰੀ ਕੀਤੇ ਗਏ। ਇਸ ਮੌਕੇ ਅਧਿਕਾਰੀਆਂ ਵਲੋਂ ਦੁਕਾਨਾਂ ਤੋਂ ਸਾਮਾਨ ਖਰੀਦ ਕੇ ਬਾਹਰ ਆ ਰਹੇ ਗ੍ਰਾਹਕਾਂ ਦੇ ਬਿੱਲ ਵੀ ਚੈਕ ਕੀਤੇ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਕਿ ਉਹ ਜੋ ਮਾਲ ਵੇਚਦੇ ਹਨ, ਉਸਦਾ ਬਿੱਲ ਜਰੂਰ ਦੇਣ ਅਤੇ ਵਿਭਾਗ ਨੂੰ ਬਣਦਾ ਟੈਕਸ ਜਮਾ ਕਰਵਾਉਣ। ਉਹਨਾਂ ਕਿਹਾ ਕਿ ਜੀ.ਐੱਸ.ਟੀ. ਵਿਭਾਗ ਦੀ ਇਸ ਮੁਹਿੰਮ ਦਾ ਮੁੱਖ ਉਦੇਸ਼ ਟੈਕਸ ਚੋਰੀ ਰੋਕਣਾ ਅਤੇ ਕੁਲੈਕਸ਼ਨ ਵਧਾਉਣਾ ਹੈ। ਉਹਨਾਂ ਦੁਕਾਨਦਾਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਗ੍ਰਾਹਕਾਂ ਨੂੰ ਬਿੱਲ ਜਰੂਰ ਦੇਣ। ਉਨਾਂ ਗਾਹਕਾਂ ਨੂੰ ਵੀ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਓਹ ਵੀ ਦੁਕਾਨਦਾਰ ਤੋਂ ਆਪਣੀ ਖਰੀਦ ਦਾ ਬਿੱਲ ਲੈਣਾ ਨਾ ਭੁੱਲਣ। ਇਸ ਤੋਂ ਪਹਿਲਾਂ ਉਨ੍ਹਾਂ ਟੈਕਸ ਚੋਰੀ ਰੋਕਣ ਅਤੇ ਕਲੇਕਸ਼ਨ ਵਧਾਉਣ ਲਈ ਵਪਾਰ ਮੰਡਲ ਅਤੇ ਮੈਰਿਜ ਪੈਲਸਾਂ/ਹੋਟਲਾਂ ਦੇ ਡੀਲਰਾਂ ਨਾਲ ਮੀਟਿੰਗ ਵੀ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਵਪਾਰੀਆਂ, ਹੋਟਲਾਂ ਅਤੇ ਮੈਰਿਜ ਪੈਲਸਾਂ ਦੇ ਡੀਲਰਾਂ ਨੂੰ ਬਿੱਲ ਕੱਟਣ 'ਤੇ ਬਣਦਾ ਟੈਕਸ ਜਮਾ ਕਰਵਾਉਣ ਸਬੰਧੀ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਤੇ ਵੱਖ-ਵੱਖ ਟ੍ਰੇਡਾਂ ਦੇ ਪ੍ਰਧਾਨਾਂ ਵੱਲੋਂ ਭਰੋਸਾ ਦਵਾਇਆ ਗਿਆ ਕਿ ਉਹ ਇਸ ਮੁਹਿਮ ਤਹਿਤ ਵਿਭਾਗ ਨੂੰ ਆਪਣਾ ਪੂਰਾ ਸਾਥ ਦੇਣਗੇ ਅਤੇ ਜਿਆਦਾ ਤੋਂ ਜਿਆਦਾ ਟੈਕਸ ਜਮਾ ਕਰਵਾਉਣਗੇ।
Powered by Froala Editor
Gst-Department-Without-Bill-Goods-Sale-Action-On-Traders-Slapped-Fine-