*ਸ੍ਰੀ ਭੈਣੀ ਸਾਹਿਬ ਅੱਸੂ ਮੇਲੇ ਵਿੱਚ ਸਪੀਕਰ ਸੰਧਵਾਂ ਨੇ ਭਰੀ ਵਿਸ਼ੇਸ਼ ਹਾਜਰੀ*
*ਸਤਿਗੁਰੂ ਉਦੇ ਸਿੰਘ ਵੱਲੋਂ ਸਪੀਕਰ ਸੰਧਵਾਂ ਨੂੰ ਸਿਰੋਪਾ ਤੇ ਮਾਲਾ ਦੇ ਕੇ ਕੀਤਾ ਸਨਮਾਨਿਤ*
*ਜਥੇਦਾਰ ਗੁਰਚਰਨ ਸਿੰਘ ਨੂੰ 'ਭਾਈ ਲਹਿਣਾ ਸਿੰਘ ਅਵਾਰਡ', ਲਖਵੀਰ ਸਿੰਘ ਬੱਦੋਵਾਲ ਨੂੰ 'ਸੇਵਾ ਸਨਮਾਨ ਅਵਾਰਡ ਨਾਲ ਕੀਤਾ ਸਨਮਾਨਿਤ*
*'ਕੂਕਾ ਲਹਿਰ ਦੇ ਅਮਰ ਨਾਇਕ ਭਾਗ-3' ਕਿਤਾਬ ਸਤਿਗੁਰੂ ਉਦੇ ਸਿੰਘ ਵੱਲੋਂ ਕੀਤੀ ਰਿਲੀਜ਼*
ਸ੍ਰੀ ਭੈਣੀ ਸਾਹਿਬ, (ਲੁਧਿਆਣਾ), 17 ਅਕਤੂਬਰ:
ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਨਾਮਧਾਰੀ ਸੰਪਰਦਾ ਨੂੰ ਸਾਦਗੀ, ਸੱਚਾਈ ਅਤੇ ਨਿਮਰਤਾ ਦਾ ਸੋਮਾ ਦੱਸਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਸਾਨੂੰ ਇਸ ਸੰਪਰਦਾ ਅਤੇ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ 'ਤੇ ਚੱਲਦੇ ਹੋਏ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ।
ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਸ਼ੁੱਕਰਵਾਰ ਨੂੰ ਸ਼੍ਰੀ ਭੈਣੀ ਸਾਹਿਬ, (ਲੁਧਿਆਣਾ) ਵਿਖੇ ਅੱਸੂ ਮੇਲੇ ਦੇ ਚੌਥੇ ਦਿਨ ਹੋਏ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ ਸਨ। ਇਸ ਮੌਕੇ ਸਤਿਗੁਰੂ ਉਦੈ ਸਿੰਘ ਵੀ ਮੌਜੂਦ ਸਨ।
ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਪੀਕਰ ਨੇ ਕਿਹਾ ਕਿ ਗੁਰਬਾਣੀ ਵਿੱਚ ਦਰਜ ਹੈ "ਕਲਯੁਗ ਵਿੱਚ ਕੀਰਤਨ ਪਰਧਾਨਾ" ਸ੍ਰੀ ਭੈਣੀ ਸਾਹਿਬ ਦੀ ਪਵਿੱਤਰ ਧਰਤੀ ਤੇ ਤੰਤੀ ਸਾਜ਼ਾਂ ਨਾਲ ਕੀਰਤਨ ਦੀ ਵਰਖਾ ਹੁੰਦੀ ਹੈ। ਸੰਧਵਾਂ ਨੇ ਕਿਹਾ ਕਿ ਨਾਮਧਾਰੀ ਦਰਬਾਰ ਨਾਲ ਸਾਡੇ ਪਰਿਵਾਰ ਦਾ ਪੁਰਾਣਾ ਰਿਸ਼ਤਾ ਹੈ। ਗਿਆਨੀ ਜੈਲ ਸਿੰਘ ਜੀ ਦੇ ਸਮੇਂ ਤੋਂ ਗੁਰੂ ਘਰ ਦੀ ਸਾਡੇ ਪਰਿਵਾਰ 'ਤੇ ਬਹੁਤ ਕਿਰਪਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਅਸਥਾਨ ਤੋਂ ਪੰਜਾਬ ਦੀ ਤਰੱਕੀ ਲਈ ਅਰਦਾਸ ਕਰਨ ਆਇਆ ਹਾਂ। ਦੁਪਹਿਰ ਦਾ ਕੀਰਤਨ ਨਾਮਧਾਰੀ ਕਲਾ ਕੇਂਦਰ ਦੇ ਬੱਚਿਆਂ ਨੇ ਕੀਤਾ ਜਿਸ ਨਾਲ ਮੰਨ ਨੂੰ ਬਹੁਤ ਸਕੂਨ ਮਿਲਿਆ।
ਇਸ ਮੌਕੇ ਸਤਿਗੁਰੂ ਉਦੈ ਸਿੰਘ ਨੇ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੂੰ ਸਿਰੋਪਾ ਅਤੇ ਮਾਲਾ ਦੇ ਕੇ ਸਨਮਾਨਿਤ ਕੀਤਾ।
ਨਾਮਧਾਰੀ ਸੰਗਤਾਂ ਦੇ ਪ੍ਰਮੁੱਖ ਤੀਰਥ ਅਸਥਾਨ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਖੇ ਨਾਮਧਾਰੀ ਮੁਖੀ ਸਤਿਗੁਰੂ ਉਦੇ ਸਿੰਘ ਦੀ ਹਜੂਰੀ ਵਿੱਚ ਚੱਲ ਰਹੇ ਅੱਸੂ ਮੇਲੇ ਦੇ ਚੌਥੇ ਦਿਨ ਜਥੇਦਾਰ ਗੁਰਚਰਨ ਸਿੰਘ ਨੂੰ ਭਾਈ ਲਹਿਣਾ ਸਿੰਘ ਅਵਾਰਡ ਅਤੇ ਲਖਵੀਰ ਸਿੰਘ ਬੱਦੋਵਾਲ ਸਤਿਗੁਰੂ ਉਦੇ ਸਿੰਘ ਜੀ ਨੇ ਸੇਵਾ ਸਨਮਾਨ ਅਵਾਰਡ ਨਾਲ ਸਨਮਾਨਿਤ ਕੀਤਾ। ਇਸ ਮੌਕੇ ਕਾਮਰੇਡ ਸਵਰਨ ਸਿੰਘ ਵਿਰਕ ਦੀ ਕਿਤਾਬ 'ਕੂਕਾ ਲਹਿਰ ਦੇ ਅਮਰ ਨਾਇਕ ਭਾਗ-3' ਨੂੰ ਵੀ ਸਤਿਗੁਰੂ ਉਦੇ ਸਿੰਘ ਨੇ ਰਿਲੀਜ਼ ਕੀਤਾ।
ਇਸ ਮੌਕੇ ਮਾਤਾ ਗੁਰਸ਼ਰਨ ਕੌਰ, ਸੰਤ ਜਗਤਾਰ ਸਿੰਘ, ਸੇਵਕ ਕਰਤਾਰ ਸਿੰਘ, ਸੇਵਕ ਆਸਾ ਸਿੰਘ ਮਾਨ, ਪ੍ਰਧਾਨ ਸੂਬਾ ਬਲਵਿੰਦਰ ਸਿੰਘ ਝੱਲ ਅਤੇ ਪ੍ਰੈਸ ਸਕੱਤਰ ਲਖਵੀਰ ਸਿੰਘ ਬੱਦੋਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ।