- ਰੰਗਲੇ ਪੰਜਾਬ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਲੋਕਾਂ ਦੇ ਸਹਿਯੋਗ ਦੀ ਸਖ਼ਤ ਲੋੜ - ਅਨਮੋਲ ਗਗਨ ਮਾਨ - ਸੂਫ਼ੀ ਫੈਸਟੀਵਲ ਹਰੇਕ ਸਾਲ ਮਾਲੇਰਕੋਟਲਾ ਵਿੱਚ ਕਰਾਉਣ ਦਾ ਐਲਾਨ - -ਜਸ਼ਨ-ਏ-ਸੂਫੀਆਨਾ ਕਲਾਮ- ਦੌਰਾਨ ਮਾਸਟਰ ਸਲੀਮ, ਸਰਦਾਰ ਅਲੀ ਸਮੇਤ ਫ਼ਨਕਾਰਾਂ ਨੇ ਕੀਤਾ ਲੋਕਾਂ ਦਾ ਮਨੋਰੰਜਨ - ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੂਫ਼ੀ ਸੰਗੀਤ ਨੂੰ ਪ੍ਰਫੁੱਲਿਤ ਕਰਨ ਲਈ ਸਥਾਨਕ ਸਰਕਾਰੀ ਕਾਲਜ ਵਿਖੇ ਕਰਵਾਇਆ ਗਿਆ ਚਾਰ ਰੋਜ਼ਾ ਸੂਫ਼ੀ ਫੈਸਟੀਵਲ ਬੇਹੱਦ ਸਫਲਤਾਪੂਰਵਕ ਨੇਪਰੇ ਚੜ੍ਹ ਗਿਆ। ਅੱਜ ਆਖ਼ਰੀ ਦਿਨ ਪੰਜਾਬ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ, ਅਨਮੋਲ ਗਗਨ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਨੂੰ ਸਹੀ ਅਰਥਾਂ ਵਿੱਚ ਰੰਗਲਾ ਪੰਜਾਬ ਬਣਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਇਸ ਪੰਜਾਬ ਵਿਚ ਸੂਫ਼ੀ ਸੰਗੀਤ, ਸਾਡਾ ਵਿਰਸਾ, ਵਿਰਾਸਤ, ਸੱਭਿਆਚਾਰ, ਪੁਰਾਤਨ ਖੇਡਾਂ ਅਤੇ ਭਾਈਚਾਰਕ ਸਾਂਝ ਵਰਗੇ ਹਰੇਕ ਰੰਗ ਹੋਣਗੇ। ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਲਈ ਪੰਜਾਬ ਸਰਕਾਰ ਨੂੰ ਲੋਕਾਂ ਦੇ ਸਹਿਯੋਗ ਦੀ ਸਖ਼ਤ ਲੋੜ ਹੈ। ਮਾਲੇਰਕੋਟਲਾ ਦੀ ਧਰਤੀ ਨੂੰ ਗੁਰੂ ਨਾਨਕ ਦੇਵ ਜੀ ਦੇ ਭਾਈਚਾਰਕ ਸਾਂਝ ਅਤੇ ਬਰਕਤਾਂ ਵਾਲੀ ਧਰਤੀ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਸਿੱਖ ਕੌਮ ਨਵਾਬ ਸ਼ੇਰ ਮੁਹੰਮਦ ਜੀ ਦੀ ਹਮੇਸ਼ਾਂ ਹੀ ਰਿਣੀ ਹੈ ਜਿੰਨਾ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਰੋਕਣ ਲਈ ਹਾਅ ਦਾ ਨਾਅਰਾ ਬੁਲੰਦ ਕੀਤਾ ਸੀ। ਉਹਨਾਂ ਕਿਹਾ ਕਿ ਇਸ ਸ਼ਹਿਰ ਦਾ ਇਤਿਹਾਸ ਸੂਫ਼ੀਵਾਦ ਨਾਲ ਜੁੜਦਾ ਹੈ। ਇਸੇ ਕਰਕੇ ਇਹ ਫੈਸਟੀਵਲ ਇਸ ਸ਼ਹਿਰ ਨੂੰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਸੂਫ਼ੀਵਾਦ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦਾ ਉਪਰਾਲਾ ਹੈ। ਇਸ ਤੋਂ ਇਲਾਵਾ ਸਥਾਨਕ ਛੋਟੇ ਕਾਰੋਬਾਰੀਆਂ ਨੂੰ ਉਤਾਂਹ ਚੁੱਕਣ ਦੀ ਕੋਸ਼ਿਸ਼ ਹੈ। ਉਹਨਾਂ ਐਲਾਨ ਕੀਤਾ ਕਿ ਸੂਫ਼ੀ ਫੈਸਟੀਵਲ ਹਰੇਕ ਸਾਲ ਮਾਲੇਰਕੋਟਲਾ ਸ਼ਹਿਰ ਵਿੱਚ ਹੋਇਆ ਕਰੇਗਾ। ਉਹਨਾਂ ਕਿਹਾ ਕਿ ਲੋਕਲ ਘਰਾਣੇ ਦੀਆਂ ਗਾਇਨ ਸ਼ੈਲੀਆਂ, ਕੱਵਾਲੀਆਂ, ਸੂਫੀਆਨਾ ਕਲਾਮ, ਮੁਸ਼ਾਇਰੇ, ਜਸ਼ਨ ਸੂਫੀਆਨਾ ਸਥਾਨਕ ਲੋਕ ਚੰਗੀ ਤਰ੍ਹਾਂ ਮਹਿਸੂਸ ਕਰ ਸਕਦੇ ਹਨ। ਸਾਡੀ ਕੋਸ਼ਿਸ਼ ਹੈ ਕਿ ਇਸ ਸਭ ਤੋਂ ਪੂਰਾ ਪੰਜਾਬ ਵਾਕਿਫ਼ ਹੋਵੇ। ਇਹ ਫੈਸਟੀਵਲ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਕੁਝ ਦੇ ਕੇ ਜਾਵੇਗਾ। ਸਾਡੀ ਤਾਂ ਵਿਰਾਸਤ ਹੀ ਸੂਫ਼ੀ ਗਾਇਕੀ ਅਤੇ ਸੰਗੀਤ ਹੈ। ਸੂਫ਼ੀ ਸੰਗੀਤ ਆਤਮਾ ਦਾ ਸਕੂਨ ਹੈ। ਸੂਫ਼ੀ ਗਾਇਕੀ ਸਾਡੇ ਦੇਸ਼ ਦੀ ਅਮੀਰ ਵਿਰਾਸਤ ਦਾ ਅਨਮੋਲ ਹਿੱਸਾ ਹੈ। ਇਸ ਬਾਰੇ ਸਾਡੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਹੈ। ਅੱਜ ਜੇਕਰ ਪੰਜਾਬ ਸਰਕਾਰ ਨੇ ਇਹ ਉਪਰਾਲਾ ਕੀਤਾ ਹੈ ਤਾਂ ਤੁਹਾਨੂੰ, ਖਾਸ ਕਰਕੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਦਾ ਸਾਥ ਦੇਣਾ ਪਵੇਗਾ। ਅਜਿਹੇ ਸਮਾਗਮ ਇਕ ਲਹਿਰ ਬਣਨੇ ਚਾਹੀਦੇ ਹਨ। ਪੰਜਾਬ ਸਰਕਾਰ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਕਰਵਾਏਗੀ। ਨੌਜਵਾਨਾਂ ਨੂੰ ਅਪੀਲ ਹੈ ਕਿ ਉਹ ਚੰਗਾ ਸੰਗੀਤ ਸੁਣਨ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕਰਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੈਰ ਸਪਾਟੇ ਤੇ ਸੱਭਿਆਚਾਰ ਨੂੰ ਹੋਰ ਵਧੇਰੇ ਵਧਾਵਾ ਦੇਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਐਡਵੈਂਚਰ ਟੂਰਿਜ਼ਮ ਪਾਲਿਸੀ 2023 ਅਤੇ ਪੰਜਾਬ ਵਾਟਰ ਟੂਰਿਜ਼ਮ ਪਾਲਿਸੀ 2023 ਲਾਂਚ ਕੀਤੀ ਗਈ ਉੱਥੇ ਸੂਬੇ ਵਿਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਟੂਰਿਜ਼ਮ ਸਮਿਟ ਅਤੇ ਟਰੈਵਲ ਮਾਰਟ ਕਰਵਾਇਆ ਗਿਆ। ਉਹਨਾਂ ਕਿਹਾ ਕਿ ਮਾਲੇਰਕੋਟਲਾ ਵਿਖੇ ਕਰਵਾਏ ਜਾ ਰਹੇ ਸੂਫ਼ੀ ਫੈਸਟੀਵਲ ਦੀ ਤਰ੍ਹਾਂ ਹੀ ਜਨਵਰੀ ਮਹੀਨੇ ਵਿੱਚ ਮੁਕਤਸਰ ਸਾਹਿਬ ਵਿਖੇ ਮਾਘੀ, ਫਿਰੋਜ਼ਪੁਰ ਵਿਖੇ ਬਸੰਤ ਉਤਸਵ ਅਤੇ ਰੰਗਲਾ ਪੰਜਾਬ ਮੇਲਾ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਪੂਰਥਲਾ ਹੈਰੀਟੇਜ ਫੈਸਟੀਵਲ, ਬਠਿੰਡਾ ਵਿਚ ਵਿਸਾਖੀ ਮੇਲਾ, ਪਟਿਆਲਾ ਹੈਰੀਟੇਜ ਫੈਸਟੀਵਲ, ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਅਤੇ ਲੁਧਿਆਣਾ ਵਿਚ ਕਿਲ੍ਹਾ ਰਾਏਪੁਰ ਵਿਖੇ ਪੇਂਡੂ ਖੇਡਾਂ ਵੀ ਕਰਵਾਈਆਂ ਜਾ ਰਹੀਆਂ ਹਨ, ਜਿੱਥੇ ਪੰਜਾਬੀ ਸਭਿਆਚਾਰ ਦੇ ਸਾਰੇ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਾਡੀ ਸਰਕਾਰ ਵੱਖ-ਵੱਖ ਮੇਲਿਆਂ ਦਾ ਵੀ ਆਯੋਜਨ ਕਰਵਾ ਰਹੀ ਹੈ। ਸਾਲ ਭਰ ਸੂਬੇ ਵਿੱਚ 24 ਮੇਲੇ ਲਗਾਏ ਜਾਣਗੇ। ਸਰਕਾਰ ਨੇ ਨਵੀਂ ਪਹਿਲਕਦਮੀ ਕਰਦਿਆਂ ਤਰਨਤਾਰਨ ਜ਼ਿਲ੍ਹੇ ਦੇ ਚੋਹਲਾ ਸਾਹਿਬ ਵਿਖੇ ਰੁਸਤਮ ਏ ਹਿੰਦ ਪਹਿਲਵਾਨ ਦਾਰਾ ਸਿੰਘ ਦੀ ਯਾਦ ਵਿਚ ਛਿੰਝ ਮੇਲਾ ਕਰਵਾਇਆ ਗਿਆ। ਜਿਸ ਵਿਚ ਦੇਸ ਦੇ ਵੱਖ ਵੱਖ ਰਾਜਾਂ ਤੋ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਤੋਂ ਬਾਅਦ ਉਹਨਾਂ ਨੇ ਵੱਖ ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਕਲਾਕਾਰਾਂ ਦੀ ਕਲਾ ਦੀ ਤਾਰੀਫ਼ ਕੀਤੀ। ਇਸ ਤੋਂ ਪਹਿਲਾਂ ਮਾਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਓਰ ਰਹਿਮਾਨ ਨੇ ਕੈਬਨਿਟ ਮੰਤਰੀ ਅਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਇਸ ਫੈਸਟੀਵਲ ਦੀ ਮੇਜ਼ਬਾਨੀ ਰਿਆਸਤੀ ਸ਼ਹਿਰ ਮਾਲੇਰਕੋਟਲਾ ਨੂੰ ਦੇਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਨਾਲ ਸ਼ਹਿਰ ਵਾਸੀਆਂ ਦਾ ਮਾਣ ਵਧਿਆ ਹੈ। ਉਹਨਾਂ ਕਿਹਾ ਕਿ ਮਾਲੇਰਕੋਟਲਾ ਦੀ ਧਰਤੀ ਹਰੇਕ ਵਰਗ ਦੇ ਲੋਕਾਂ ਵਿੱਚ ਆਪਸੀ ਪਿਆਰ, ਏਕਤਾ ਅਤੇ ਸਦਭਾਵਨਾ ਦੀ ਮੁੱਦਈ ਹੈ। ਇਸ ਤੋਂ ਪਹਿਲਾਂ -ਜਸ਼ਨ-ਏ-ਸੂਫੀਆਨਾ ਕਲਾਮ - ਦੌਰਾਨ ਮਾਸਟਰ ਸਲੀਮ, ਸਰਦਾਰ ਅਲੀ, ਪਰਵੇਜ਼ ਝਿੰਜਰ, ਆਬਿਦ ਅਲੀ, ਅਰਹਮ ਇਕਬਾਲ ਅਤੇ ਮੁਹੰਮਦ ਅਨੀਸ਼ ਨੇ ਆਪਣੇ ਹੁਨਰ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਡਾਕਟਰ ਪੱਲਵੀ, ਸ਼੍ਰੀ ਸੰਯਮ ਅਗਰਵਾਲ ਅਤੇ ਸ਼੍ਰੀਮਤੀ ਸ਼ੇਨਾ ਅਗਰਵਾਲ ਦੋਵੇਂ ਆਈ ਏ ਐਸ, ਸ੍ਰ ਹਰਕਮਲਪ੍ਰੀਤ ਸਿੰਘ ਖੱਖ ਜ਼ਿਲ੍ਹਾ ਪੁਲਿਸ ਮੁਖੀ, ਸ਼੍ਰੀ ਰਾਕੇਸ਼ ਪੋਪਲੀ ਸਹਾਇਕ ਡਾਇਰੈਕਟਰ ਸੈਰ ਸਪਾਟਾ ਵਿਭਾਗ, ਸਾਕਿਬ ਅਲੀ ਰਾਜਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਲਤੀਫ਼ ਅਹਿਮਦ ਥਿੰਦ ਸੀ ਈ ਓ ਪੰਜਾਬ ਵਕਫ਼ ਬੋਰਡ, ਸ਼੍ਰੀਮਤੀ ਪਰਮਿੰਦਰ ਕੌਰ ਮੰਡੇਰ ਅਤੇ ਹੋਰ ਕਈ ਹਾਜ਼ਰ ਸਨ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)