ਪਿੰਡ ਮਲਕਾਣਾ ਦਾ 18 ਸਾਲ੍ਹਾ ਨੌਜਵਾਨ ਚੜਿਆ ‘ਚਿੱਟੇ’ ਦੀ ਭੇਂਟ,ਛੱਪੜ ਚੋਂ ਮਿਲੀ ਲਾਸ਼।
Oct26,2022
| Parvinder Jit Singh | Bathinda
ਬਠਿੰਡਾ 26 ਅਕਤੂਬਰ (ਪਰਵਿੰਦਰ ਜੀਤ ਸਿੰਘ) ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡਾਂ ਚ ‘ਚਿੱਟੇ’ ਦਾ ਕਹਿਰ ਰੁਕਣ ਦਾ ਨਾਮ ਨਹੀ ਲੈ ਰਿਹਾ।ਹਲਕਾ ਵਿਧਾਇਕਾ ਦੇ ਜੱਦੀ ਪਿੰਡ ਜਗਾ ਰਾਮ ਤੀਰਥ ਦੇ ਸਰਕਾਰੀ ਸਕੂਲ ਚੋਂ ‘ਚਿੱਟੇ’ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਦੀ ਲਾਸ਼ ਮਿਲਣ ਦੀਆਂ ਖਬਰਾਂ ਦੀ ਅਜੇ ਸਿਆਹੀ ਵੀ ਫਿੱਕੀ ਨਹੀ ਸੀ ਪਈ ਕਿ ਹੁਣ ਸਬ ਡਵੀਜ਼ਨ ਦੇ ਪਿੰਡ ਮਲਕਾਣਾ ਦਾ ਇੱਕ 18 ਸਾਲ੍ਹਾ ਨੌਜਵਾਨ ਉਕਤ ਨਾਮੁਰਾਦ ਨਸ਼ੇ ਦੀ ਭੇਂਟ ਚੜ ਆਪਣੀ ਜਾਨ ਗੰਵਾ ਬੈਠਾ।ਨੌਜਵਾਨ ਦੀ ਲਾਸ਼ ਅੱਜ ਸਵੇਰੇ ਛੱਪੜ ਕਿਨਾਰਿਉਂ ਅੱਧ ਡੁੱਬੀ ਹਾਲਤ ਵਿੱਚ ਮਿਲੀ।
ਪਿੰਡ ਤੋਂ ਇਕੱਤਰ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਮਹਿਕਦੀਪ ਸਿੰਘ (18) ਪਿਛਲੇ ਸਮੇਂ ਤੋਂ ਨਸ਼ੇ ਦਾ ਆਦੀ ਸੀ ਬੀਤੀ ਰਾਤ ਉਹ ਆਪਣੇ ਘਰ ਨਹੀਂ ਸੀ ਪੁੱਜਿਆ ਜਿਸ ਕਾਰਣ ਅੱਜ ਭਾਲ ਕਰਨ ਤੇ ਨੌਜਵਾਨ ਦੀ ਲਾਸ਼ ਪਿੰਡ ਦੇ ਛੱਪੜ ਵਿਚੋਂ ਮਿਲੀ ਹੈ, ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਨੂੰ ਕਈ ਵਾਰ ਨਸ਼ਾ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਨਾਲ ਦੇ ਸਾਥੀ ਇਸ ਨੂੰ ਫਿਰ ਨਾਲ ਲੈ ਜਾਂਦੇ ਅਤੇ ਨਸ਼ਾ ਕਰਵਾਉਂਦੇ ਰਹੇ ਜਿਸ ਕਾਰਣ ਉਹ ਨਸ਼ੇ ਦੀ ਓਵਰਡੋਜ਼ ਕਾਰਣ ਮੌਤ ਦੇ ਮੂੰਹ ਜਾ ਪਿਆ। ਪਰਿਵਾਰਕ ਮੈਂਬਰਾਂ ਨੇ ਲਾਸ਼ ਛੱਪੜ ਚੋਂ ਮਿਲਣ ਦੇ ਮਾਮਲੇ ਦੀ ਜਾਂਚ ਦੀ ਮੰਗ ਦੇ ਨਾਲ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਮੰਗੀ ਹੈ।।ਉੱਧਰ ਪਿੰਡ ਵਾਸੀਆਂ ਮੁਤਾਬਿਕ ਪਿੰਡ ਵਿਚ ਸ਼ਰੇਆਮ ‘ਚਿੱਟਾ’ ਵਿਕਦਾ ਹੈ ਪਰ ਨਾ ਹੀ ਸਰਕਾਰ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਕੋਈ ਧਿਆਨ ਦੇ ਰਿਹੈ ਜਿਸ ਕਾਰਣ ਪਿਛਲੇ ਸਮੇਂ ਤੋਂ ਹੁਣ ਤੱਕ ਪਿੰਡ ਵਿੱਚ 15 ਤੋਂ ਵੱਧ ਨੌਜਵਾਨ ਨਸ਼ਿਆਂ ਦੀ ਭੇਂਟ ਚੜ ਚੁੱਕੇ ਹਨ।ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਆਸ-ਪਾਸ ਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿਚ ਨੌਜਵਾਨ ਚਿੱਟੇ ਦਾ ਨਸ਼ਾ ਕਰਨ ਲਈ ਇਸ ਪਿੰਡ ਵਿੱਚ ਆਉਂਦੇ ਹਨ ਅਤੇ ਇੱਥੇ ਗਲੀ ਗਲੀ ਨਸ਼ਾ ਵਿਕ ਰਿਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਇੰਨਾ ਕਹਿਕੇ ਸਾਰ ਦਿੱਤਾ ਕਿ ਇੰਨੀ ਜਲਦੀ ਨਸ਼ੇ ਬੰਦ ਕਰਨ ਲਈ ਉਨਾਂ ਕੋਲ ਕੋਈ ਗਿੱਦੜਸਿੰਗੀ ਨਹੀ ਪਰ ਉਹ ਇਹ ਜ਼ਰੂਰ ਦੱਸਣ ਕਿ ਅਸੀਂ ਆਪਣੇ ਨੌਜਵਾਨ ਪੁੱਤਰਾਂ ਨੂੰ ਨਸ਼ੇ ਤੋਂ ਬਚਾਉਣ ਲਈ ਕਿਹੜੀ ਗਿੱਦੜਸਿੰਗੀ ਵਰਤੀਏ।
ਉੱਧਰ ਰਾਮਾਂ ਮੰਡੀ ਥਾਣੇ ਦੇ ਮੁਖੀ ਅੰਗਰੇਜ਼ ਸਿੰਘ ਨੇ ਮਾਮਲੇ ਦੀ ਜਾਂਚ ਆਰੰਭ ਦੇਣ ਦਾ ਦਾਅਵਾ ਕਰਦਿਆਂ ਕਿਹਾ ਜੇਕਰ ਕੋਈ ਨਸ਼ਾ ਵੇਚਦਾ ਪਾਇਆ ਗਿਆ ਤਾਂ ਬਖਸ਼ਿਆ ਨਹੀ ਜਾਵੇਗਾ।
Crime-News-Bathinda