- ਜੱਦੀ ਪਿੰਡ ਫਤਹਿਗੜ੍ਹ ਪੰਜਤੂਰ ਵਿੱਚ ਕੁੜੀਆਂ ਨੂੰ ਦੇ ਰਹੀ ਸਕਿੱਲ ਟ੍ਰੇਨਿੰਗ, ਹੁਣ ਤੱਕ 500 ਤੋਂ ਵਧੇਰੇ ਕੁੜੀਆਂ ਨੂੰ ਕੀਤਾ ਸਕਿੱਲਡ - ਪੰਜਾਬ ਬਹੁਤ ਹੀ ਸੰਭਾਵਨਾ ਭਰਪੂਰ ਸੂਬਾ, ਨੌਜਵਾਨ ਇਥੇ ਰਹਿ ਕੇ ਪਾਉਣ ਵਿਕਾਸ ਵਿੱਚ ਯੋਗਦਾਨ - ਅਵੰਤਿਕਾ ਪੰਜਤੂਰੀ - ਹੋਰ ਪ੍ਰਵਾਸੀ ਪੰਜਾਬੀ ਵੀ ਆਪਣੀ ਧਰਤੀ ਲਈ ਕੁਝ ਬਿਹਤਰ ਕਰਨ ਲਈ ਅੱਗੇ ਆਉਣ - ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਪੰਜਤੂਰ/ਮੋਗਾ, 12 ਫਰਵਰੀ (000) - ਪੰਜਾਬੀਆਂ ਉੱਤੇ ਦੋਸ਼ ਲੱਗਦੇ ਹਨ ਕਿ ਇਹ ਲੋਕ ਆਪਣੀ ਜਨਮ ਭੂਮੀ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਸੈਟਲ ਹੋ ਰਹੇ ਹਨ। ਜੋ ਲੋਕ ਇੱਥੋਂ ਜਾ ਰਹੇ ਹਨ ਉਹ ਆਪਣੀ ਮੁੜ ਇੱਥੋਂ ਦੀ ਸਾਰ ਨਹੀਂ ਲੈਂਦਾ ਹੈ। ਇਹਨਾਂ ਸਾਰੀਆਂ ਦੰਦ ਕਥਾਵਾਂ ਨੂੰ ਨਿਊਜ਼ੀਲੈਂਡ ਵਿੱਚ ਪੈਦਾ ਹੋਈ ਪੰਜਾਬਣ ਮੁਟਿਆਰ ਅਵੰਤਿਕਾ ਪੰਜਤੂਰੀ (23 ਸਾਲ) ਨੇ ਝੂਠ ਸਾਬਿਤ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਆਪਣੀ ਮਿੱਟੀ ਲਈ ਕੁਝ ਕਰਨ ਦਾ ਸੱਦਾ ਪ੍ਰਵਾਨ ਕਰਦਿਆਂ ਅਵੰਤਿਕਾ ਨਿਊਜ਼ੀਲੈਂਡ ਵਰਗਾ ਖੁਸ਼ਹਾਲ ਦੇਸ਼ ਛੱਡ ਕੇ ਆਪਣੇ ਜੱਦੀ ਪਿੰਡ ਫਤਹਿਗੜ੍ਹ ਪੰਜਤੂਰ ਵਿੱਚ ਰਹਿਣ ਹੀ ਨਹੀਂ ਲੱਗੀ ਸਗੋਂ ਉਸਨੇ ਇੱਥੋਂ ਦੇ ਨੌਜਵਾਨ ਵਰਗ, ਖਾਸ ਕਰਕੇ ਕੁੜੀਆਂ, ਨੂੰ ਸਕਿੱਲਡ ਕਰਕੇ ਆਪਣੇ ਪੈਰਾਂ ਉੱਤੇ ਖੜ੍ਹਾ ਕਰਨ ਵਿੱਚ ਵੀ ਲਾਮਿਸਾਲ ਯੋਗਦਾਨ ਪਾ ਰਹੀ ਹੈ। ਦੱਸਣਯੋਗ ਹੈ ਕਿ ਅਵੰਤਿਕਾ ਪੰਜਤੂਰੀ ਭਾਵੇਂਕਿ ਨਿਊਜ਼ੀਲੈਂਡ ਵਿੱਚ ਪੈਦਾ ਅਤੇ ਵੱਡੀ ਹੋਈ ਹੈ ਪਰ ਉਸਦਾ ਆਪਣੇ ਪੁਰਖਿਆਂ ਦੀ ਧਰਤੀ ਪਿੰਡ ਫ਼ਤਹਿਗੜ੍ਹ ਪੰਜਤੂਰ ਨਾਲ ਗਹਿਰਾ ਲਗਾਅ ਹੈ। ਗੱਲਬਾਤ ਦੌਰਾਨ ਅਵੰਤਿਕਾ ਨੇ ਦੱਸਿਆ ਕਿ ਉਸਦੇ ਪਿਤਾ ਜਤਿੰਦਰ ਪੰਜਤੂਰੀ, ਜੋ ਕਿ ਖੁਦ ਸਾਇੰਸ ਵਿਸ਼ੇ ਦੇ ਅਧਿਆਪਕ ਸਨ, ਸਾਲ 1999 ਵਿੱਚ ਨਿਊਜ਼ੀਲੈਂਡ ਚਲੇ ਗਏ ਸੀ। ਪਰ ਪਿੰਡ ਫ਼ਤਹਿਗੜ੍ਹ ਪੰਜਤੂਰ ਹਮੇਸ਼ਾਂ ਉਹਨਾਂ ਦੇ ਦਿਲ ਦੇ ਨਜ਼ਦੀਕ ਰਿਹਾ। ਆਪਣੇ ਦਿਲ ਦੀ ਆਵਾਜ਼ ਦਾ ਸਤਿਕਾਰ ਕਰਦਿਆਂ ਜਤਿੰਦਰ ਪੰਜਤੂਰੀ ਨੇ ਵੀ ਪਿੰਡ ਵਾਪਿਸ ਆਉਣ ਦਾ ਫੈਸਲਾ ਕੀਤਾ ਅਤੇ ਇੱਥੇ ਆ ਕੇ ਆਪਣੇ ਪੁਰਖਿਆਂ ਵੱਲੋਂ ਸ਼ੁਰੂ ਕੀਤੇ ਗਏ ਸਕੂਲ ਦਾ ਕੰਮ ਸੰਭਾਲ ਲਿਆ। ਉਹਨਾਂ ਦੇ ਪਦ ਚਿੰਨਾਂ ਉੱਤੇ ਚੱਲਦਿਆਂ ਹੁਣ ਅਵੰਤਿਕਾ ਨੇ ਵੀ ਆਪਣੇ ਪਿੰਡ ਵਿੱਚ ਪੱਕੇ ਤੌਰ ਉੱਤੇ ਸੈਟਲ ਹੋਣ ਦਾ ਧਾਰ ਲਿਆ ਹੈ। ਅਵੰਤਿਕਾ ਨੇ ਕਿਹਾ ਕਿ ਉਹ ਵਿਦੇਸ਼ੀ ਧਰਤੀ ਤੋਂ ਇੱਕ ਮਿਸ਼ਨ ਲੈ ਕੇ ਪਰਤੀ ਹੈ। ਉਸ ਦਾ ਟੀਚਾ ਪੇਂਡੂ ਖੇਤਰ ਦੀਆਂ ਲੜਕੀਆਂ ਨੂੰ ਪੈਰਾਂ-ਸਿਰ ਕਰਨਾ ਹੈ। ਸ਼ਾਇਦ ਇਹ ਕਰਕੇ ਉਹ ਆਪਣੇ ਪੁਰਖਿਆਂ ਦੀ ਮਿੱਟੀ ਦਾ ਕਰਜ਼ ਉਤਾਰਨ ਵਿੱਚ ਥੋੜ੍ਹਾ ਬਹੁਤ ਸਫ਼ਲ ਹੋ ਸਕੇ। ਉਸਨੇ ਕਿਹਾ ਕਿ ਉਹ ਹੁਣ ਪੱਕੇ ਤੌਰ ਉੱਤੇ ਪੰਜਾਬ ਵਿੱਚ ਵੱਸ ਗਈ ਹੈ। ਉਹ ਪਿੰਡਾਂ ਦੀਆਂ ਲੜਕੀਆਂ ਨੂੰ ਲੜਕਿਆਂ ਦੇ ਮੁਕਾਬਲੇ ਬਰਾਬਰਤਾ ਦੇ ਹੱਕ ਦਿਵਾਉਣਾ ਚਾਹੁੰਦੀ ਹੈ। ਉਸ ਦਾ ਪਰਿਵਾਰਕ ਪਿਛੋਕੜ ਸਿੱਖਿਆ ਦੇ ਖੇਤਰ ਨਾਲ ਜੁੜਿਆ ਹੋਇਆ ਹੈ। ਉਸ ਨੇ ਆਪਣੇ ਪਿਤਾ ਜਤਿੰਦਰ ਪੰਜਤੂਰੀ ਦੀ ਸਰਪ੍ਰਸਤੀ ਹੇਠ ਚੱਲ ਰਹੀ ਐਸਆਰਐੱਮ ਨਾਮੀ ਵਿਦਿਅਕ ਸੰਸਥਾ ਦੇ ਇੱਕ ਹਿੱਸੇ ਨੂੰ ਲੜਕੀਆਂ ਦੀ ਮੁਫ਼ਤ ਟ੍ਰੇਨਿੰਗ ਕੈਂਪ ਵਜੋਂ ਰਾਖਵਾਂ ਰੱਖਿਆ ਹੋਇਆ ਹੈ। ਲੰਘੇ ਇੱਕ ਵਰ੍ਹੇ ਵਿੱਚ ਲਗਪਗ 500 ਲੜਕੀਆਂ ਇਸ ਟ੍ਰੇਨਿੰਗ ਸੈਂਟਰ ਤੋਂ ਵੱਖ-ਵੱਖ ਕਿੱਤਾਮੁਖੀ ਕੋਰਸਾਂ ਵਿੱਚ ਮੁਫ਼ਤ ਸਿੱਖਿਆ ਗ੍ਰਹਿਣ ਕਰ ਕੇ ਰੁਜ਼ਗਾਰ ਦੇ ਮੌਕੇ ਹਾਸਲ ਕਰ ਚੁੱਕੀਆਂ ਹਨ। ਅਵੰਤਿਕਾ ਦਾ ਕਹਿਣਾ ਹੈ ਕਿ ਕੰਮ ਕੋਈ ਵੀ ਔਖਾ ਨਹੀਂ ਹੈ ਲੋੜ ਸਿਰਫ ਉਸ ਪ੍ਰਤੀ ਜਾਗਰੂਕ ਹੋਣ ਦੀ ਹੁੰਦੀ ਹੈ। ਉਹ ਇਨ੍ਹਾਂ ਕੋਰਸਾਂ ਲਈ ਦਸਵੀਂ ਅਤੇ ਬਾਰਵੀਂ ਪਾਸ ਲੜਕੀਆਂ ਦੀ ਚੋਣ ਕਰਦੀ ਹੈ। ਉਸ ਦੇ ਕੋਚਿੰਗ ਸੈਂਟਰ ਵਿੱਚ ਵਿਦੇਸ਼ਾਂ ਤੋਂ ਅਕਸਰ ਮਹਿਮਾਨ ਅਧਿਆਪਕ ਵੀ ਸਮੇਂ-ਸਮੇਂ ਉੱਤੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਆਉਂਦੇ ਹਨ। ਇਸ ਸਾਲ ਉਹ ਆਪਣੇ ਸੈਂਟਰ ਨੂੰ ਐੱਸਐੱਸ ਗਰੁੱਪ ਮੁਹਾਲੀ ਅਤੇ ਐਸਬੀਪੀਐਸ ਗਰੁੱਪ ਯੂਐੱਸਏ ਦੇ ਸਹਿਯੋਗ ਨਾਲ ਚਲਾ ਰਹੀ ਹੈ। ਬੀਪੀਓ ਨਾਮੀ ਇਹ ਗਰੁੱਪ ਪੇਂਡੂ ਲੜਕੀਆਂ ਦੀ ਚੋਣ ਕਰਕੇ ਘਰ ਤੋਂ ਰੁਜ਼ਗਾਰ ਸ਼ੁਰੂ ਕਰਵਾਉਣ ਦੀ ਮੁਹਿੰਮ ਚਲਾ ਰਿਹਾ ਹੈ। ਆਪਣੇ ਖਰਚ ਉੱਤੇ ਅਵੰਤਿਕਾ ਪੰਜਤੂਰੀ ਨੇ ਕਸਬਾ ਮੱਖੂ, ਜ਼ੀਰਾ ਅਤੇ ਧਰਮਕੋਟ ਤੋਂ ਲੜਕੀਆਂ ਦੇ ਆਉਣ-ਜਾਣ ਲਈ ਮੁਫ਼ਤ ਬੱਸਾਂ ਦੀ ਸਹੂਲਤ ਵੀ ਸ਼ੁਰੂ ਕੀਤੀ ਹੋਈ ਹੈ। ਅਵੰਤਿਕਾ ਲੜਕੀਆਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦ ਅਤੇ ਜਾਗਰੂਕ ਕਰਨ ਲਈ ਵੀ ਪੂਰੀ ਤਰ੍ਹਾਂ ਸੰਜੀਦਾ ਹੈ। ਉਸਨੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਿੱਖਿਅਤ ਕਰਨ, ਨੌਕਰੀਆਂ ਦੇ ਕਾਬਿਲ ਬਣਾਉਣ, ਨੌਕਰੀਆਂ ਦੇਣ ਅਤੇ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਸ਼ੁਰੂ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਆਪਣੇ ਪੈਰਾਂ ਉੱਤੇ ਖੜ੍ਹਾ ਦੀ ਕੋਸ਼ਿਸ਼ ਕਰਨ। ਅਵੰਤਿਕਾ ਦਾ ਕਹਿਣਾ ਹੈ ਕਿ ਪੰਜਾਬ ਬਹੁਤ ਹੀ ਸੰਭਾਵਨਾ ਭਰਪੂਰ ਸੂਬਾ ਹੈ। ਨੌਜਵਾਨ ਇਥੇ ਰਹਿ ਕੇ ਸੂਬੇ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ। ਉਸਨੇ ਪ੍ਰਵਾਸੀ ਪੰਜਾਬੀਆਂ ਨੂੰ ਵੀ ਸੱਦਾ ਦਿੱਤਾ ਹੈ ਕਿ ਉਹ ਆਪਣੇ ਪਿੰਡਾਂ ਨੂੰ ਅਪਣਾਉਣ ਤਾਂ ਜੋ ਪੰਜਾਬ ਅਤੇ ਪੰਜਾਬੀਆਂ ਨੂੰ ਹੋਰ ਖੁਸ਼ਹਾਲ ਬਣਾਇਆ ਜਾ ਸਕੇ। ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਅਵੰਤਿਕਾ ਪੰਜਤੂਰੀ ਵੱਲੋਂ ਆਪਣੇ ਇਲਾਕੇ ਦੀਆਂ ਕੁੜੀਆਂ/ਔਰਤਾਂ ਦੇ ਸਸ਼ਕਤੀਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਮੋਗਾ ਨਾਲ ਸੰਬੰਧ ਰੱਖਣ ਵਾਲੇ ਪ੍ਰਵਾਸੀ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਵੀ ਆਪਣੀ ਧਰਤੀ ਲਈ ਕੁਝ ਬਿਹਤਰ ਕਰਨ ਲਈ ਅੱਗੇ ਆਉਣ। ਉਹਨਾਂ ਕਿਹਾ ਕਿ ਜੇਕਰ ਪ੍ਰਵਾਸੀ ਪੰਜਾਬੀ ਆਪਣੇ ਪਿੰਡਾਂ ਅਤੇ ਲੋਕਾਂ ਦੇ ਵਿਕਾਸ ਲਈ ਕੁਝ ਕਰਨਾ ਚਾਹੁੰਦੇ ਹਨ ਤਾਂ ਜ਼ਿਲ੍ਹਾ ਪ੍ਰਸ਼ਾਸ਼ਨ ਉਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਹਮੇਸ਼ਾਂ ਤਿਆਰ ਹੈ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)