ਮੋਹਾਲੀ, 27 ਅਕਤੂਬਰ (ਗੁਰਵਿੰਦਰ ਸਿੰਘ) 1993 ਵਿੱਚ ਤਰਨਤਾਰਨ ਵਿੱਚ ਹੋਏ ਫਰਜੀ ਮੁਕਾਬਲਾ ਮਾਮਲੇ ਵਿੱਚ ਸੀਬੀਆਈ ਕੋਰਟ ਨੇ ਲੰਬੇ ਟਰਾਈਲ ਤੋਂ ਬਾਅਦ ਅੱਜ ਤਤਕਾਲੀ ਪੁਲੀਸ ਅਫਸਰ ਸ਼ਮਸ਼ੇਰ ਸਿੰਘ, ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਹਰਿੰਦਰ ਸਿੱਧੂ ਨੇ ਅੱਜ ਇਸ ਮਾਮਲੇ ਤੇ ਫੈਸਲਾ ਸੁਣਾਇਆ। ਉਨ੍ਹਾਂ ਨੂੰ ਸਜ਼ਾ 2 ਨਵੰਬਰ ਨੂੰ ਸੁਣਾਈ ਜਾਵੇਗੀ।
ਜਿਕਰਯੋਗ ਹੈ ਕਿ 30 ਸਾਲ ਪੁਰਾਣੇ ਇਸ ਮਾਮਲੇ ਵਿੱਚ ਪੁਲੀਸ ਦੀ ਗੋਲੀਬਾਰੀ ਵਿੱਚ ਇੱਕ ਅਣਪਛਾਤੇ ਅੱਤਵਾਦੀ ਸਮੇਤ ਉਬੋਕੇ ਦਾ ਰਹਿਣ ਵਾਲਾ ਹਰਬੰਸ ਸਿੰਘ ਮਾਰਿਆ ਗਿਆ ਸੀ। ਹੇਠਲੀ ਅਦਾਲਤ ਨੇ ਇਸ ਨੂੰ ਫਰਜ਼ੀ ਮੁਕਾਬਲਾ ਕਰਾਰ ਦਿੱਤਾ ਸੀ। ਸ਼ਮਸ਼ੇਰ ਸਿੰਘ ਅਤੇ ਜਗਤਾਰ ਸਿੰਘ ਨੂੰ ਧਾਰਾ 120-ਬੀ ਆਰ/ਡਬਲਯੂ 302, 218 ਆਈਪੀਸੀ ਦੇ ਤਹਿਤ ਸਜ਼ਾਯੋਗ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇੱਥੇ ਜ਼ਿਕਰਯੋਗ ਹੈ ਕਿ ਸੀਬੀਆਈ ਕੋਰਟ ਵੱਲੋਂ ਖਾਲੜਾ ਕੇਸ ਵਿਚ ਦੋਸ਼ੀ ਪਾਏ ਗਏ 4 ਪੁਲੀਸ ਅਫ਼ਸਰਾਂ ਵਿਚੋਂ ਦੋ ਨੂੰ ਦੋਸ਼ੀ ਕਰਾਰ ਦਿੱਤਾ ਹੈ, ਜਦਕਿ ਦੋ ਦੀ ਟਰਾਈਲ ਦੌਰਾਨ ਮੌਤ ਹੋ ਗਈ ਸੀ।
ਇਸ ਮਾਮਲੇ ਵਿੱਚ 15 ਅਪ੍ਰੈਲ 1993 ਨੂੰ ਥਾਣਾ ਸਦਰ ਤਰਨਤਾਰਨ ਦੀ ਪੁਲੀਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਤੜਕੇ 4:30 ਵਜੇ ਤਿੰਨ ਅੱਤਵਾਦੀਆਂ ਨੇ ਪੁਲੀਸ ਪਾਰਟੀ ਨੂੰ ਰੋਕਿਆ ਜਦੋਂ ਉਹ ਉਬੋਕੇ ਦੇ ਰਹਿਣ ਵਾਲੇ ਹਰਬੰਸ ਸਿੰਘ ਨੂੰ ਲੈ ਕੇ ਜਾ ਰਹੇ ਸਨ। ਹਰਬੰਸ ਸਿੰਘ ਇੱਕ ਕੇਸ ਵਿੱਚ ਪੁਲੀਸ ਦੀ ਹਿਰਾਸਤ ਵਿੱਚ ਸੀ। ਪੁਲੀਸ ਨੇ ਕਿਹਾ ਸੀ ਕਿ ਚੰਬਲ ਡਰੇਨ ਦੇ ਖੇਤਰ ਵਿੱਚ ਕਰਾਸ ਫਾਇਰਿੰਗ ਦੌਰਾਨ ਹਰਬੰਸ ਸਿੰਘ ਅਤੇ ਇੱਕ ਅਣਪਛਾਤੇ ਅੱਤਵਾਦੀ ਮਾਰੇ ਗਏ ਸਨ। ਇਸ ਮਾਮਲੇ ਵਿੱਚ ਸੀਬੀਆਈ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਹਰਬੰਸ ਸਿੰਘ ਦੇ ਭਰਾ ਪਰਮਜੀਤ ਸਿੰਘ ਦੀ ਸ਼ਿਕਾਇਤ ਤੇ ਮੁੱਢਲੀ ਜਾਂਚ ਕੀਤੀ। ਸੀਬੀਆਈ ਨੇ ਪੁਲੀਸ ਮੁਕਾਬਲੇ ਦੀ ਕਹਾਣੀ ਨੂੰ ਸ਼ੱਕੀ ਪਾਇਆ ਅਤੇ ਇਸ ਜਾਂਚ ਦੇ ਆਧਾਰ ਤੇ 25 ਜਨਵਰੀ 1999 ਨੂੰ ਬਾਕਾਇਦਾ ਕੇਸ ਦਰਜ ਕੀਤਾ ਗਿਆ।
ਇਸ ਕੇਸ ਵਿੱਚ 8 ਜਨਵਰੀ 2002 ਨੂੰ ਮੁਲਜ਼ਮ ਪੂਰਨ ਸਿੰਘ, ਤਤਕਾਲੀ ਐਸ ਆਈ/ਐਸ ਐਚ ਓ ਪੀ ਐਸ ਸਦਰ ਤਰਨਤਾਰਨ, ਐਸ ਆਈ ਸ਼ਮਸ਼ੇਰ ਸਿੰਘ, ਏ ਐਸ ਆਈ ਜਗੀਰ ਸਿੰਘ ਅਤੇ ਏ ਐਸ ਆਈ ਜਗਤਾਰ ਸਿੰਘ ਸਜ਼ਾਯੋਗ ਅਪਰਾਧ ਲਈ ਚਾਰਜਸ਼ੀਟ ਪੇਸ਼ ਕੀਤੀ ਗਈ ਸੀ। ਜਗਤਾਰ ਸਿੰਘ ਉਦੋਂ ਸਦਰ ਤਰਨਤਾਰਨ ਵਿੱਚ ਤਾਇਨਾਤ ਸੀ ਅਤੇ ਸੀ ਬੀ ਆਈ ਅਦਾਲਤ ਵੱਲੋਂ 13 ਦਸੰਬਰ 2002 ਨੂੰ ਉਸ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਸਨ। ਹਾਈਕੋਰਟ ਦੇ ਹੁਕਮਾਂ ਤੇ ਇਹ ਮੁਕੱਦਮਾ 2006 ਤੋਂ 2022 ਤੱਕ ਚੱਲਿਆ। ਇਸ ਦੌਰਾਨ ਮੁਲਜ਼ਮ ਪੂਰਨ ਸਿੰਘ ਅਤੇ ਜਗੀਰ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਹੇਠਲੀ ਅਦਾਲਤ ਵਿੱਚ 17 ਗਵਾਹਾਂ ਨੇ ਆਪਣੇ ਬਿਆਨ ਦਰਜ ਕਰਵਾਏ ਅਤੇ ਆਖਰਕਾਰ ਕਰੀਬ 30 ਸਾਲਾਂ ਬਾਅਦ ਕੇਸ ਦਾ ਫੈਸਲਾ ਸੁਣਾਇਆ ਗਿਆ।