ਚੰਡੀਗੜ੍ਹ, 21 ਜੂਨ : ਬਰਤਾਨੀਆ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਚੁਣੇ ਗਏ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਚੰਡੀਗੜ੍ਹ ਸਥਿਤ ਭਾਰਤ ਵਿੱਚ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਨਾਲ ਬਰਤਾਨੀਆ ਦੀ ਸੰਸਦ ਵਿੱਚ ਉਸਾਰੂ ਮੀਟਿੰਗ ਹੋਈ। ਇਸ ਬਾਰੇ ਬਿਆਨ ਜਾਰੀ ਕਰਦੇ ਹੋਏ, ਢੇਸੀ ਨੇ ਦੱਸਿਆ ਕਿ ਉਨ੍ਹਾਂ ਨੇ ਦੋਹਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ, ਵਪਾਰ ਅਤੇ ਸੈਰ-ਸਪਾਟੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕਈ ਵਿਸ਼ਿਆਂ ਤੇ ਚਰਚਾ ਕੀਤੀ ਹੈ। ਇਸਦੇ ਨਾਲ ਹੀ ਪਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ, ਜ਼ਮੀਨਾਂ ਦੇ ਵਿਵਾਦ, ਵਿਦੇਸ਼ਾਂ ਵਿੱਚ ਕੈਦ ਬਰਤਾਨਵੀ ਨਾਗਰਿਕਾਂ ਅਤੇ ਮਨੁੱਖੀ ਅਧਿਕਾਰਾਂ ਦੇ ਸਨਮਾਨ ਨਾਲ ਸੰਬੰਧਿਤ ਡਾਇਸਪੋਰਾ ਦੀਆਂ ਚਿੰਤਾਵਾਂ ਦਾ ਵੀ ਮਾਮਲਾ ਉਠਾਇਆ। ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯੂਕੇ ਅਤੇ ਪੰਜਾਬ ਦਰਮਿਆਨ ਹੋਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਫੌਰੀ ਲੋੜ ਹੈ। ਮੁਲਾਕਾਤ ਦੌਰਾਨ ਢੇਸੀ ਨੇ ਦੁਹਰਾਇਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਨਾਲ ਵੀ ਵੱਖ-ਵੱਖ ਅੰਤਰਰਾਸ਼ਟਰੀ ਏਅਰਲਾਈਨਾਂ ਨਾਲ ਯੂ.ਕੇ. ਅਤੇ ਪੰਜਾਬ ਵਿਚਕਾਰ ਸਿੱਧੀ ਹਵਾਈ ਸੰਪਰਕ ਲਈ ਅਣਥੱਕ ਵਕਾਲਤ ਕਰਦੇ ਆ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਸਿੱਧੀਆਂ ਉਡਾਣਾਂ ਸਦਕਾ ਯੂਕੇ ਅਤੇ ਯੂਰਪ ਵਿੱਚ ਰਹਿੰਦੇ ਵੱਡੇ ਐਨਆਰਆਈ ਭਾਈਚਾਰੇ ਨੂੰ ਬਹੁਤ ਲਾਭ ਹੋਵੇਗਾ, ਜਿਸ ਨਾਲ ਉਹ ਪੰਜਾਬ ਵਿੱਚ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਸੁਖਾਲੇ ਤਰੀਕੇ ਨਾਲ ਜਾ ਸਕਣਗੇ। ਇਸ ਤੋਂ ਇਲਾਵਾ, ਭਾਰਤ ਦੇ ਉੱਤਰੀ ਖੇਤਰ ਨਾਲ ਬਿਹਤਰ ਹਵਾਈ ਸੰਪਰਕ ਉੱਤਰੀ ਰਾਜਾਂ ਦੇ ਯਾਤਰੀਆਂ ਲਈ ਸੁਖਾਲੀ ਯਾਤਰਾ ਦੇ ਬਦਲ ਦੀ ਸਹੂਲਤ ਪ੍ਰਦਾਨ ਹੋ ਸਕੇਗੀ ਜਿਸ ਨਾਲ ਉਹ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਅਜ਼ੀਜ਼ਾਂ ਕੋਲ ਆਸਾਨੀ ਨਾਲ ਆ-ਜਾ ਸਕਣਗੇ। ਇੱਥੇ ਜਾਰੀ ਇੱਕ ਬਿਆਨ ਵਿੱਚ ਇਸ ਮੰਗ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਢੇਸੀ ਨੇ ਕਿਹਾ, ਇਹ ਸਿਰਫ਼ ਸਹੂਲਤ ਦਾ ਮਾਮਲਾ ਨਹੀਂ ਹੈ, ਸਗੋਂ ਇੱਕ ਅਸਲ ਲੋੜ ਹੈ, ਕਿਉਂਕਿ ਦੋਵਾਂ ਪਾਸਿਆਂ ਦੇ ਲੋਕਾਂ ਨੇ ਪੰਜਾਬ ਅਤੇ ਯੂ.ਕੇ. ਨੂੰ ਜੋੜਨ ਵਾਲੀਆਂ ਸਿੱਧੀਆਂ ਉਡਾਣਾਂ ਸਥਾਪਤ ਕਰਨ ਦੀ ਲਗਾਤਾਰ ਇੱਛਾ ਜ਼ਾਹਰ ਕੀਤੀ ਹੈ ਕਿਉਂਕਿ ਇਹ ਉਡਾਣਾਂ ਯਕੀਨੀ ਬਣਾਉਣ ਨਾਲ ਕਿਰਾਇਆ ਵੀ ਸਸਤਾ ਹੋਵੇਗਾ ਤੇ ਹਰ ਕੋਈ ਯਾਤਰਾ ਕਰ ਸਕੇਗਾ। ਇਨ੍ਹਾਂ ਖ਼ਿੱਤਿਆਂ ਦਰਮਿਆਨ ਸਿੱਧੇ ਹਵਾਈ ਸਫਰ ਦੀ ਸ਼ੁਰੂਆਤ ਨਾ ਸਿਰਫ਼ ਲੋਕਾਂ-ਦਰ-ਲੋਕਾਂ ਦੇ ਸੰਪਰਕ ਨੂੰ ਵਧਾਏਗੀ, ਸਗੋਂ ਦੋਵਾਂ ਖੇਤਰਾਂ ਲਈ ਆਰਥਿਕ ਵਿਕਾਸ, ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਸੈਰ-ਸਪਾਟੇ ਦੇ ਮੌਕੇ ਵੀ ਵਧਾਏਗੀ। ਢੇਸੀ ਨੇ ਅੱਗੇ ਕਿਹਾ ਕਿ ਅਜਿਹੇ ਵੱਧ ਹਵਾਈ ਸੰਪਰਕ ਪੰਜਾਬ ਅਤੇ ਯੂਕੇ ਦਰਮਿਆਨ ਹੋਰ ਵਧੇਰੇ ਵਪਾਰ ਅਤੇ ਸਹਿਯੋਗ ਲਈ ਨਵੇਂ ਰਾਹ ਖੋਲ੍ਹਣਗੇ। ਉਨ੍ਹਾਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਅੰਮ੍ਰਿਤਸਰ ਅਤੇ ਲੰਡਨ ਦੇ ਗੈਟਵਿਕ ਅਤੇ ਬਰਮਿੰਘਮ ਸ਼ਹਿਰਾਂ ਵਿਚਕਾਰ ਹਰ ਹਫ਼ਤੇ ਥੋੜ੍ਹੀਆਂ ਸਿੱਧੀਆਂ ਉਡਾਣਾਂ ਮੌਜੂਦ ਹਨ, ਪਰ ਆਮ ਲੋਕਾਂ ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ਅਤੇ ਅੰਮ੍ਰਿਤਸਰ ਵਿਚਕਾਰ ਰੋਜ਼ਾਨਾ ਉਡਾਣਾਂ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਹੀਥਰੋ ਅੱਡਾ ਉੱਤਰੀ ਅਮਰੀਕਾ ਦੇ ਹੋਰ ਵੱਡੇ ਸ਼ਹਿਰਾਂ ਲਈ ਹਵਾਈ ਸੰਪਰਕ ਦਾ ਪ੍ਰਮੁੱਖ ਕੇਂਦਰ ਹੈ ਜੋ ਵਸਤੂਆਂ, ਸੇਵਾਵਾਂ ਅਤੇ ਨਿਵੇਸ਼ ਦੇ ਅਦਾਨ-ਪ੍ਰਦਾਨ ਦੀ ਸਹੂਲਤ ਵੀ ਪ੍ਰਦਾਨ ਕਰੇਗਾ ਅਤੇ ਦੋਵਾਂ ਖੇਤਰਾਂ ਵਿਚਕਾਰ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ। ਜ਼ਿਕਰਯੋਗ ਹੈ ਕਿ ਬਰਤਾਨੀਆ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੀ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਨਾਲ ਮੁਲਾਕਾਤ ਬਰਤਾਨੀਆ ਅਤੇ ਭਾਰਤ ਦੇ ਪੰਜਾਬ ਰਾਜ ਦਰਮਿਆਨ ਹਵਾਈ ਸੰਪਰਕ ਵਧਾਉਣ ਦੀ ਜ਼ਰੂਰੀ ਲੋੜ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ। ਦੋਵਾਂ ਪਾਸਿਆਂ ਦੇ ਲੋਕਾਂ ਦੀ ਚਿਰੋਕਣੀ ਮੰਗ ਦੀ ਪੂਰਤੀ ਲਈ ਢੇਸੀ ਵੱਲੋਂ ਕੀਤੀ ਜਾ ਰਹੀ ਲਗਾਤਾਰ ਵਕਾਲਤ ਦਾ ਉਦੇਸ਼ ਯਾਤਰੀਆਂ ਨੂੰ ਸਹੂਲਤ ਦਿਵਾਉਣਾ ਅਤੇ ਨਜ਼ਦੀਕੀ ਸਬੰਧਾਂ ਨੂੰ ਵਧਾਉਣਾ ਹੈ, ਜਿਸ ਨਾਲ ਪ੍ਰਵਾਸੀ ਭਾਈਚਾਰੇ ਅਤੇ ਉੱਤਰੀ ਭਾਰਤ ਦੇ ਯਾਤਰੀਆਂ ਦੋਵਾਂ ਨੂੰ ਵੱਡਾ ਲਾਭ ਹੋਵੇਗਾ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)