ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ॥ ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥ ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥ ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥ ਅਰਥ:- ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ), ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।1। ਰਹਾਉ। (ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ?। (ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ)।2। ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। (ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ।3। ਰਵਿਦਾਸ ਆਖਦਾ ਹੈ—(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ)।4।2।
Hukamnama-Sri-Harmandir-Sahib-Ji-25-2024
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)