ਜਲ ਸਰੋਤ ਮੰਤਰੀ ਨੇ ਦਰਿਆ ਵਿੱਚ ਪਏ ਪਾੜ ਪੂਰਨ ਦੇ ਕੰਮਾਂ ਦਾ ਜਾਇਜ਼ਾ ਲਿਆ ਡੇਰਾਬਸੀ/ਚੰਡੀਗੜ੍ਹ, 14 ਜੁਲਾਈ ਪੰਜਾਬ ਦੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸੂਬੇ ਅਤੇ ਪਹਾੜਾਂ ਵਿੱਚ ਪਏ ਮੋਹਲੇਧਾਰ ਮੀਂਹ ਕਾਰਨ ਘੱਗਰ ਦਰਿਆ ਵਿੱਚ ਰਿਕਾਰਡ ਪਾਣੀ ਦਾ ਪੱਧਰ ਵਧਣ ਕਾਰਨ ਹੋਏ ਨੁਕਸਾਨ ਅਤੇ ਵੱਖ-ਵੱਖ ਥਾਂਵਾਂ ਉਤੇ ਪਏ ਪਾੜ ਪੂਰਨ ਲਈ ਜੰਗੀ ਪੱਧਰ ਉਤੇ ਕੀਤੇ ਜਾ ਰਹੇ ਬਚਾਅ ਤੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਇੱਥੋੰ ਨੇੜਲੇ ਪਿੰਡ ਟਿਵਾਣਾ ਤੇ ਅਮਲਾਲਾ ਵਿਖੇ ਘੱਗਰ ਦਰਿਆ ਦਾ ਦੌਰਾ ਕੀਤਾ। ਮੀਤ ਹੇਅਰ ਨੇ ਡੇਰਾਬਸੀ ਤੋਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਨਾਲ ਜਾ ਕੇ ਟਿਵਾਣਾ ਵਿਖੇ ਦਰਿਆ ਵਿੱਚ ਪਏ ਪਾੜ ਨੂੰ ਪੂਰਨ ਦੇ ਕੰਮ ਦੇਖਿਆ। ਪਿੰਡ ਵਾਸੀਆਂ ਨੂੰ ਮਿਲ ਕੇ ਫਸਲਾਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਅਮਲਾਲਾ ਵਿਖੇ ਘੱਗਰ ਦਰਿਆ ਉਤੇ ਬਣੇ ਪੁੱਲ ਨੂੰ ਹੋਏ ਨੁਕਸਾਨ ਨੂੰ ਵੀ ਵੇਖਿਆ। ਮੀਤ ਹੇਅਰ ਨੇ ਦੱਸਿਆ ਕਿ ਇਸ ਵਾਰ ਨਿਰੰਤਰ ਤੇ ਤੇਜ਼ ਮੋਹਲੇਧਾਰ ਬਾਰਸ਼ਾਂ ਕਾਰਨ ਪਿਛਲੇ ਕਈ ਦਹਾਕਿਆਂ ਤੋਂ ਘੱਗਰ ਦਰਿਆ ਵਿੱਚ ਰਿਕਾਰਡ ਪਾਣੀ ਆਇਆ।ਭਾਂਖਰਪੁਰ ਵਿਖੇ ਜਿੱਥੇ ਘੱਗਰ ਦਰਿਆ ਪੰਜਾਬ ਵਿੱਚ ਦਾਖਲ ਹੁੰਦਾ ਹੈ, ਇਸ ਵਾਰ 970.4 ਫੁੱਟ ਪਾਣੀ ਆਇਆ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 2004 ਵਿੱਚ 967.4 ਫੁੱਟ ਪਾਣੀ ਸੀ।ਘੱਗਰ ਦਰਿਆ ਵਿੱਚ ਪਾਣੀ ਵੱਧਣ ਅਤੇ ਓਵਰ ਫਲੋ ਹੋਣ ਦੇ ਨਾਲ ਇਸ ਵਿੱਚ ਮੁਹਾਲੀ, ਪਟਿਆਲਾ ਤੇ ਸੰਗਰੂਰ ਵਿੱਚ ਕੁਝ ਥਾਂਵਾਂ ਉੱਤੇ ਪਾੜ ਵੀ ਪਏ ਹਨ। ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਹਤ ਕਾਰਜਾਂ ਲਈ ਆਫਤਨ ਫੰਡ ਵਿੱਚੋਂ ਜਿੱਥੇ 33.50 ਕਰੋੜ ਰੁਪਏ ਤੁਰੰਤ ਜਾਰੀ ਕੀਤੇ ਗਏ ਉੱਥੇ 71 ਕਰੋੜ ਰੁਪਏ ਹੋਰ ਮਨਜ਼ੂਰ ਕੀਤੇ ਗਏ। ਸੂਬਾ ਸਰਕਾਰ ਵੱਲੋਂ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਸਰਕਾਰ ਦੇ ਨੁਮਾਇੰਦੇ ਅਤੇ ਪ੍ਰਸ਼ਾਸਨ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ। ਉਨ੍ਹਾਂ ਇਸ ਕੁਦਰਤੀ ਆਫਤ ਕਾਰਨ ਪੈਦਾ ਹੋਈ ਔਖੀ ਘੜੀ ਵਿੱਚ ਲੋਕ ਸੇਵਾ ਵਿੱਚ ਜੁਟੀਆਂ ਸਾਰੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ। ਜਲ ਸਰੋਤ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਸਥਾਨਕ ਜ਼ਿਲਾ ਪ੍ਰਸ਼ਾਸਨ, ਸੈਨਾ ਤੇ ਐਨ.ਡੀ.ਆਰ.ਐਫ. ਦੀ ਮੱਦਦ ਨਾਲ ਪਾੜ ਪੂਰਨ ਦੇ ਕੰਮ ਜੰਗੀ ਪੱਧਰ ਉਤੇ ਕੀਤੇ ਜਾ ਰਹੇ ਹਨ। ਪਿੰਡ ਡਹਿਰ ਤੋਂ ਟਿਵਾਣਾ ਤੱਕ ਘੱਗਰ ਦੇ ਬੰਨ੍ਹਾਂ ਉੱਤੇ ਚੱਲ ਰਹੇ ਕੰਮਾਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਪੰਜ ਪੋਕਲੇਨ ਮਸ਼ੀਨਾਂ, ਦੋ ਟਰੈਕਟਰ-ਟਰਾਲੀਆਂ, ਦੋ ਕਰਾਹ ਟਰੈਕਟਰ ਤੇ 10 ਟਿੱਪਰ ਕੰਮ ਕਰ ਰਹੇ ਹਨ। ਸਵਾ ਲੱਖ ਲੱਖ ਥੈਲਿਆਂ ਦੇ ਪ੍ਰਬੰਧ ਤੋੰ ਇਲਾਵਾ 10 ਹਜ਼ਾਰ ਤੋਂ ਵੱਧ ਖਾਲੀ ਬੈਗ ਭਰੇ ਜਾ ਚੁੱਕੇ ਹਨ।ਕਰੇਟ ਬਣਾਉਣ ਲਈ ਰੱਸੀਆਂ ਦੇ ਜਾਲ ਬੁਣੇ ਜਾ ਰਹੇ ਹਨ। 250 ਤੋਂ ਵੱਧ ਮਜ਼ਦੂਰ ਕੰਮ ਕਰ ਰਹੇ ਹਨ।ਜੇਕਰ ਹੋਰ ਵੀ ਕਿਸੇ ਸਮਾਨ ਜਾਂ ਮਜ਼ਦੂਰਾਂ ਦੀ ਲੋੜ ਪਈ ਤਾਂ ਉਹ ਮੱਦਦ ਵੀ ਤੁਰੰਤ ਮੁਹੱਈਆ ਕਰਵਾਈ ਜਾਵੇਗੀ।ਇਸੇ ਤਰ੍ਹਾਂ ਟਾਂਗਰੀ ਨਦੀ ਦੇ ਬੰਨ੍ਹ ਦੀ ਰਿਪੇਅਰ ਲਈ ਦੋ ਜੇਸੀਬੀ, ਇਕ ਪੋਕਲੇਨ ਮਸ਼ੀਨ ਅਤੇ ਦੋ ਟਰੈਕਟਰ ਟਰਾਲੀਆਂ ਕੰਮ ਕਰ ਰਹੀਆਂ ਹਨ। ਇਸ ਮੌਕੇ ਐਸ.ਡੀ.ਐਮ. ਹਿਮਾਂਸ਼ੂ ਗੁਪਤਾ, ਏ.ਐਸ.ਪੀ. ਡਾ ਦਰਪਣ ਆਹਲੂਵਾਲੀਆ, ਜਲ ਸਰੋਤ ਵਿਭਾਗ ਦੇ ਐਸ.ਈ. ਮਨੋਜ ਬਾਂਸਲ ਸਣੇ ਸਬੰਧਤ ਅਧਿਕਾਰੀ ਹਾਜ਼ਰ ਸਨ। ———
Meet-Hayer-Cabinet-Minister-Punjab
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)