ਪੰਚਕੂਲਾ ਵਿੱਚ ਇੱਕੋ ਪਰਿਵਾਰ ਦੇ ਸੱਤ ਮੈਂਬਰ ਮ੍ਰਿਤਕ ਮਿਲੇ - ਪੁਲੀਸ ਅਨੁਸਾਰ ਪਹਿਲੀ ਨਜਰੇ ਖੁਦਕੁਸ਼ੀ ਦਾ ਮਾਮਲਾ
May27,2025
| Gurwinder Singh | Sas Nagar (mohali)
ਪੰਚਕੂਲਾ ਵਿੱਚ ਇੱਕ ਕਾਰ ਵਿੱਚੋਂ ਸੱਤ ਲੋਕਾਂ ਦੀਆਂ ਲਾਸ਼ਾਂ ਮਿਲਣ ਦੀ ਖ਼ਬਰ ਹੈ। ਪੰਚਕੂਲਾ ਦੇ ਡੀਸੀਪੀ ਹਿਮਾਦਰੀ ਕੌਸ਼ਿਕ ਨੇ ਕਿਹਾ ਕਿ ਸਾਰੇ ਮ੍ਰਿਤਕ ਇੱਕੋ ਪਰਿਵਾਰ ਦੇ ਹਨ ਅਤੇ ਉਨ੍ਹਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਉਹ ਦੇਹਰਾਦੂਨ ਦੇ ਇੱਕੋ ਪਰਿਵਾਰ ਦੇ ਮੈਂਬਰ ਸਨ। ਡੀ ਸੀ ਪੀ ਹਿਮਾਦਰੀ ਕੌਸ਼ਿਕ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਛੇ ਵਿਅਕਤੀਆਂ ਨੂੰ ਓਜਸ ਹਸਪਤਾਲ ਲਿਆਂਦਾ ਗਿਆ ਹੈ। ਜਦੋਂ ਅਸੀਂ ਉੱਥੇ ਪਹੁੰਚੇ, ਤਾਂ ਸਾਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਮੌਤ ਹੋ ਗਈ ਸੀ ਅਤੇ ਇੱਕ ਵਿਅਕਤੀ ਜਿਸਨੂੰ ਸੈਕਟਰ 6, ਸਿਵਲ ਹਸਪਤਾਲ ਲਿਜਾਇਆ ਗਿਆ ਸੀ, ਦੀ ਵੀ ਮੌਤ ਹੋ ਗਈ। ਉਹਨਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ। ਸਾਰੇ ਫੋਰੈਂਸਿਕ ਸਬੂਤ ਇਕੱਠੇ ਕਰ ਲਏ ਗਏ ਹਨ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਪੰਚਕੂਲਾ ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਭਗ 11 ਵਜੇ ਸੂਚਨਾ ਮਿਲੀ ਕਿ ਇੱਕ ਗੱਡੀ ਹੈ ਜਿਸ ਵਿੱਚ ਕੁਝ ਲਾਸ਼ਾਂ ਪਈਆਂ ਹਨ ਅਤੇ ਵਿਅਕਤੀ ਜ਼ਿੰਦਾ ਹੈ। ਉਹਨਾਂ ਦੱਸਿਆ ਕਿ ਜਦੋਂ ਪੁਲੀਸ ਮੌਕੇ ਤੇ ਪਹੁੰਚੀ ਤਾਂ ਦੇਖਿਆ ਕਿ ਗੱਡੀ ਖੜ੍ਹੀ ਸੀ ਅਤੇ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਮ੍ਰਿਤਕਾਂ ਵਿੱਚ ਬੱਚੇ ਵੀ ਸ਼ਾਮਲ ਹਨ। ਉਹ ਸਾਰੇ ਦੇਹਰਾਦੂਨ ਦੇ ਇੱਕੋ ਪਰਿਵਾਰ ਦੇ ਮੈਂਬਰ ਸਨ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਉੱਤਰਾਖੰਡ ਪੁਲੀਸ ਨਾਲ ਵੀ ਸੰਪਰਕ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਦੇਹਰਾਦੂਨ ਪੁਲੀਸ ਨੇ ਕਿਹਾ ਹੈ ਕਿ ਇਹ ਪਰਿਵਾਰ ਕੁਝ ਮਹੀਨੇ ਪਹਿਲਾਂ ਦੇਹਰਾਦੂਨ ਵਿੱਚ ਰਹਿ ਰਿਹਾ ਸੀ। ਦੇਹਰਾਦੂਨ ਪੁਲੀਸ ਨੇ ਕਿਹਾ ਕਿ ਇਸ ਪਰਿਵਾਰ ਬਾਰੇ ਪਤਾ ਲੱਗਾ ਹੈ ਕਿ ਮ੍ਰਿਤਕ ਪ੍ਰਵੀਨ ਮਿੱਤਲ ਦਾ ਪਰਿਵਾਰ ਲਗਭਗ 8-9 ਮਹੀਨੇ ਪਹਿਲਾਂ ਤੱਕ ਦੇਹਰਾਦੂਨ ਦੇ ਕੋਲਾਗੜ੍ਹ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਪਰੰਤੂ ਇਹ ਪਰਿਵਾਰ ਇਸ ਸਮੇਂ ਦੇਹਰਾਦੂਨ ਵਿੱਚ ਨਹੀਂ ਰਹਿ ਰਿਹਾ ਸੀ। ਪੁਲੀਸ ਅਨੁਸਾਰ ਪੰਚਕੂਲਾ ਵਿੱਚ ਘਟਨਾ ਵਾਲੀ ਥਾਂ ਤੋਂ ਮਿਲੀ ਕਾਰ ਦੇਹਰਾਦੂਨ ਦੇ ਗੰਭੀਰ ਸਿੰਘ ਨੇਗੀ ਦੇ ਨਾਮ ਤੇ ਰਜਿਸਟਰਡ ਹੈ।
ਪੁਲੀਸ ਅਨੁਸਾਰ ਗੰਭੀਰ ਸਿੰਘ ਨੇਗੀ ਨੇ ਦੱਸਿਆ ਕਿ ਉਹ ਮ੍ਰਿਤਕ ਪ੍ਰਵੀਨ ਮਿੱਤਲ ਨੂੰ ਐਨ ਜੀ ਓ ਦੇ ਕੰਮ ਦੇ ਸਿਲਸਿਲੇ ਵਿੱਚ ਮਿਲਿਆ ਸੀ। ਮ੍ਰਿਤਕ ਪਹਿਲਾਂ ਚਾਈਲਡ ਲਾਈਫ ਕੇਅਰ ਮਿਸ਼ਨ ਨਾਮਕ ਇੱਕ ਐਨ ਜੀ ਓ ਚਲਾਉਂਦਾ ਸੀ। ਇਸ ਦੌਰਾਨ, ਦੋਸਤੀ ਦੇ ਕਾਰਨ, ਗੰਭੀਰ ਨੇਗੀ ਨੇ ਆਪਣੇ ਨਾਮ ਤੇ ਕਾਰ ਫਾਈਨੈਂਸ ਕਰਵਾਈ ਸੀ, ਜਿਸਨੂੰ ਇਸ ਸਮੇਂ ਮ੍ਰਿਤਕ ਚਲਾ ਰਿਹਾ ਸੀ। ਪੁਲੀਸ ਦਾ ਕਹਿਣਾ ਹੈ ਕਿ ਇਸ ਵੇਲੇ ਇਹ ਪਰਿਵਾਰ ਚੰਡੀਗੜ੍ਹ ਵਿੱਚ ਰਹਿ ਰਿਹਾ ਸੀ।
Powered by Froala Editor
Sas-Nagar-News-