ਸੰਸਦ ਮੈਂਬਰਾਂ ਅਤੇ ਮਾਰਸ਼ਲਾਂ ਨੇ ਮਿਲ ਕੇ ਕੀਤਾ ਕਾਬੂ ਪਾਰਲੀਮੈਂਟ ਤੇ ਹਮਲੇ ਦੀ ਬਰਸੀ ਦੇ ਦਿਨ ਅੱਜ ਲੋਕਸਭਾ ਵਿੱਚ ਸੁਰੱਖਿਆ ਵਿੱਚ ਵੱਡੀ ਚੂਕ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕ ਸਭਾ ਦੀ ਕਾਰਵਾਈ ਦੇ ਦੌਰਾਨ ਦਰਸ਼ਕ ਗੈਲਰੀ ਤੋਂ ਦੋ ਵਿਅਕਤੀਆਂ ਨੇ ਹੇਠਾਂ ਛਲਾਂਗ ਮਾਰ ਦਿੱਤੀ। ਹਾਲਾਂਕਿ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਸਾਂਸਦਾਂ ਨੇ ਹਿੰਮਤ ਵਿਖਾਉਂਦਿਆਂ ਦੋਵਾਂ ਵਿਅਕਤੀਆਂ ਨੂੰ ਘੇਰ ਲਿਆ। ਇਸਦੇ ਨਾਲ ਹੀ ਲੋਕ ਸਭਾ ਦੀ ਸੁਰੱਖਿਆ ਵਿੱਚ ਲੱਗੇ ਮਾਰਸ਼ਲ ਦੌੜ ਕੇ ਆਏ ਅਤੇ ਦੋਵਾਂ ਨੂੰ ਫੜ ਲਿਆ। ਇਹ ਘਟਨਾ ਦੁਪਹਿਰ ਇੱਕ ਵਜੇ ਦੀ ਹੈ। ਨੀਲੇ ਰੰਗ ਦੀ ਜੈਕਟ ਪਾਈ ਇੱਕ ਵਿਅਕਤੀ ਸਾਂਸਦਾਂ ਦੀ ਸੀਟ ਤੇ ਕੁੱਦ ਗਿਆ ਅਤੇ ਇਸੇ ਤੋਂ ਤੁਰੰਤ ਤੋਂ ਬਾਅਦ ਦੂਸਰਾ ਨੌਜਵਾਨ ਵੀ ਉਥੇ ਕੁੱਦਿਆ। ਪਹਿਲਾਂ ਛਾਲ ਮਾਰਨ ਵਾਲਾ ਵਿਅਕਤੀ ਲਗਭਗ ਤਿੰਨ ਕਤਾਰਾਂ ਲੰਘ ਕੇ ਆਸਣ ਵੱਲ ਜਾਣ ਲੱਗਿਆ। ਹਫੜਾ ਦਫੜੀ ਦੇ ਮਾਹੌਲ ਦੇ ਵਿਚਾਲੇ ਕੁਝ ਸਾਂਸਦਾਂ ਨੇ ਹਿੰਮਤ ਦਿਖਾ ਕੇ ਉਸ ਨੂੰ ਘੇਰ ਲਿਆ। ਇਸ ਦੌਰਾਨ ਮਾਰਸ਼ਲ ਵੀ ਦੌੜ ਕੇ ਆ ਗਏ। ਇਸ ਦੌਰਾਨ ਉਸ ਵਿਅਕਤੀ ਨੇ ਆਪਣੀਆਂ ਜੁੱਤੀਆਂ ਦੇ ਅੰਦਰੋਂ ਕੁਝ ਪਦਾਰਥ ਕੱਢਿਆ ਅਤੇ ਉੱਥੇ ਸੁੱਟ ਦਿੱਤਾ ਜਿਸ ਨਾਲ ਉਥੇ ਪੀਲੇ ਰੰਗ ਦਾ ਧੂੰਆਂ ਫੈਲ ਗਿਆ। ਬਾਅਦ ਵਿੱਚ ਸਾਂਸਦਾਂ ਅਤੇ ਮਾਰਸ਼ਲਾਂ ਨੇ ਦੋਵਾਂ ਨੂੰ ਫੜ ਲਿਆ। ਇਸ ਤੋਂ ਬਾਅਦ ਸਦਨ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਦਰਸ਼ਕ ਗੈਲਰੀ ਵਿੱਚ ਕੁੱਦੇ ਵਿਅਕਤੀਆਂ ਵਿੱਚੋਂ ਇੱਕ ਮੈਸੂਰ ਦੇ ਸਾਂਸਦ ਦੇ ਮਹਿਮਾਨ ਦੇ ਤੌਰ ਤੇ ਸੰਸਦ ਪਹੁੰਚਿਆ ਸੀ। ਉਸ ਦਾ ਨਾਮ ਸਾਗਰ ਦੱਸਿਆ ਜਾ ਰਿਹਾ ਹੈ। ਬਸਪਾ ਤੋਂ ਕੱਢੇ ਸਾਂਸਦ ਦਾਨਿਸ਼ ਅਲੀ ਨੇ ਵੀ ਦੱਸਿਆ ਕਿ ਫੜੇ ਗਏ ਨੌਜਵਾਨ ਦਾ ਨਾਮ ਸਾਗਰ ਹੈ। ਇੱਥੇ ਜਿਕਰਯੋਗ ਹੈ ਕਿ ਮੈਸੂਰ ਤੋਂ ਭਾਜਪਾ ਦੇ ਪ੍ਰਤਾਪ ਸਿਮਹਾ ਸਾਂਸਦ ਹਨ। ਬਸਪਾ ਸਾਂਸਦ ਮਲੂਕ ਨਾਗਰ ਨੇ ਦੱਸਿਆ ਕਿ ਉਹਨਾਂ ਦੀ ਸੀਟ ਦੇ ਨਾਲ ਹੀ ਅਚਾਨਕ ਇੱਕ ਨੌਜਵਾਨ ਦਰਸ਼ਕ ਗੈਲਰੀ ਤੋਂ ਕੁੱਦ ਗਿਆ। ਇਸੇ ਤੋਂ ਤੁਰੰਤ ਤੋਂ ਬਾਅਦ ਦੂਸਰਾ ਨੌਜਵਾਨ ਵੀ ਉਥੇ ਕੁੱਦਿਆ। ਦੋਵੇਂ ਨੌਜਵਾਨ ਤਾਨਾਸ਼ਾਹੀ ਨਹੀਂ ਚੱਲੇਗੀ ਦੇ ਨਾਹਰੇ ਲਗਾ ਰਹੇ ਸਨ। ਉਹਨਾਂ ਦੱਸਿਆ ਕਿ ਜਦੋਂ ਸਾਂਸਦਾਂ ਨੇ ਇੱਕ ਨੌਜਵਾਨ ਨੂੰ ਘੇਰ ਲਿਆ ਤਾਂ ਉਸ ਨੇ ਜੁੱਤੀ ਤੋਂ ਕੋਈ ਜਹਿਰੀਲੀ ਚੀਜ਼ ਕੱਢੀ ਜਿਸ ਨਾਲ ਧੂੰਆਂ ਉੱਠਣ ਲੱਗਿਆ। ਇੱਥੇ ਜਿਕਰਯੋਗ ਹੈ ਕਿ ਅੱਜ ਸੰਸਦ ਤੇ ਅੱਤਵਾਦੀ ਹਮਲੇ ਦੀ ਬਰਸੀ ਹੈ। 13 ਦਸੰਬਰ 2001 ਨੂੰ ਅੱਤਵਾਦੀਆਂ ਨੇ ਪੁਰਾਣੇ ਸੰਸਦ ਭਵਨ ਤੇ ਅੱਤਵਾਦੀ ਹਮਲਾ ਕੀਤਾ ਸੀ। ਘਟਨਾ ਤੋਂ ਬਾਅਦ ਕਈ ਸਾਂਸਦਾਂ ਨੇ ਸੰਸਦ ਵਿੱਚ ਇਸ ਘਟਨਾ ਨੂੰ ਸੁਰੱਖਿਆ ਵਿੱਚ ਵੱਡੀ ਚੂਕ ਦੱਸਦੇ ਹੋਏ ਸਰਕਾਰ ਨੂੰ ਗੰਭੀਰਤਾ ਦੇ ਨਾਲ ਕਾਰਵਾਈ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਦਿੱਲੀ ਪੁਲੀਸ ਨੇ ਸੰਸਦ ਭਵਨ ਦੇ ਬਾਹਰ ਪੀਲੇ ਧੂੰਏਂ ਦੇ ਕੈਨ ਨਾਲ ਪ੍ਰਦਰਸ਼ਨ ਕਰ ਰਹੇ ਇੱਕ ਆਦਮੀ ਅਤੇ ਇੱਕ ਔਰਤ ਨੂੰ ਅੱਜ ਹਿਰਾਸਤ ਵਿਚ ਲੈ ਲਿਆ। ਪੁਲੀਸ ਦੱਸਿਆ ਕਿ ਨੀਲਮ (42) ਅਤੇ ਅਮੋਲ ਸ਼ਿੰਦੇ (25) ਨੂੰ ਟਰਾਂਸਪੋਰਟ ਭਵਨ ਦੇ ਸਾਹਮਣੇ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
Loksabha-Incident-News-Breaking-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)